ਭਾਈ ਮਹਿਤਾ, ਡਾ. ਰੂਪ ਸਿੰਘ ਨੇ ਨਕਦ ਰਾਸ਼ੀ ਨਾਲ ਨਿਵਾਜ਼ਿਆ
ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਿਛਲੇ ਦਿਨੀਂ ਸਥਾਨਕ ਆਦਰਸ਼ ਨਗਰ ਇਸਲਾਮਾਬਾਦ ਇਕਾਲੇ ਵਿਚ ਗੁਰਬਾਣੀ ਦੀ ਪਾਵਨ ਪੋਥੀ ਅਤੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰਨ ਸਮੇਂ ਸਿੱਖ ਹੋਣ ਦੇ ਨਾਤੇ ਆਪਣਾ ਅਹਿਮ ਰੋਲ ਅਦਾ ਕਰਨ ਵਾਲੇ ਕੂੜੇ ਵਾਲੀ ਗੱਡੀ ਦੇ ਡਰਾਈਵਰ ਅਤੇ ਉਸ ਦੇ ਹੈਲਪਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਵੱਲੋਂ ਸਾਂਝੇ ਤੌਰ ’ਤੇ ਡਰਾਈਵਰ ਗੁਰਦੀਪ ਸਿੰਘ ਨੂੰ 21 ਹਜ਼ਾਰ ਅਤੇ ਉਸ ਦੇ ਸਾਥੀ ਹੈਲਪਰ ਵਰਿੰਦਰ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ।ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਆਦਰਸ਼ ਨਗਰ ਵਿਖੇ ਇਕ ਪਰਿਵਾਰ ਵੱਲੋਂ ਆਪਣੇ ਘਰ ਦਾ ਕੂੜਾ ਸੁੱਟਣ ਦੇ ਨਾਲ-ਨਾਲ ਕੂੜੇ ਵਾਲੀ ਗੱਡੀ ਵਿਚ ਇਕ ਵੱਖਰਾ ਪਲਾਸਟਿਕ ਦਾ ਤੋੜਾ ਰੱਖਿਆ ਗਿਆ ਸੀ, ਜੋ ਕਿ ਕੂੜੇ ਵਾਲੀ ਗੱਡੀ ਦਾ ਡਰਾਈਵਰ ਅਤੇ ਹੈਲਪਰ ਲੈ ਕੇ ਕੂੜੇ ਵਾਲੇ ਡੰਪ ’ਤੇ ਪਹੁੰਚੇ ਸਨ, ਜਿਥੇ ਉਨ੍ਹਾਂ ਕੂੜੇ ਸੁੱਟਣ ਤੋਂ ਬਾਅਦ ਤੋੜਾ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਗੁਰਬਾਣੀ ਦੀ ਇਕ ਪੋਥੀ ਅਤੇ ਪੰਜ ਗੁਟਕਾ ਸਾਹਿਬ ਦੇ ਨਾਲ-ਨਾਲ ਗਾਤਰੇ ਕਿਰਪਾਨਾਂ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਵੀ ਪਈਆਂ ਹੋਈਆਂ ਸਨ।
ਡਰਾਈਵਰ ਨੇ ਸਿਆਣਪ ਤੋਂ ਕੰਮ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਦੱਸਿਆ, ਜਿਸ ’ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਅਤੇ ਸੁੁਪਰਂਡੈਂਟ ਮਲਕੀਤ ਸਿੰਘ ਬਹਿੜਵਾਲ ਦੀ ਡਿਊਟੀ ਲਗਾਉਂਦਿਆਂ ਮੌਕੇ ’ਤੇ ਭੇਜਿਆ।ਜਿਥੇ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਪੁਰਾ ਇਸਲਾਮਾਬਾਦ ਤੋਂ ਕੂੜੇ ਵਾਲੀ ਗੱਡੀ ਦੇ ਡਰਾਈਵਰ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਟੀਮ ਨੂੰ ਪੂਰੇ ਅਦਬ ਸਤਿਕਾਰ ਨਾਲ ਤੋੜੇ ਵਿੱਚੋਂ ਮਿਲੀ ਗੁਰਬਾਣੀ ਦੀ ਪੋਥੀ, ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਕਕਾਰਾਂ ਨੂੰ ਸੌਂਪਿਆ ਗਿਆ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਤਿੰਦਰ ਸਿੰਘ, ਗੁਰਮੀਤ ਸਿੰਘ ਬੁੱਟਰ, ਮਲਕੀਤ ਸਿੰਘ ਬਹਿੜਵਾਲ ਤੇ ਗੁਰਨਾਮ ਸਿੰਘ ਇੰਚਾਰਜ ਵੀ ਹਾਜ਼ਰ ਸਨ।