ਘਰ ਗ੍ਰਹਿਸਤੀ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ।ਗੁੱਸੇ-ਗਿਲੇ ਤਾਂ ਜ਼ਿੰਦਗੀ ਵਿੱਚ ਚੱਲਦੇ ਹੀ ਰਹਿੰਦੇ ਹਨ।ਪਰ ਦੋਨੋਂ ਇਕ ਦੂਜੇ ਤੋਂ ਬਗੈਰ ਰਹਿ ਵੀ ਨਹੀਂ ਸਕਦੇ।ਸਾਰੀ ਜ਼ਿੰਦਗੀ ਇਨਸਾਨ ਬੱਚੇ ਪਾਲਣ, ਤੋਰੀ ਫੁਲਕਾ ਚਲਾਉਣ ਲਈ ਕਮਾਈ ਕਰਦਾ ਉਮਰ ਵਿਹਾਅ ਦਿੰਦਾ ਹੈ।ਬੱਚੇ ਕਮਾਊ ਹੋਣ ‘ਤੇ ਨੂੰਹਾਂ ਆ ਜਾਣ ‘ਤੇ ਮਸਾਂ ਬੁੱਢ-ਵਰੇਸ ਉਮਰੇ ਸੁੱਖ ਦਾ ਸਾਹ ਆਉਂਦਾ ਹੈ।ਜੀਵਨ ਦਾ ਇੱਕ ਪਹੀਆ ਸਾਥ ਛੱਡ ਜਾਂਦਾ ਹੈ ਤਾਂ ਮਰਦ ਬਹੁਤ ਹੀ ਉਦਾਸ ਹੋ ਜਾਂਦਾ ਹੈ।ਮੱਧ ਵਰਗੀ ਪਰਿਵਾਰ ਦੇ ਬੱਚੇ ਆਪ-ਆਪਣੇ ਕਮਰਿਆਂ ਵਿੱਚ ਹੱਸਦੇ ਖੇਡਦੇ ਹਨ।ਬਜ਼ੁੱਰਗ ਪਿਤਾ ਇੱਕਲਾ ਆਪਣੇ ਕਮਰੇ ਵਿੱਚ ਪਿਆ ਪਤਨੀ ਨੂੰ ਯਾਦ ਕਰ-ਕਰ ਝੂਰਦਾ ਹੈ।ਮਿੱਠੀਆਂ ਫਿੱਕੀਆਂ ਗੱਲਾਂ ਯਾਦ ਕਰਦਾ ਹੈ। ਸੱਚ ਹੀ ਉਹ ਗੱਲ ਹੋ ਜਾਂਦੀ –
ਕਾਲਾ ਘੱਗਰਾ ਸੰਦੂਖ ਵਿੱਚ ਮੇਰਾ, ਵੇਖ ਵੇਖ ਰੋਏਂਗਾ ਜੱਟਾ।
            ਜਦੋਂ ਨੂੰਹਾਂ ਦੀ ਬਣਾਈ ਚੀਜ਼ ਪਸੰਦ ਨਾ ਆਵੇ ਤਾਂ ਫਿਰ ਪਤਨੀ ਦੇ ਹੱਥ ਦੇ ਖਾਣੇ ਚੇਤੇ ਆਉਂਦੇ ਹਨ। ਉਸ ਦੇ ਹੁੰਦਿਆਂ ਰਸੋਈ ਵਿੱਚ ਧੁਸ ਦੇ ਕੇ ਚਲੇ ਜਾਂਦਾ ਸਾਂ।ਕੋਲ ਖਲੋ ਕੇ ਗੱਲਾਂ ਕਰ ਲੈਂਦੇ ਸਾਂ, ਆਪਣੀ ਮਰਜ਼ੀ ਦਾ ਮਿਰਚ ਮਸਾਲਾ ਪਾ ਬਣਵਾ ਲੈਂਦਾ ਸਾਂ।ਅੱਜ ਆਹ ਬਣਾ ਦੇ, ਉਹ ਬਣਾ ਦੇ।ਹੁਣ ਤਾਂ ਰਸੋਈ ਵਿੱਚ ਵੀ ਜਾਂਦਾ ਚੰਗਾ ਨਹੀ ਲੱਗਦਾ।ਜੋ ਬਣਿਆ ਮਿਲ ਜਾਂਦਾ ਹੈ ਖਾ ਲਈਦਾ ਹੈ।
                ਉਸ ਦੇ ਹੁੰਦਿਆਂ, ਕਦੀ ਸੌਹਰੇ ਚਲੇ ਜਾਂਦੇ ਸਾਂ।ਸਾਰਾ ਪਰਵਾਰ ਹੱਥੀਂ ਛਾਵਾਂ ਕਰਦਾ ਸੀ।ਸਾਲੇ ਸਾਲੇਹਾਰਾਂ ਸਭ ਬਹੁਤ ਹੀ ਤੇਹ ਕਰਦੇ ਸਨ।ਉਹ ਦੇ ਜਾਣ ਤੋਂ ਬਾਅਦ ਕਿਸੇ ਨੇ ਭੋਗ ਤੋਂ ਬਾਅਦ ਵਾਤ ਹੀ ਨਹੀਂ ਪੁੱਛੀ।ਨਾ ਹੀ ਸਾਲੀਆਂ ਸਾਂਢੂ ਕਦੀ ਆਏ ਹਨ।ਉਹਦੇ ਹੁੰਦਿਆਂ ਸਾਲੀਆਂ ਗੇੜੇ ‘ਤੇ ਗੇੜਾ ਰੱਖਦੀਆਂ ਸਨ।ਹੁਣ ਉਹਨਾਂ ਨਾ ਹੀ ਕਦੀ ਸੱਦਿਆ ਹੈ ਅਤੇ ਨਾ ਹੀ ਆਈਆਂ ਹਨ।ਇੰਝ ਮਹਿਸੂਸ ਹੁੰਦਾ ਹੈ ਇੱਕ ਪਾਸੇ ਦੇ ਸਭ ਰਿਸ਼ਤੇ ਖਤਮ ਹੀ ਹੋ ਗਏ ਹੋਣ।
ਦਿਨ ਵੇਲੇ ਘਰੋਂ ਬਾਹਰ ਤਾਂ ਸਮਾਂ ਚੰਗਾ ਬਤੀਤ ਹੋ ਜਾਂਦਾ ਹੈ, ਘਰ ਵੜਦਿਆਂ ਹੀ ਉਸ ਦੀ ਘਾਟ ਬਹੁਤ ਮਹਿਸੂਸ ਹੁੰਦੀ ਹੈ।ਸਾਨੂੰ ਲਿਖਣ ਦਾ ਭੁੱਸ ਸੀ।ਜੋ ਮਰਜ਼ੀ ਲਿਖਦੇ ਸਾਂ।ਸਾਹਿਤਕ ਪ੍ਰੋਗਰਾਮਾਂ ਵਿੱਚ ਜਾਂਦੇ ਸਾਂ।ਸੁਣ ਸੁਣਾ ਲੈਂਦੇ ਸਾਂ।ਹੁਣ ਜੇ ਕੁੱਝ ਉਸ ਦੀ ਯਾਦ ਵਿੱਚ ਲਿਖਦਾ ਵੀ ਹਾਂ ਤਾਂ ਘਰ ਦੇ ਪੁੱਤ ਧੀਆਂ ਵਿੱਚ, ਹਾਸੇ ਦਾ ਕਾਰਨ ਬਣਦਾ ਹੈ।ਯਾਰ ਦੋਸਤ ਵੀ ਮਸ਼ਕਰੀਆਂ ਵਿੱਚ ਹੱਸਦੇ ਹਨ।ਅਖੇ! ਇਹ ਉਮਰ ਰਬ ਦਾ ਨਾਮ ਜਪਣ ਦੀ ਹੈ, ਇਹਨੂੰ ਆਖਰ ਆਈ ਹੈ।ਜਿਸ ਤਨ ਲਾਗੇ ਉਹ ਤਨ ਜਾਣੇ ਕੌਣ ਜਾਣੇ ਪੀੜ ਪਰਾਈ।ਇੱਕ ਪਿਆਰਾ ਗੀਤ ਹੁੰਦਾ ਸੀ, ਜਬ ਤੁਮ ਹੋਗੇ 60 ਸਾਲ ਕੇ ਤਬ ਹਮ ਹੋਗੀ 55 ਕੀ।ਬੁੱਢੇ ਵਾਰੇ ਦੀਆਂ ਮਨ ਦੀਆਂ ਪੂਰੀਆਂ ਕਰਨ ਦੀਆਂ ਕਈ ਗੋਂਦਾ ਗੁੰਦੀਆਂ ਸੀ। ਰਹੇ ਗੀਆਂ ਮਨ ਦੀਆਂ ਮਨ ਵਿੱਚ।
                  ਇਸ ਉਮਰ ਵਿੱਚ ਹੀ ਇੱਕ ਦੂਜੇ ਪਾਸ ਬੈਠਣ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ, ਰੁਣ-ਝੁਣ ਕਰਨ, ਸੈਰ ਸਪਾਟਾ ਕਰਨ ਦਾ ਮਸਾਂ-ਮਸਾ ਸਮਾਂ ਮਿਲਦਾ ਹੈ।ਬੁਢਾਪੇ ਵਿੱਚ ਜੀਵਨ ਸਾਥੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਰੱਬ ਜੀ! ਕਿਸੇ ਦਾ ਜੀਵਨ ਸਾਥੀ ਨਾ ਵਿਛੋੜਣਾ।25072021

ਮਨਜੀਤ ਸਿੰਘ ਸੌਂਦ 
ਟਾਂਗਰਾ (ਅੰਮ੍ਰਤਸਰ)
ਮੋ – 98037 61451
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					