Wednesday, July 30, 2025
Breaking News

ਮੋਦੀ ਦੇ ਹਠੀ ਵਤੀਰੇ ਨੇ ਲਈ ਸੰਤ ਸੀਂਗੜੇ ਵਾਲਿਆਂ ਦੀ ਬਲੀ – ਬਾਬਾ ਹਰਨਾਮ ਸਿੰਘ ਖ਼ਾਲਸਾ

ਮੋਰਚੇ ਨੂੰ ਆਖ਼ਰੀ ਜਿੱਤ ਤੱਕ ਸ਼ਾਂਤਮਈ ਬਣਾਈ ਰੱਖਣ ਤੇ ਸੁਚੇਤ ਰਹਿਣ ਦੀ ਕੀਤੀ ਅਪੀਲ

ਮਹਿਤਾ ਚੌਕ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਤੇ ਹਠੀ ਵਤੀਰੇ ਨੇ ਸੰਤ ਬਾਬਾ ਰਾਮ ਸਿੰਘ ਸੀਂਗੜੇ ਵਾਲੇ ਨਾਨਕਸਰ ਕਰਨਾਲ ਦੀ ਬਲੀ ਲੈ ਲਈ ਹੈ।
ਉਨ੍ਹਾਂ ਰਹਿਮ ਦੀ ਅਪੀਲ ਕਰਦਿਆਂ ਸਵਾਲ ਉਠਾਇਆ ਕਿ ਮੋਦੀ ਹੋਰ ਕਿੰਨੀਆਂ ਜਾਨਾਂ ਦੀ ਬਲੀ ਲੈਣ ਦੀ ਉਡੀਕ ਵਿੱਚ ਹੈ, ਜੋ ਕਿਸਾਨੀ ਦਾ ਮਸਲਾ ਹੱਲ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੀ ਪੁਸ਼ਤ ਪਨਾਹੀ `ਚ ਲੱਗਾ ਹੋਇਆ ਹੈ? ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਰਸਾਨੀ ਪ੍ਰਤੀ ਮੋਦੀ ਸਰਕਾਰ ਨੇ ਸਾਰਥਿਕ ਪਹੁੰਚ ਅਪਣਾਈ ਹੁੰਦੀ ਤਾਂ ਸੰਤ ਸਮਾਜ ਦੇ ਪ੍ਰਸਿੱਧ ਤੇ ਪਰਉਪਕਾਰੀ ਸ਼ਖ਼ਸੀਅਤ ਸੰਤ ਸੀਂਗੜੇ ਵਾਲਿਆਂ ਨੂੰ ਆਪਣੀ ਜਾਨ ਦਾ ਬਲੀਦਾਨ ਨਾ ਦੇਣਾ ਪੈਦਾ।ਸੰਤਾਂ ਦੇ ਵਿਛੋੜੇ ਨਾਲ ਲੱਖਾਂ ਸੰਗਤਾਂ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ।
                  ਉਨ੍ਹਾਂ ਦੱਸਿਆ ਕਿ ਸੰਤ ਸੀਂਗੜੇ ਵਾਲੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਰਹੇ, ਉਨ੍ਹਾਂ ਸ੍ਰੀ ਦਰਬਾਰ ਸਾਹਿਬ ਲਈ ਵੀ ਸੇਵਾ ਨਿਭਾਈ।ਉਹ ਸ਼ੁਰੂਆਤ ਤੋਂ ਹੀ ਦਿੱਲੀ ਕਿਸਾਨ ਮੋਰਚੇ `ਚ ਅੱਪੜ ਕੇ ਲੰਗਰ, ਰਸਦ ਪਾਣੀ ਅਤੇ ਕੰਬਲਾਂ ਆਦਿ ਦੀ ਸੇਵਾ ਨਿਭਾਉਂਦੇ ਰਹੇ ਅਤੇ ਹਰ ਰੋਜ਼ ਕਿਸਾਨੀ ਦੀ ਹੁੰਦੀ ਦੁਰਦਸ਼ਾ ਤੋਂ ਉਹ ਬਹੁਤ ਦੁੱਖੀ ਸਨ।ਸੰਤਾਂ ਦੇ ਕੋਮਲ ਹਿਰਦੇ ਨੂੰ ਕਿਸਾਨਾਂ ਦਾ ਦੁੱਖ ਝੱਲਿਆ ਨਾ ਗਿਆ ਅਤੇ ਖ਼ੁਦ ਨੂੰ ਗੋਲੀ ਮਾਰਨ ਲਈ ਮਜਬੂਰ ਹੋਏ।ਜਿਸ ਲਈ ਮੋਦੀ ਸਰਕਾਰ ਜਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਹੁਰਾਂ ਵੱਲੋਂ ਸਿੰਘੂ ਬਾਰਡਰ `ਤੇ ਸੈਂਟਰ ਸਰਕਾਰ ਖਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਆਪਣਾ ਸਰੀਰ ਛੱਡ ਜਾਣਾ ਕੋਈ ਸਾਧਾਰਨ ਘਟਨਾ ਨਹੀਂ ਹੈ, ਸਗੋਂ ਇਕ ਸੰਤ ਵੱਲੋਂ ਜ਼ਾਲਮ ਹਕੂਮਤ ਦੀਆਂ ਅੱਖਾਂ ਖੋਲ੍ਹਣ ਅਤੇ ਜੜ੍ਹਾਂ ਹਿਲਾ ਦੇਣ ਵਾਲੀ ਹੈ।
                 ਦਮਦਮੀ ਟਕਸਾਲ ਦੇ ਮੁਖੀ ਨੇ ਮੋਰਚੇ `ਤੇ ਬੈਠੇ ਅੰਦੋਲਨਕਾਰੀਆਂ ਅਤੇ ਸੰਗਤ ਨੂੰ ਕਿਸੇ ਖਿਲਾਫ਼ ਅਪਸ਼ਬਦ ਨਾ ਬੋਲਣ ਅਤੇ ਮੋਰਚੇ ਨੂੰ ਆਖ਼ਰੀ ਜਿੱਤ ਤਕ ਸ਼ਾਂਤਮਈ ਬਣਾਈ ਰੱਖਣ।ਉਨਾਂ ਕਿਸਾਨ ਆਗੂਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਬੌਖਲਾਹਟ `ਚ ਤਾਕਤ ਦੀ ਵਰਤੋਂ ਕਰ ਸਕਦੀ ਹੈ ਜਾਂ ਭੜਕਾਹਟ ਪੈਦਾ ਕਰ ਸਕਦੀ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …