ਦੋ ਕੇਸਾਂ ਵਿਚ ਇੱਕ ਪਿਸਟਲ, ਨਗਦੀ, ਐਕਟਿਵਾ ਤੇ ਹੋਰ ਸਮਾਨ ਸਮੇਤ 8 ਕਾਬੂ- ਇਕ ਫਰਾਰ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ)- ਮਹਾਂਨਗਰ ਵਿੱਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਇੱਕ ਮਾਮਲੇ ਵਿੱਚ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਦੀਆਂ ਜੇਬਾਂ ਕੱਟਣ ਦੇ ਦੋਸ਼ ਵਿਚ ਤਿੰਨ ਅੋਰਤਾਂ ਸਮੇਤ ਚਾਰ ਅਤੇ ਏ.ਟੀ.ਐਮ ਤੋੜਨ ਦੀ ਤਿਆਰੀ ਕਰਦੇ ਹੋਏ ਪੰਜਾਂ ਵਿਚੋਂ ਚਾਰ ਦੋਸ਼ੀਆਂ ਨੂੰ ਇਕ ਪਿਸਟਲ, ਮੋਬਾਇਲ, ਨਗਦੀ ਅਤੇ ਹੋਰ ਸਾਮਾਨ ਸਮੇਤ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ.ਪੀ ਪਰਮਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਨਸ਼ਿਆਂ ਅਤੇ ਲੁਟਾਂ ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅੱਜ ਥਾਣਾ ਕੋਤਵਾਲੀ ਦੇ ਇੰਸਪੈਕਟਰ ਸਰਬਜੀਤ ਸਿੰਘ ਦੀ ਨਿਗਰਾਨੀ ਹੇਠ ਗਲਿਆਰਾ ਚੋਂਕੀ ਦੇ ਮੁਖੀ ਭਗਵਾਨ ਸਿੰਘ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਬਲਵਿੰਦਰ ਸਿੰਘ ਵਲੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਜੇਬਾਂ ਕੱਟਣ ਅਤੇ ਉਨਾਂ ਦੀ ਲੁੱਟ-ਖੋਹ ਕਰਨ ਵਾਲੇ ਗ੍ਰੋਹ ਦੀਆਂ ਤਿੰਨ ਅੋਰਤਾਂ ਰਾਣੀ (ਦਾਨੀ) ਪਤਨੀ ਚੰਨਣ ਸਿੰਘ, ਲਖਬੀਰ ਕੌਰ ਬੀਰੋ ਪੁਤਰੀ ਗੁਰਮੁਖ ਸਿੰਘ, ਰਾਜਵਿੰਦਰ ਕੌਰ ਰਾਜੂ ਪਤਨੀ ਜਸਬੀਰ ਸਿੰਘ ਅਤੇ ਮਹਿੰਦਰ ਸਿੰਘ ਪੁੱਤਰ ਜੈਮਲ ਸਿੰਘ ਨੂੰ 80 ਹਜਾਰ ਰੁਪਏ ਨਕਦ, ੫ ਮੋਬਾਇਲ, 8 ਖਾਲੀ ਪਰਸ ਅਤੇ ਇੱਕ ਸ਼ਰਧਾਲੂ ਦੇ ਪਰਸ ਜਿਸ ਵਿੱਚ 700 ਰੁਪਏ ਸਨ, ਸਮੇਤ ਗ੍ਰਿਫਤਾਰ ਕੱਰਕੇ ਕੇਸ ਦਰਜ ਕਰ ਲਿਆ ਹੈ ।ਏ.ਡੀ.ਸੀ.ਪੀ ਸਿੱਧੂ ਨੇ ਦੱਸਿਆ ਕਿ ਇਹ ਗ੍ਰੋਹ ਉਸ ਸਮੇਂ ਕਾਬੂ ਆਇਆ ਜਦ ਉਨਾਂ ਨੂੰ ਇਲਤਾਹ ਮਿਲੀ ਕਿ ਮੁੰਬਈ ਵਾਸੀ ਕੈਪਟਨ ਮਿਸ਼ਰਾ ਪੁੱਤਰ ਮਨੀਸ਼ਵਰ ਮਿਸ਼ਰਾ ਦਾ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਦੋ ਔਰਤਾਂ ਨੇ ਉਨਾਂ ਦਾ ਪਰਸ ਤੇ ਹੋਰ ਕਾਗਜ਼ਾਤ ਕੱਢ ਲਏ ਹਨ।ਇਹ ਖਬਰ ਮਿਲਣ ‘ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਨੇ ਲਖਬੀਰ ਕੌਰ ਬੀਰੋ ਪੁੱਤਰੀ ਗੁਰਮੁੱਖ ਸਿੰਘ ਵਾਸੀ ਗੁੱਜਰਪੁਰਾ, ਰਾਜਵਿੰਦਰ ਕੌਰ ਰਾਜੂ ਪਤਨੀ ਜਸਬੀਰ ਸਿੰਘ ਪਿੰਡ ਝੀਤੇ ਕਲਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਪਰਸ ਸਮੇਤ ੭੦੦ ਰੁਪਏ ਤੇ ਹੋਰ ਕਾਗਜ਼ਾਤ ਬਰਾਮਦ ਕਰ ਲਏ।
ਏ.ਟੀ.ਐਮ ਲੁੱਟਣ ਦੀ ਯੋਜਨਾ ਬਣਾਉਂਦੇ ਦੋਸ਼ੀ ਕਾਬੂ
ਦੂਜੇ ਕੇਸ ਵਿੱਚ ਵਿਚ ਏ.ਸੀ.ਪੀ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਅਰੂਣ ਸ਼ਰਮਾ ਨੂੰ ਉਸ ਵੇਲੇ ਕਾਮਯਾਬੀ ਮਿਲੀ, ਜਦ ਕੋਟ ਮਿਤ ਸਿੰਘ ਪੁਲਿਸ ਚੌਂਕੀ ਦੇ ਐਸ. ਆਈ ਜਸਪਾਲ ਸਿੰਘ ਨੇ ਗੁਪਤ ਇਤਲਾਹ ‘ਤੇ ਏ.ਟੀ.ਐਮ ਤੋੜਨ ਦੀ ਤਿਆਰੀ ਕਰ ਰਹੇ ਪੰਜ ਦੋਸ਼ੀਆਂ ਵਿਚੋਂ ਚਾਰ ਸੰਦੀਪ ਸਿੰਘ ਪੁੱਤਰ ਸੁੱਚਾ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ, ਰਣਜੀਤ ਸਿੰਘ ਰਾਣਾ ਪੁੱਤਰ ਪਿਆਰਾ ਸਿੰਘ, ਗੁਰਜੰਟ ਸਿੰਘ ਖੂੰਡੀ ਪੁੱਤਰ ਜਸਵੰਤ ਸਿੰਘ ਨੂੰ ਭਾਈ ਮੰਝ ਰੋਡ ਸਥਿਤ ਨਾਖਾਂ ਵਾਲੇ ਬਾਗ ਤੋਂ ਕਾਬੂ ਕਰ ਲਿਆ, ਜਦਕਿ ਜੁਝਾਰ ਸਿੰਘ ਪੁੱਤਰ ਗੁਰਸ਼ਰਨਬੀਰ ਸਿੰਘ ਨਾਮੀ ਵਿਅਕਤੀ ਫਰਾਰ ਹੋਣ ਵਿੱਚ ਸਫਲ ਹੋ ਗਿਆ। ਦੋਸ਼ੀਆਂ ਦੀ ਤਲਾਸ਼ੀ ਲੈਣ ‘ਤੇ ਪੁਲਿਸ ਉਨਾਂ ਕੋਲੌਂ ਇਕ ਪਿਸਟਲ 303 ਤਿੰਨ ਜਿੰਦਾ ਕਾਰਤੂਸ, ਤਿੰਨ ਜੋੜੀ ਵਾਲੀਆਂ, ੪ ਮੋਬਾਈਲ, ਇਕ ਐਕਟਿਵਾ ਹਾਂਡਾ, ਇੱਕ ਸਕੂਟਰ ਵੈਸਪਾ, ਦਾਤਰ ਅਤੇ ਇੱਕ ਕਿਰਪਾਨ ਬਰਾਮਦ ਕੀਤੇ ਹਨ। ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਤਫਤੀਸ਼ ਅਰੰਭ ਦਿੱਤੀ ਗਈ ਹੈ।