ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਸੂਬਿਆਂ ਅੰਦਰ ਆਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਉਤਰ ਪ੍ਰਦੇਸ਼ ਦੇ ਕਾਨ੍ਹਪੁਰ ਵਿਖੇ ਬੀਤੀ ਰਾਤ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।ਸ੍ਰੀ ਗੁਰੂ ਸਿੰਘ ਸਭਾ ਕਾਨ੍ਹਪੁਰ, ਸਮੂਹ ਸਭਾ ਸੁਸਾਇਟੀਆਂ ਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਸਥਾਨਕ ਮੋਤੀ ਝੀਲ ਵਿਖੇ ਸਜਾਏ ਖੁੱਲ੍ਹੇ ਪੰਡਾਲ ਵਿਚ ਹੋਏ ਇਸ ਸਮਾਗਮ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਸਥਾਨਕ ਆਗੂਆਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਹਿਲੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਸਮੁੱਚੇ ਵਿਸ਼ਵ ਲਈ ਕਲਿਆਣਕਾਰੀ ਦੱਸਿਆ।ਉਨ੍ਹਾਂ ਕਾਨ੍ਹਪੁਰ ਦੀਆਂ ਸੰਗਤਾਂ ਵੱਲੋਂ ਗੁਰਮਤਿ ਸਮਾਗਮ ਲਈ ਦਿੱਤੇ ਭਰਵੇਂ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ’ਚ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਮਾਜ ਸੁਧਾਰ ਲਈ ਮਹੱਤਵਪੂਰਨ ਹਨ, ਇਹ ਵਿਸ਼ਵ ਮਾਨਵ ਲਈ ਇਕਸਾਰ ਹਨ।
ਇਸ ਤੋਂ ਪਹਿਲਾਂ ਗਿਆਨੀ ਜਗਤਾਰ ਸਿੰਘ ਨੇ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿਚ ਕਥਾ ਵਿਚਾਰਾਂ ਕੀਤੀਆਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ, ਭਾਈ ਸਤਨਾਮ ਸਿੰਘ ਤੇ ਭਾਈ ਮੁਖਤਿਆਰ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸਿੰਘ ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ, ਸੁਖਵਿੰਦਰ ਸਿੰਘ ਭੱਲਾ, ਗੁਰਪਾਲ ਸਿੰਘ, ਹਰਵਿੰਦਰ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਉਜਾਗਰ ਸਿੰਘ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਪੀ.ਏ, ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ, ਬਿਕਰਮਜੀਤ ਸਿੰਘ, ਭਾਈ ਜਗਤ ਸਿੰਘ, ਪ੍ਰਚਾਰਕ ਭਾਈ ਦਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਅਰਜਨ ਸਿੰਘ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …