ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮਾਨਸਾ ’ਚ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਭਾਈ ਕਰਮ ਸਿੰਘ ਦੀ ਕੁੱਝ ਲੋਕਾਂ ਵੱਲੋਂ ਕੁੱਟਮਾਰ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਉਨ੍ਹਾਂ ਆਖਿਆ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨਾਲ ਦੁਰਵਿਹਾਰ ਕਰਨਾ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨੀ ਮੰਦਭਾਗੀ ਗੱਲ ਹੈ। ਇਸ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਮਾਨਸਾ ਦੇ ਗ੍ਰੰਥੀ ਭਾਈ ਕਰਮ ਸਿੰਘ ਦੀ ਜ਼ਾਲਮਾਨਾਂ ਢੰਗ ਨਾਲ ਕੁਟਮਾਰ ਕੀਤੀ ਗਈ ਅਤੇ ਕੇਸਾਂ ਤੇ ਦਸਤਾਰ ਦੀ ਵੀ ਤੌਹੀਨ ਕੀਤੀ ਗਈ ਹੈ। ਸਾਹਮਣੇ ਆਈਆਂ ਵੀਡੀਓ ਵਿਚ ਕੁੱਝ ਲੋਕ ਸ਼ਰ੍ਹੇਆਮ ਗ੍ਰੰਥੀ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।ਲੌਂਗੋਵਾਲ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਪਾਸੋਂ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਬੇਸ਼ੱਕ ਬਠਿੰਡਾ ਦੇ ਇਕ ਥਾਣੇ ਵਿਚ ਦੋਸ਼ੀਆਂ ਵਿਰੁੱਧ ਪਰਚਾ ਦਰਜ਼ ਹੋ ਚੁੱਕਾ ਹੈ, ਪਰੰਤੂ ਇਸ ਸਬੰਧ ਵਿਚ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੀ ਡਿਊਟੀ ਲਗਾਈ ਗਈ ਹੈ, ਜੋ ਪ੍ਰਭਾਵਿਤਾਂ ਤੱਕ ਪਹੁੰਚ ਕਰਕੇ ਰਿਪੋਰਟ ਦੇਣਗੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …