ਨਵੇਂ ਸਾਲ ਦਾ ਜਸ਼ਨ ਮਨਾਈਏ,
ਚੱਲ ਨੱਥ ਮਹਿੰਗਾਈ ਨੂੰ ਪਾਈਏ,
ਦਾਲ ਰੋਟੀ ਘਰ ਦੀ
ਦੀਵਾਲੀ ਅੰਮ੍ਰਿਤਸਰ ਦੀ
ਇਹ ਕਹਾਵਤ ਸੱਚ ਕਰ ਜਾਈਏ।
ਖ਼ਰਚ ਨੂੰ ਛੱਡ ਕੇ ਪਿੱਛੇ
ਰਲ ਮਿਲ ਸਾਰੇ ਜਸ਼ਨ ਮਨਾਈਏ,
ਨਵੇਂ ਸਾਲ ਦਾ ਜਸ਼ਨ ਮਨਾਈਏ।
ਵਿਆਹਾਂ ਦੇ ਖ਼ਰਚੇ ਘਟਾਈਏ
ਨਾ ਵੱਡੀ ਜੰਝ ਬਰਾਤੇ ਆਵੇ
ਨਾ ਕੋਈ ਬਾਪੂ ਕਰਜ਼ਾ ਚੁੱਕੇ
ਨਾ ਕੋਈ ਧੀ ਕਿਸੇ ਦੀ ਫੂਕੇ
ਕਿਸੇ ਦਾ ਮੁੰਡਾ ਕਿਸੇ ਦੀ ਧੀ
ਤੂੰ ਦੱਸ ਵਿਚੋਂ ਲੈਣਾ ਕੀ?
ਨਾ ਵਿਚ ਕੋਈ ਵਿਚੋਲਾ ਪਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ।
ਨਾ ਕੋਈ ਦਾਜ ਨਾ ਦਹੇਜ
ਨਾ ਕੋਈ ਕੁਰਸੀ ਨਾ ਕੋਈ ਮੇਜ਼
ਤੇਰੇ ਗੁਤ ਨੀ ਮੈਂ ਕਰਦਾ ਜੂੜਾ
ਤੂੰ ਮੇਰੀ ਸਿੱਖਿਆ ਮੈਂ ਤੇਰਾ ਸਿਹਰਾ
ਨਾ ਕੋਈ ਵਾਜਾ ਨਾ ਕੋਈ ਡੰਮ ਡੰਮ
ਆਜਾ ਦੋਨੋਂ ਨੱਚੀਏ ਛੰਮ ਛੰਮ
ਆਪੇ ਕੱਢੀਏ ਰੋਜ਼ਗਾਰ ਦੇ ਮੌਕੇ
ਮੱਕੀ ਦੀ ਰੋਟੀ ਆਲੂ ਦੇ ਪਰੌਂਠੇ
ਨੌਕਰੀ ਨਹੀਂ ਤਾਂ ਪਾਈਏ ਢਾਬਾ
ਨਾ ਕਿਸੇ ਦੀ ਝਿੜਕ ਨਾ ਕਿਸੇ ਦਾ ਦਾਬਾ
ਆਲੂ ਮਟਰਾਂ ਨਾਲ ਗੋਭੀ ਰਲਗੀ
ਦਾਲ ਮਾਂਹ ਦੀ ਮੁਰਗ਼ੇ ਵਰਗੀ
ਤੜਕਾ ਲਸਣ ਦਾ ਅਸੀਂ ਲਾਈਏ
ਨਵੇਂ ਸਾਲ ਦਾ ਜਸ਼ਨ ਮਨਾਈਏ।
ਛੋਟਾ ਪਰਿਵਾਰ ਸੁਖੀ ਪਰਿਵਾਰ
ਦੇਸ਼ ਦੀ ਸਰਕਾਰ ਤੇ ਨਾ ਪਾਈਏ ਭਾਰ
ਆਪਣਾ ਖਰਚਾ ਆਪ ਉਠਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ
ਆਓ ਭਿ੍ਰਸ਼ਟਾਚਾਰ ਘਟਾਈਏ
ਰਿਸ਼ਵਤਖ਼ੋਰੀ ਜੜੋਂ ਮਿਟਾਈਏ
ਸੁੱਤੀ ਰਾਜਨੀਤੀ ਜਗਾਈਏ
ਬੁੱਢੀ ਦੀ ਥਾਂ ਨੌਜਵਾਨ ਨੇਤਾ ਲਿਆਈਏ
ਜੋਸ਼ ਨਾਲ ਫਿਰ ਜੋ ਨੇ ਅਧੂਰੇ
ਸਾਰੇ ਹੀ ਅਸੀਂ ਕੰਮ ਕਰ ਜਾਈਏ
ਦੇਸ਼ ਨੂੰ ਤਰੱਕੀ ਦਾ ਰਾਹ ਦਿਖਾਈਏ
ਨਵੇਂ ਸਾਲ ਦਾ ਜਸ਼ਨ ਮਨਾਈਏ
ਨਾ ਇਥੇ ਕੋਈ ਸੌਵੇਂ ਭੁੱਖਾ
‘ਭੱਟ’ ਗ਼ਰੀਬੀ ਨੂੰ ਅਸੀਂ ਜੜੋਂ ਮਿਟਾਈਏ।
 Punjab Post Daily Online Newspaper & Print Media
Punjab Post Daily Online Newspaper & Print Media
				 
			 ਹਰਮਿੰਦਰ ਸਿੰਘ ਭੱਟ
ਹਰਮਿੰਦਰ ਸਿੰਘ ਭੱਟ 
			 
						
					 
						
					 
						
					