Friday, January 10, 2025

ਕਸ਼ਮੀਰ ਵਿੱਚ ਕਿਸੇ ਵੀ ਸਿੱਖ ਨਾਲ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ – ਸਰਨਾ

ਕਿਹਾ, ਸਿੱਖ ਲੜਕੀ ਦੇ ਅਗਵਾਕਾਰਾਂ ਖਿਲਾਫ ਕੀਤੀ ਜਾਵੇ ਸਖਤ ਕਾਰਵਾਈ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਸ਼ਮੀਰ ਵਾਦੀ ਵਿੱਚ ਇਕ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਨਿਕਾਹ ਕਰਨ ਦੀ ਘਟਨਾ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਸਿੱਖ ਸਮਾਜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕਰੇਗਾ।
                    ਮੀਡੀਆ ਨੂੰ ਜਾਰੀ ਬਿਆਨ ਵਿੱਚ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇੱਕ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਨ ਨਿਕਾਹ ਕਰਨਾ ਸਮਾਜਿਕ ਕਦਰਾਂ ਕੀਮਤਾਂ ਦੇ ਖਿਲਾਫ ਹੈ।ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਘਟਨਾ ਪਿੱਛੇ ਕੋਈ ਡੂੰਘੀ ਸਾਜਿਸ਼ ਹੋ ਸਕਦੀ ਹੈ, ਕਿਉਕਿ ਕਸ਼ਮੀਰ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੇ ਆਪਸੀ ਸਬੰਧ ਬਹੁਤੀ ਨਿੱਘੇ ਤੇ ਨੇੜਲੇ ਹਨ।ਉਹਨਾਂ ਕਿਹਾ ਕਿ ਸਿੱਖਾਂ ਦਾ ਕਸ਼ਮੀਰ ਵਾਦੀ ਨੂੰ ਸੁੰਦਰ ਤੇ ਖੂਬਸੂਰਤ ਬਣਾਉਣ ਵਿੱਚ ਵੱਡਾ ਯੋਗਦਾਨ ਹੈ ਤੇ ਸਿੱਖ ਕਦੇ ਵੀ ਕਿਸੇ ਨਾਲ ਧੱਕਾ ਨਹੀ ਕਰਦੇ ਤੇ ਨਾ ਹੀ ਧੱਕਾ ਬਰਦਾਸ਼ਤ ਕਰਦੇ ਹਨ।ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇੱਕ ਪਾਸੇ ਕਸ਼ਮੀਰ ਵਿੱਚ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਉਥੋਂ ਦੇ ਸਿਆਸੀ ਆਗੂਆਂ ਨਾਲ ਕੇਂਦਰ ਸਰਕਾਰ ਗੱਲਬਾਤ ਕਰ ਰਹੀ ਹੈ ਤੇ ਦੂਜੇ ਪਾਸੇ ਅਸੁਖਾਵਾਂਪਨ ਪੈਦਾ ਕਰਨ ਵਾਲੀਆਂ ਅਜਿਹੀਆ ਘਟਨਾਵਾਂ ਵਾਪਰ ਰਹੀਆਂ ਹਨ।ਉਹਨਾਂ ਕਸ਼ਮੀਰ ਪ੍ਰਸ਼ਾਸ਼ਨ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਕੇ ਸਿੱਖ ਭਾਈਚਾਰੇ ਨੂੰ ਇਨਸਾਫ ਦਿਵਾਉਣ।ਉਹਨਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਵੀ ਲਿਖਣ ਜਾ ਰਹੇ ਹਨ।ਉਹਨਾਂ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਦੇ ਹਿਰਦੇ ਵਲੁੰਧਰ ਦਿੱਤੇ ਹਨ।ਕਸ਼ਮੀਰ ਦੇ ਧਾਰਮਿਕ, ਸਿਆਸੀ ਤੇ ਸਮਾਜਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਸਦਭਾਵਨਾ ਕਾਇਮ ਰੱਖਦੇ ਹੋਏ ਘਟਨਾ ਦੀ ਪੂਰੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਉਣ।

Check Also

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ

ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …