ਚੰਡੀਗੜ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਜ਼ੋਰ ਦੇ ਕੇ ਕਿਹਾ ਹੈ ਕਿ ਸ੍ਰੀ
ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ‘ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਅਤੇ ਇਹ ਨਿਰਾਦਰੀ ਕਰਨ ਦੇ ਦੋਸ਼ੀਆਂ ਵਿਰੁੱਧ ਸਿੱਖ ਪੰਪਰਾਵਾਂ ਅਤੇ ਮਰਯਾਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਬਾਜਵਾ ਨੇ ਕਿਹਾ, “ਸਿੱਖ ਗੁਰੂ ਸਾਹਿਬਾਨ ਵਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ, ਪਰ ਮਾਲਕ ਨਹੀਂ।ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ।“ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀ.ਵੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ ‘ਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਦਾਅਵਾ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁੱਲ ਉਲਟ ਹੈ ਤੇ ਇਹ ਦਾਅਵਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ।
ਬਾਜਵਾ ਨੇ ਸ਼੍ਰੋਮਣੀ ਕਮੇਟੀ ਵਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਕਿਸੇ ਟੀ.ਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੁੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਇਸ ਦੀ ਜ਼ਿੰਮੇਵਾਰੀ ਹੈ।ਇਸ ਲਈ ਉਹ ਅੱਗੇ ਕਿਸੇ ਹੋਰ ਅਦਾਰੇ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਵੇਂ ਵੇਚ ਸਕਦੀ ਹੈ ਅਤੇ ਉਹ ਵੀ ਨਿਰੋਲ ਮੁਨਾਫ਼ਾ ਕਮਾਉਣ ਵਾਲੇ ਇੱਕ ਨਿੱਜੀ ਵਪਾਰਕ ਅਦਾਰੇ ਨੂੰ।ਉਹਨਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ।
ਪੰਚਾਇਤ ਮੰਤਰੀ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਆਪਣੇ ਹੋਰ ਕਾਰੋਬਾਰਾਂ ਵਾਂਗ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਵੀ ਆਪਣਾ ਇੱਕ ਨਵਾਂ ਕਾਰੋਬਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ‘ਤੇ ਦਬਾਅ ਪਾ ਕੇ ਆਪਣੀ ਮਾਲਕੀ ਵਾਲੇ ਟੀ.ਵੀ ਚੈਨਲ ਨੂੰ ਪ੍ਰਸਾਰਨ ਦੇ ਹੱਕ ਦਿਵਾਏ।
ਬਾਜਵਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ ਕਿ ਉਹ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਟੀ.ਵੀ ਚੈਨਲਾਂ ਅਤੇ ਡਿਜ਼ੀਟਲ ਮੀਡੀਆ ਅਦਾਰਿਆਂ ਨੂੰ ਸਹੂਲਤ ਪ੍ਰਦਾਨ ਕਰਨ ਦਾ ਬੰਦੋਬਸਤ ਕਰੇ।ਉਹਨਾਂ ਕਿਹਾ ਕਿ ਇਸ ਨਾਲ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਨੁੰ ਘਰ-ਘਰ ਪਹੁੰਚਾਉਣ ਵਿਚ ਵੀ ਮਦਦ ਮਿਲੇਗੀ ਅਤੇ ਕਿਸੇ ਇੱਕ ਚੈਨਲ ਜਾਂ ਅਦਾਰੇ ਨੂੰ ਪ੍ਰਸਾਰਨ ਦੇ ਹੱਕ ਦੇਣ ਦਾ ਮਾਮਲਾ ਵੀ ਨਜਿਠਿਆ ਜਾਵੇਗਾ।
ਉਹਨਾਂ ਕਿਹਾ ਕਿ ਪੂਰੇ ਸਿੱਖ ਪੰਥ ਦੀ ਸੱਤਰਵਿਆਂ ਦੇ ਦਹਾਕੇ ਤੋਂ ਇਹ ਤੀਬਰ ਤਾਂਘ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ ਅਤੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਵਪਾਰ ਬਣਾਉਣਾ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਬਿਲਕੁੱਲ ਉਲਟ ਹੈ।ਕੇਬਲ ਟੀ.ਵੀ ਸ਼ੁਰੂ ਹੋਣ ਸਮੇਂ ਸ਼੍ਰੋਮਣੀ ਕਮੇਟੀ ਨੇ ਇਹ ਕਿਹਾ ਸੀ ਕਿ ਉਹ ਅਜਿਹਾ ਪ੍ਰਬੰਧ ਕਰੇਗੀ ਜਿਸ ਨਾਲ ਮਿਥੀ ਗਈ ਮਰਯਾਦਾ ਨੂੰ ਮੰਨਣ ਵਾਲੇ ਸਾਰੇ ਟੀ.ਵੀ ਅਤੇ ਰੇਡੀਓ ਚੈਨਲਾਂ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਮੁਫ਼ਤ ਸਿਗਨਲ ਮੁਹੱਈਆ ਕਰਵਾਇਆ ਜਾਵੇਗਾ।ਪਰ ਬਾਦਲ ਪਰਿਵਾਰ ਦੇ ਦਬਾਅ ਹੇਠ ਇਹ ਤਜਵੀਜ ਛੱਡ ਕੇ ਉਹਨਾਂ ਦੇ ਟੀ.ਵੀ ਚੈਨਲ ਨੂੰ ਸਾਰੇ ਹੱਕ ਦੇ ਦਿੱਤੇ ਗਏ।
ਬਾਜਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵਲੋਂ ਮਾਲਕੀ ਵਾਲੇ ਟੀ.ਵੀ ਚੈਨਲ ਨਾਲ ਕੀਤੇ ਗਏ ਸਮਝੌਤੇ ਨੂੰ ਜਨਤਕ ਕਰਨ ਤਾਂ ਕਿ ਪੂਰੇ ਸਿੱਖ ਪੰਥ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗ ਸਕੇ।ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਹ ਹਦਾਇਤ ਕਰੇ ਕਿ ਉਹ ਮਰਯਾਦਾ ਵਿਚ ਰਹਿ ਕੇ ਗੁਰਬਾਣੀ ਕੀਰਤਨ ਪ੍ਰਸਾਰਤ ਕਰਨ ਦੇ ਚਾਹਵਾਨ ਮੀਡੀਆ ਅਦਾਰਿਆਂ ਨੂੰ ਸਿਗਨਲ ਮੁਹੱਈਆ ਕਰਾਵੇ।
ਉਹਨਾਂ ਜਥੇਦਾਰ ਸਾਹਿਬ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਗੁਰੂ ਦੇ ਨਾਮ ‘ਤੇ ਜਿਉਣ ਵਾਲੇ ਪੰਜਾਬ ਦੀ ਵਿਧਾਨ ਸਭਾ ਵਲੋਂ ਵੀ 6 ਨਵੰਬਰ ਨੂੰ ਇਸ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਵੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ। ਇਸ ਸਬੰਧੀ ਉਹਨਾਂ ਖੁਦ ਇੱਕ ਚਿੱਠੀ ਲਿਖ ਕੇ ਵੀ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ।
ਬਾਜਵਾ ਨੇ ਕਿਹਾ ਕਿ ਉਹਨਾਂ ਵਲੋਂ ਇਸ ਮਾਮਲੇ ਸਬੰਧੀ ਆਵਾਜ਼ ਉਠਾਉਣ ਦਾ ਇਕੋ ਇੱਕ ਮਕਸਦ ਗੁਰਬਾਣੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਇੱਕ ਪਰਿਵਾਰ ਵਲੋਂ ਵਪਾਰਕ ਵਰਤੋਂ ਨੂੰ ਖਤਮ ਕਰਾਉਣਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media