Friday, April 25, 2025
Breaking News

ਬਾਬਾ ਬੋਤਾ ਸਿੰਘ ਤੇ ਬਾਬਾ ਗਰਜ਼ਾ ਸਿੰਘ ਦੇ ਨਾਂ ‘ਤੇ ਰੱਖਿਆ ਚੌਂਕ ਦਾ ਨਾਂਅ

ਨਵੀਂ ਦਿੱਲੀ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਚੌਂਕ ਦਾ ਨਾਂ ਸੰਗਤਾਂ ਵੱਲੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ।ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜ਼ਾਏ ਗਏ ਨਗਰ ਕੀਰਤਨ ਉਪਰੰਤ ਇਕੱਤਰ ਹੋਏ ਸਮੂਹ ਪਤਵੰਤੇ ਸੱਜਣਾਂ ਨੇ ਜੈਕਾਰਿਆਂ ਦੀ ਗੂੰਜ਼ ਵਿੱਚ ਇਸ ਬਾਬਤ ਮੱਤੇ ਨੂੰ ਪ੍ਰਵਾਨਗੀ ਦਿੱਤੀ।
             ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਅਨਮੋਲ ਦਾਸਤਾਨ ਹੈ।ਜਿਸ ਵੇਲੇ ਮੁਗਲ ਹਕੂਮਤ ਉਤੇ ਕਾਬਜ਼ ਜ਼ਕਰੀਆਂ ਖਾਂ ਨੇ ਇਹ ਐਲਾਨ ਕੀਤਾ ਸੀ ਕਿ ਸਿੱਖ ਉਸ ਨੇ ਖਤਮ ਕਰ ਦਿੱਤੇ ਹਨ।ਉਸ ਵੇਲੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਤਰਨਤਾਰਨ ਸਾਹਿਬ ਦੇ ਨਜ਼ਦੀਕ ਸ਼ਾਹੀ ਸੜਕ ’ਤੇ ਨੂਰਦੀਨ ਦੀ ਚੁੰਗੀ ’ਤੇ ਕਬਜ਼ਾ ਕਰਕੇ ਇਸ ਸੜਕ ਤੋਂ ਲੰਘਣ ਵਾਲੇ ਗੱਡੇ ਪਾਸੋਂ ਇੱਕ ਆਨਾ ਅਤੇ ਖੋਤੇ ਪਾਸੋਂ ਇੱਕ ਪੈਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ।ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਆਵਾਜ਼ ਫੈਲਾਅ ਦਿੱਤੀ ਕਿ ਇਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ।ਨਾਲ ਹੀ ਦੋਵੇਂ ਬਹਾਦਰ ਸਿੰਘਾਂ ਨੇ ਇੱਕ ਮੁਸਾਫਿਰ ਹੱਥ ਲਾਹੌਰ ਦੇ ਸੂਬੇ ਨੂੰ ਚਿੱਠੀ ਲਿਖ ਭੇਜੀ।ਰਾਜਾ ਸਿੰਘ ਅਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਜ਼ਕਰੀਆਂ ਖਾਂ ਨੂੰ ਇਹ ਸੂਚਨਾ ਪਹੁੰਚੀ ਤਾਂ ਉਸ ਨੇ 200 ਸੈਨਿਕਾਂ ਦਾ ਇਕ ਦਸਤਾ ਭੇਜਿਆ ਤੇ ਇਨ੍ਹਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਬਾਬਾ ਬੋਤਾ ਸਿੰਘ ਨੇ ਸੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਹਾਦਰ ਕਹਾਉਂਦੇ ਹਨ ਤਾਂ ਇੱਕ ਇੱਕ ਆ ਕੇ ਉਨਾਂ ਨਾਲ ਲੜਾਈ ਕਰੇ।ਇਸ ਤਰ੍ਹਾਂ ਸਿੰਘਾਂ ਨੇ ਦਰਜ਼ਨ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਹ ਦੋ-ਦੋ ਸੈਨਿਕ ਸਾਡੇ ਨਾਲ ਲੜਾਈ ਕਰਨ ਆ ਜਾਣ ਤਾਂ ਇਸ ਤਰ੍ਹਾਂ ਜਦ ਮੁਗਲ ਸੈਨਿਕ ਮਾਰੇ ਜਾ ਰਹੇ ਸਨ ਤਾਂ ਗੁੱਸੇ ਵਿਚ ਸੈਨਿਕਾਂ ਨੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ, ਦੋ ਦਰਜਨ ਤੋਂ ਵੱਧ ਮੁਗਲ ਸੈਨਿਕਾਂ ਨੂੰ ਸੋਟਿਆਂ ਨਾਲ ਮੌਤ ਦੇ ਘਾਟ ਉਤਾਰਦਿਆਂ 27 ਜੁਲਾਈ 1739 ਈ. ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦੀ ਪਾ ਗਏ।ਇਸ ਮਾਣਮੱਤੇ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਚੌਂਕ ਦਾ ਨਾਂਅ ਬਹਾਦਰ ਸੂਰਬੀਰਾਂ ਦੇ ਨਾਂਮ ‘ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਪ੍ਰਚਾਰਕਾਂ ਵਲੋਂ 3 ਦਿਨਾਂ ਤੱਕ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਬਾਰੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵੈਟਰਨਰੀ ਦੇ ਵਿਦਿਆਰਥੀਆਂ ਦਾ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਵਿਦਿਆਰਥੀਆਂ …