ਵਿਦੇਸ਼ ਮੰਤਰੀ ਕੋਲ ਵਿਦੇਸ਼ ਫਸੀਆਂ ਲੜਕੀਆਂ ਦਾ ਮੁੱਦਾ ਚੁੱਕਿਆ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਲੋਕ ਸਭਾ ਵਿੱਚ ਅੰਮਿ੍ਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਕੇ ਖਾੜੀ ਦੇਸ਼ ਮਸਕਟ ਵਿਖੇ ਫਸੀਆਂ 104 ਭਾਰਤੀ ਲੜਕੀਆਂ ਨੂੰ ਦੇਸ਼ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੈਸੇ ਦੇ ਲਾਲਚੀ ਕੁਝ ਏਜੰਟਾਂ ਵਲੋਂ ਭਾਰਤੀ ਲੜਕੀਆਂ ਨੂੰ ਚੰਗੇ ਕਾਰੋਬਾਰ ਦਾ ਲਾਲਚ ਦੇ ਕੇ ਖਾੜੀ ਦੇਸ਼ ਮਸਕਟ ਵਿਖੇ ਲਿਜਾ ਕੇ ਸ਼ਾਹੂਕਾਰਾਂ ਕੋਲ ਵੇਚ ਦਿਤਾ ਜੋ ਭਾਰਤੀ ਲੜਕੀਆਂ ਤੋਂ ਗੁਲਾਮਾਂ ਵਾਂਗ 18-18 ਘੰਟੇ ਕੰਮ ਲੈਂਦੇ ਤੇ ਉਨ੍ਹਾਂ ਦੀ ਮਾਰਕੁਟਾਈ ਕਰਦੇ ਸਨ।ਜਲਾਲਤ ਭਰੀ ਜਿੰਦਗੀ ਜੀਅ ਰਹੀਆਂ ਇਹ ਨੌਜੁਆਨ ਲੜਕੀਆਂ ਕਿਸੇ ਤਰਾਂ ਮਸਕਟ ਵਿਖੇ ਭਾਰਤੀ ਅੰਬੈਸੀ ਕੋਲ ਪੁੱਜੀਆਂ ਤੇ ਆਪਣੀ ਹੱਡਬੀਤੀ ਸੁਣਾਈ।ਔਜਲਾ ਨੇ ਦੱਸਿਆ ਕਿ ਭਾਰਤੀ ਅੰਬੈਸੀ ਵਿੱਚ 89 ਲੜਕੀਆਂ ਫਸੀਆਂ ਹਨ ਅਤੇ 15 ਲੜਕੀਆਂ ਅੰਬੈਸੀ ਤੋਂ ਬਾਹਰ ਲੋਕਾਂ ਕੋਲ ਰਹਿ ਰਹੀਆਂ ਹਨ ਅਤੇ ਭਾਰਤ ਵਾਪਿਸ ਪਰਤਣ ਦੀ ਉਡੀਕ ਕਰ ਰਹੀਆਂ ਹਨ।ਇੰਨ੍ਹਾਂ ਵਿਚੋਂ 14 ਲੜਕੀਆਂ ਪੰਜਾਬ, ਜਿਆਦਾਤਰ ਆਂਧਰਾ ਪ੍ਰਦੇਸ਼ ਬਾਕੀ ਹੋਰਨਾਂ ਸੂਬਿਆਂ ਨਾਲ ਸਬੰਧਿਤ ਹਨ।ਉਨ੍ਹਾਂ ਦੱਸਿਆ ਕਿ ਉਥੋਂ ਦੇ ਸ਼ਾਹੂਕਾਰਾਂ ਨੇ ਮਸਕਟ ਦੇ ਕਨੂੰਨ ਮੁਤਾਬਿਕ ਉਥੋਂ ਦੀਆਂ ਅਦਾਲਤਾਂ ਵਿੱਚ ਕੇਸ ਕੀਤਾ ਹੈ ਕਿ ਜਾਂ ਤਾਂ ਮੁੱਲ ਖਰੀਦੀਆਂ ਲੜਕੀਆਂ ਉਨਾਂ ਨੂੰ ਵਾਪਿਸ ਕੀਤੀਆਂ ਜਾਣ ਜਾਂ ਫਿਰ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।ਔਜਲਾ ਨੇ ਵਿਦੇਸ਼ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਭਾਰਤੀ ਸੰਵਿਧਾਨ ਵਿੱਚ ਅਜਿਹਾ ਕੋਈ ਕਨੂੰਨ ਨਹੀ ਹੈ ਕਿ ਭਾਰਤ ਸਰਕਾਰ ਜਾਂ ਭਾਰਤੀ ਅੰਬੈਸੀ ਅਜਿਹੇ ਕਿਸੇ ਕੇਸ ਵਿੱਚ ਪੈਸੇ ਦੀ ਅਦਾਇਗੀ ਕਰੇ।ਉਨ੍ਹਾਂ ਜੈਸ਼ੰਕਰ ਨੂੰ ਦੱਸਿਆ ਕਿ ਅੱਜ ਤੱਕ ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਅੰਦਰ ਸਜ਼ਾ ਯਾਫਤਾ 95 ਦੇ ਕਰੀਬ ਭਾਰਤੀ ਨੌਜੁਆਨਾਂ ਨੂੰ ਆਪਣੀ ਜੇਬ ਵਿੱਚੋਂ ਬਲੱਡ ਮਨੀ ਦੇ ਕੇ ਭਾਰਤ ਲ਼ਿਆ ਚੁੱਕੇ ਹਨ।
ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐਸ.ਪੀ ਸਿੰਘ ਓਬਰਾਏ ਨੇ ਕਿਹਾ ਕਿ ਜੇਕਰ ਮਸਕਟ ਸਥਿਤ ਭਾਰਤੀ ਅੰਬੈਸੀ ਲੜਕੀਆਂ ਦੇ ਕਾਗਜ ਉਨਾਂ ਨੂੰ ਮੁੱਹਈਆ ਕਰਵਾਉਂਦੇ ਹਨ ਤਾਂ ਉਹ ਇੰਨ੍ਹਾਂ ਲੜਕੀਆਂ ਨੂੰ ਭਾਰਤ ਵਾਪਿਸ ਲਈ ਬਣਦੇ ਪੈਸੇ ਆਪਣੀ ਨਿੱਜੀ ਜੇਬ ਵਿਚੋਂ ਦੇ ਕੇ ਲਿਆਉਣ ਦਾ ਬੀੜਾ ਚੁੱਕਦੇ ਹਨ।ਔਜਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਅਪੀਲ ਤੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਰੋਸਾ ਦਿੱਤਾ ਕਿ ਅਗਲੇ ਕੁੱਝ ਦਿਨਾਂ ‘ਚ ਭਾਰਤੀ ਅੰਬੈਸੀ ਡਾ: ਐਸ.ਪੀ ਸਿੰਘ ਓਬਰਾਏ ਨਾਲ ਤਾਲਮੇਲ ਕਰਕੇ ਬੰਧਕ ਬਣਾਈਆਂ ਲੜਕੀਆਂ ਦੇ ਕਾਗਜ਼ ਪੱਤਰ ਮੁਹੱਈਆ ਕਰਵਾਉਣ ਲਈ ਪੂਰਨ ਸਹਿਯੋਗ ਕਰੇਗੀ।