ਮਾਨ ਸਰਕਾਰ ਬੁੱਢੇ ਤੇ ਬਿਮਾਰ ਪੈਨਸ਼ਨਰਾਂ ਦੀ ਸਾਰ ਲਵੇੇ – ਪ੍ਰੇਮ ਸਾਗਰ ਸ਼ਰਮਾ ਕਨਵੀਨਰ
ਸਮਰਾਲਾ, 16 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਪੰਜਾਬ ਦੇ ਪੰਜ ਜ਼ੋਨਾਂ ਵਿੱਚ ਰੋਸ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ।ਜਿਸ ਤਹਿਤ ਅੱਜ ਲੁਧਿਆਣਾ ਜ਼ੋਨ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਸਾਹਮਣੇ ਚਾਰ ਜ਼ਿਲ੍ਹਿਆਂ ਮੋਗਾ, ਨਵਾਂ ਸ਼ਹਿਰ, ਰੋਪੜ ਅਤੇ ਲੁਧਿਆਣਾ ਦੀਆਂ ਜ਼ਿਲ੍ਹਾ ਪੱਧਰੀ, ਸਬ ਡਵੀਜਨ ਪੱਧਰੀ ਜਥੇਬੰਦੀਆਂ ਪ੍ਰਧਾਨਾਂ, ਜਨਰਲ ਸਕੱਤਰਾਂ ਸਮੇਤ ਕਰੀਬ ਚਾਰ ਹਜ਼ਾਰ ਪੈਨਸ਼ਨਰਾਂ ਨੇ ਜ਼ੋਰਦਾਰ ਨਾਅਰੇ ਮਾਰਦਿਆਂ ਸ਼ਮੂਲੀਅਤ ਕੀਤੀ।ਇਹ ਪ੍ਰਗਟਾਵਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਪੰਜਾਬ ਨਾਲ ਚਾਰ ਮੀਟਿੰਗਾਂ ਵਿੱਚ ਭਖਦੀਆਂ ਮੰਗਾਂ 2.59 ਦਾ ਗੁਣਾਂਕ ਦੇਣਾ, ਕੇਂਦਰ ਸਰਕਾਰ ਵਾਂਗ 38 ਪ੍ਰਤੀਸ਼ਤ ਮਹਿੰਗਾਈ ਰਾਹਤ ਦੇਣ, ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਸਾਬਕਾ ਫ਼ੌਜੀਆਂ ਵਾਂਗ ਲਾਗੂ ਕਰਨਾ, ਓਲਡ ਏਜ ਕੁਆਂਟਮ ਆਫ਼ ਪੈਨਸ਼ਨ ਵਿੱਚ 65 ਸਾਲਾਂ ਪਿਛੋਂ 5 ਪ੍ਰਤੀਸ਼ਤ, 70 ਸਾਲਾਂ ਪਿਛੋਂ 10 ਪ੍ਰਤੀਸ਼ਤ, 75 ਸਾਲ ਪਿਛੋਂ 15 ਪ੍ਰਤੀਸ਼ਤ, 80 ਸਾਲ ਪਿਛੋਂ 30 ਪ੍ਰਤੀਸ਼ਤ, 85 ਸਾਲਾਂ ਪਿਛੋਂ 50 ਪ੍ਰਤੀਸ਼ਤ ਅਤੇ 90 ਸਾਲਾਂ ਦੀ ਉਮਰ ਪੂਰੀ ਹੋਣ ‘ਤੇ 100 ਪ੍ਰਤੀਸ਼ਤ ਕਰਕੇ ਸੋਧ ਉਪਰੰਤ ਹੁਕਮ ਜਾਰੀ ਕੀਤੇ ਜਾਣ ਲਈ ਚਰਚਾ ਹੋਈ ਸੀ ਅਤੇ ਸਹਿਮਤੀ ਲਈ ਖੁੱਲ ਕੇ ਹੁੰਗਾਰਾ ਨਹੀਂ ਭਰਿਆ ਗਿਆ।ਇਸੇ ਕਾਰਨ ਰੋਸ ਰੈਲੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਮੋਗਾ ਤੋਂ ਪ੍ਰਧਾਨ ਭਜਨ ਸਿੰਘ, ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਰੋਪੜ ਤੋਂ ਪ੍ਰਧਾਨ ਅਵਤਾਰ ਸਿੰਘ ਅਤੇ ਬਿਜਲੀ ਬੋਰਡ ਦੇ ਪ੍ਰਧਾਨ ਬੀ.ਐਸ ਸੈਣੀ ਨਵਾਂ ਸ਼ਹਿਰ ਤੋਂ ਸੋਮ ਲਾਲ, ਲੁਧਿਆਣਾ ਦੇ ਪ੍ਰਧਾਨ ਪਵਿੱਤਰ ਸਿੰਘ, ਪੈਨਸ਼ਨਰਜ਼ ਭਵਨ ਦੇ ਚੇਅਰਮੈਨ ਸੁਸ਼ੀਲ ਕੁਮਾਰ, ਦਰਸ਼ਨ ਸਿੰਘ ਲਾਡਲਾ, ਦਲੀਪ ਸਿੰਘ, ਸੁਦਾਗਰ ਸਿੰਘ, ਤੀਰਥ ਸਿੰਘ, ਕੁਲਵੰਤ ਸਿੰਘ, ਕਨਵੀਰ ਪ੍ਰੇਮ ਸਾਗਰ ਸ਼ਰਮਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਸਰਕਾਰ ਨੇ ਉਪਰੋਕਤ ਹੱਕੀ ਮੰਗਾਂ ਮੰਨ ਕੇ ਤੁਰੰਤ ਹੁਕਮ ਜਾਰੀ ਨਾ ਕੀਤੇ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਰੋਸ ਰੈਲੀ ਉਪਰੰਤ ਮਾਨਯੋਗ ਰਾਹੁਲ ਚਾਬਾ ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜੁਆਇੰਟ ਫਰੰਟ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਸੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰ ਭਵਨ, ਮੇਜਰ ਸਿੰਘ ਨੱਤ (ਪੁਲਿਸ), ਨਿਰਮਲ ਸਿੰਘ ਸਕੱਤਰ ਪੈਨਸ਼ਨਰ ਭਵਨ ਨਾਲ ਮਿਲ ਕੇ ਰੋਸ ਪੱਤਰ ਦਿੱਤਾ।ਦਲੀਪ ਸਿੰਘ ਮੁੱਖ ਪ੍ਰਬੰਧਕ ਨੇ ਸਟੇਜ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਈ।ਬੁਲਾਰਿਆਂ ਵਿੱਚ ਲਛਮਣ ਸਿੰਘ ਚਕਮੌਰ ਸਾਹਿਬ, ਸਿਕੰਦਰ ਸਿੰਘ ਬਿਜਲੀ ਬੋਰਡ, ਮੇਜਰ ਸਿੰਘ ਨੱਤ (ਪੁਲਿਸ), ਨਿਰਮਲ ਸਿੰਘ ਸਕੱਤਰ ਪੈਨਸ਼ਨਰ ਭਵਨ, ਰਾਜ ਕੁਮਾਰ ਕੈਸ਼ੀਅਰ, ਕੁਲਵੰਤ ਰਾਏ ਸਮਰਾਲਾ, ਪ੍ਰੇਮ ਨਾਥ ਸਮਰਾਲਾ ਆਦਿ ਸ਼ਾਮਲ ਸਨ।