Tuesday, April 30, 2024

ਪੰਜਾਬ ਸਰਕਾਰ ਵੱਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ- ਕਾਹਨ ਸਿੰਘ ਪਨੂੰ

ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਨੇ ਜ਼ਹਿਰ ਮੁਕਤ ਬਾਸਮਤੀ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਕੀਤਾ ਐਲਾਨ

PPN2107201812  ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਸਰਹੱਦੀ ਖੇਤਰ ਦੀ ਬਾਸਮਤੀ, ਜੋ ਕਿ ਅੰਤਰਰਾਸ਼ਟਰੀ ਮੰਡੀ ਵਿਚ ਚੰਗੀ ਪਛਾਣ ਬਣਾ ਗਈ ਸੀ, ਦੇ ਵਪਾਰ ਨੂੰ ਮੁੜ ਲੀਹ ’ਤੇ ਪਾਉਣ ਲਈ ਪੰਜਾਬ ਸਰਕਾਰ ਨੇ ਬਾਸਮਤੀ ਦੀ ਬਿਜਾਈ ਦੇ ਨਾਲ ਹੀ ਕਮਰ ਕੱਸ ਲਈ ਹੈ।ਅੱਜ ਖੇਤੀਬਾੜੀ ਵਿਭਾਗ ਦੇ ਸੈਕਟਰੀ ਕਾਹਨ ਸਿੰਘ ਪਨੂੰ, ਜੋ ਕਿ ਕਿਰਸਾਨੀ ਦੀ ਬਾਂਹ ਫੜਨ ਵਾਲੇ ਅਧਿਕਾਰੀ ਸਮਝੇ ਜਾਂਦੇ ਹਨ, ਦੀ ਅਗਵਾਈ ਹੇਠ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕਿਸਾਨਾਂ ਨੂੰ ਇਹ ਦਵਾਈਆਂ ਵੇਚਦੇ ਡੀਲਰਾਂ ਤੇ ਦੁਕਾਨਦਾਰਾਂ ਨਾਲ ਵਿਚਾਰ-ਚਰਚਾ ਕੀਤੀ ਗਈ।ਇਸ ਵਿਚ ਮਾਹਿਰਾਂ ਨੇ ਕਿਸਾਨਾਂ ਵੱਲੋਂ ਵੇਖਾ-ਵੇਖੀ ਜਾਂ ਦੁਕਾਨਦਾਰਾਂ ਦੇ ਮਗਰ ਲੱਗ ਕੇ ਪਾਈਆਂ ਜਾਂਦੀਆਂ ਕੀਟਨਾਸ਼ਕ ਦਵਾਈਆਂ ਨਾਲ ਪ੍ਰਭਾਵਿਤ ਹੋਏ ਅੰਤਰਰਾਸ਼ਟਰੀ ਵਪਾਰ ਦਾ ਹਵਾਲਾ ਦਿੰਦੇ ਕਿਹਾ ਕਿ ਜੇਕਰ ਤੁਸੀਂ ਇਸੇ ਤਰਾਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸਾਂ ਨੂੰ ਅਣਗੌਲਿਆ ਕਰਕੇ ਆਪਣੇ ਛੋਟੇ ਜਿਹੇ ਕਮਿਸ਼ਨ ਦੀ ਖਾਤਰ ਦਵਾਈਆਂ ਵੇਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਤੁਹਾਡੀ ਦੁਕਾਨ ਤੋਂ ਗਏ ਮਾਲ ਦੇ ਪੈਸੇ ਕਿਸਾਨ ਨੇ ਆਪਣੇ ਨੁਕਸਾਨ ਦੀ ਖਾਤਰ ਦੇ ਨਹੀਂ ਸਕਣੇ ਅਤੇ ਤੁਹਾਡੇ ਲੱਖਾਂ-ਕਰੋੜਾਂ ਰੁਪਏ ਦਾ ਵਪਾਰ ਡੁੱਬ ਕੇ ਰਹਿ ਜਾਵੇਗਾ।ਪਨੂੰ ਨੇ ਦੱਸਿਆ ਕਿ ਬਾਸਮਤੀ ਦਾ 50 ਹਜ਼ਾਰ ਕਰੋੜ ਰੁਪਏ ਤੋ ਵੱਧ ਦਾ ਐਕਸਪੋਰਟ ਦਾ ਵਪਾਰ ਹੈ, ਜੇਕਰ ਅਸੀ ਹੁਣ ਵੀ ਨਾ ਸਮਝੇ ਤਾਂ ਇਹ ਵਪਾਰ ਬਰਬਾਦ ਹੋ ਕੇ ਰਹਿ ਜਾਵੇਗਾ।ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਉਦੇ ਚਾਰ ਮਹੀਨਿਆਂ ਵਿਚ ਬਾਸਮਤੀ ਨੂੰ ਜ਼ਹਿਰ ਮੁਕਤ ਕਰਨ ਦਾ ਪ੍ਰਣ ਲੈਣ।PPN2107201811
             ਖੇਤੀ ਮਾਹਿਰਾਂ ਨੇ ਦੱਸਿਆ ਕਿ ਬਿਨਾਂ ਸੋਚੇ-ਸਮਝੇ ਪਾਈਆਂ ਦਵਾਈਆਂ ਦੇ ਅੰਸ਼ ਬਾਸਮਤੀ ਦੇ ਚੌਲਾਂ ਵਿਚ ਆਉਣ ਕਾਰਨ ਪਿਛਲੇ ਸਾਲਾਂ ਵਿਚ ਅੰਤਰਰਾਸ਼ਟੀ ਗਾਹਕ ਨਹੀਂ ਪਿਆ, ਜਿਸ ਕਾਰਨ ਕਿਸਾਨ ਨੂੰ ਪੈਸੇ ਪੂਰੇ ਨਹੀਂ ਮਿਲੇ।ਕਾਹਨ ਸਿੰਘ ਪੰਨੂੰ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨ ਨੂੰ ਬਾਸਮਤੀ ’ਤੇ ਸਪਰੇਅ ਲਈ ਟ੍ਰਾਈਸਾਈਕਲਾਜੋਲ, ਐਸੀਫੇਟ, ਟ੍ਰਾਈਐਜੋਫਾਸ, ਡਾਇਆਮਿਥੋਕਸਮ ਅਤੇ ਕਾਰਬੈਂਡਾਜਿਮ ਰਸਾਇਣ ਹਰਗਿਜ ਨਾ ਵੇਚੋ, ਕਿਉਂਕਿ ਇਨਾਂ ਦੇ ਅੰਸ਼ ਚੌਲਾਂ ਤੱਕ ਚਲੇ ਜਾਂਦੇ ਹਨ, ਜੋ ਕਿ ਅੰਤਰਰਾਸ਼ਟਰੀ ਵਪਾਰ ਲਈ ਵੱਡਾ ਰੋੜਾ ਬਣਦੇ ਹਨ। ਉਨਾਂ ਕਿਹਾ ਕਿ ਭਾਵੇਂ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ, ਪਰ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਉਹ ਕੀਟਨਾਸ਼ਕ ਦੀ ਖਰੀਦ ਵੇਲੇ ਦੁਕਾਨਦਾਰ ਦੀ ਗੱਲ ਵਿਚ ਆ ਜਾਂਦਾ ਹੈ, ਜਿਸ ਨਾਲ ਕਈ ਵਾਰ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਿਫਾਰਸ ਨੂੰ ਅਣਗੌਲੇ ਕਰ ਲੈਂਦਾ ਹੈ ਅਤੇ ਥੋੜ੍ਹੇ ਜਿਹੇ ਕਿਸਾਨਾਂ ਵੱਲੋਂ ਕੀਤੀ ਇਹ ਗਲਤੀ ਸਾਰੇ ਵਪਾਰ ਨੂੰ ਰੋਕ ਦਿੰਦੀ ਹੈ।
       ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਆਪਣੇ ਸੰਬੋਧਨ ਵਿਚ ਮਾਹਿਰਾਂ ਦੀ ਰੈਅ ਨਾਲ ਹੁੰਗਾਰਾ ਭਰਦੇ ਕਿਹਾ ਕਿ ਦਵਾਈ ਵਿਕਰੇਤਾ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਅਤੇ ਆਪ ਮਾਹਿਰਾਂ ਨਾਲ ਤੁਰਨ, ਨਾ ਕਿ ਸਾਨੂੰ ਸਖਤੀ ਕਰਨ ਦਾ ਮੌਕਾ ਦੇਣ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦਾ ਧਿਆਨ ਵੀ ਰੱਖਣ ਅਤੇ ਵਾਤਾਵਰਣ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਨ। PPN2107201813
              ਇਸ ਮੌਕੇ ਸੰਬੋਧਨ ਕਰਦੇ ਪੰਜਾਬ ਰਾਈਸ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰਪਾਲ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਐਲਾਨ ਕੀਤਾ ਕਿ ਅਸੀਂ ਇਸ ਵਾਰ ਜ਼ਹਿਰ ਮੁਕਤ ਬਾਸਮਤੀ ਦਾ ਭਾਅ ਮੌਜੂਦਾ ਰੇਟ ਨਾਲੋਂ 500 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਦੇਵਾਂਗੇ, ਕਿਉਂਕਿ ਇਸ ਦੀ ਮਾਰਕੀਟ ਵਿਦੇਸ਼ਾਂ ਵਿਚ ਜ਼ਿਆਦਾ ਹੈ। ਡਾਇਰੈਕਟਰ ਖੇਤੀਬਾੜੀ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪਾਬੰਦੀਸ਼ੁਦਾ ਦਵਾਈ ਦੀ ਸਪਰੇਅ ਨਾ ਕੀਤੀ ਜਾਵੇ ਤਾਂ ਕਿਸਾਨ ਨੂੰ ਇਸੇ ਤਰਾਂ ਵੱਧ ਕੀਮਤ ਯਕੀਨੀ ਮਿਲੇਗੀ, ਜਿਸਦਾ ਲਾਭ ਸਾਰੀ ਅਰਥਵਿਵਸਥਾ ’ਤੇ ਪਵੇਗਾ।ਉਨਾਂ ਦੱਸਿਆ ਕਿ ਇਸ ਵਾਰ 5 ਲੱਖ ਹੈਕਟੇਅਰ ਰਕਬਾ ਬਾਸਮਤੀ ਅਧੀਨ ਹੈ ਅਤੇ 40 ਲੱਖ ਟਨ ਬਾਸਮਤੀ ਦੇ ਨਿਰਯਾਤ ਹੋਣ ਦੀ ਆਸ ਹੈ।
              ਮੁੱਖ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਇਕੱਲੇ ਅੰਮ੍ਰਿਤਸਰ ਜਿਲ੍ਹੇ ਵਿਚ 80 ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਹੇਠ ਹੈ ਅਤੇ ਅਸੀਂ ਡੀਲਰਾਂ, ਦੁਕਾਨਦਾਰਾਂ ਤੇ ਕਿਸਾਨਾਂ ਨੂੰ ਸਮਝਾ ਕੇ ਇਸ ਵਾਰ ਐਕਸਪੋਰਟ ਵਿਚ ਵਾਧਾ ਕਰਨਾ ਯਕੀਨੀ ਬਣਾਵਾਂਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਯੁਕਤ ਡਾਇਰੈਕਟਰ ਪੌਦ ਸੁਰੱਖਿਆ ਸੁਖਦੇਵ ਸਿੰਘ ਸੰਧੂ, ਡਾ. ਰਿਤੇਸ਼ ਸ਼ਰਮਾ ਸੀਨੀਅਰ ਸਾਇੰਸਦਾਨ ‘ਅਪੀਡਾ’, ਖੇਤੀ ਯੂਨੀਵਰਸਿਟੀ ਤੋਂ  ਡਾ. ਅਮਰਜੀਤ ਸਿੰਘ ਤੇ ਡਾ. ਗੁਰਮੀਤ ਸਿੰਘ ਨੇ ਵੀ ਜ਼ਹਿਰਾਂ ਦੀ ਵਰਤੋਂ ਬਿਨਾਂ ਸਿਫਾਰਸ਼ ਦੇ ਨਾ ਕਰਨ ਦੀ ਸਲਾਹ ਦਿੱਤੀ।  

 

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply