12 ਦਸੰਬਰ ਨੂੰ ਵਿਧਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀਸੀ ਦਫਤਰਾਂ ‘ਤੇ ਚੱਲ ਰਹੇ ਲੰਬੇ ਸਮੇਂ ਦੇ ਮੋਰਚਿਆਂ ਦੇ 9ਵੇਂ ਦਿਨ ਪ੍ਰੈਸ ਕਾਨਫਰੰਸ ਕਰਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਬੀਤੀ ਸ਼ਾਮ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ, ਸਰਕਾਰ ਦੇ ਲੋਕਾਂ ਦੇ ਮੁਦਿਆਂ ਪ੍ਰਤੀ ਉਦਾਸੀਨ ਰਵੱਈਏ ਦੇ ਚੱਲਦੇ,ਆਉਣ ਵਾਲੇ ਸਮੇਂ ਵਿਚ ਐਕਸ਼ਨ ਪ੍ਰੋਗਰਾਮ ਨੂੰ ਲੈ ਕੇ ਅਹਿਮ ਫੈਸਲੇ ਲਏ ਗਏ ਹਨ।ਜਿਨ੍ਹਾਂ ਵਿਚ ਮੁੱਖ ਤੌਰ ‘ਤੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਆਮ ਜਨਤਾ ਲਈ ਸੜਕਾਂ ਟੋਲ ਫ਼ਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਉਹਨਾ ਕਿਹਾ ਕਿ ਜਥੇਬੰਦੀ ਇਹ ਵੀ ਗਰੰਟੀ ਕਰੇਗੀ ਕਿ ਇਸ ਅਰਸੇ ਦੌਰਾਨ ਟੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਕੰਪਨੀਆਂ ਕੋਲੋਂ ਦਿਵਾਈਆਂ ਜਾਣ।ਆਗੂਆਂ ਨੇ ਦੱਸਿਆ ਕਿ 12 ਦਸੰਬਰ ਨੂੰ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ।ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 7 ਦਸੰਬਰ ਨੂੰ ਡੀ.ਸੀ ਦਫਤਰਾਂ ਦੇ ਗੇਟਾਂ ‘ਤੇ 4 ਘੰਟੇ ਦੇ ਧਰਨੇ ਲਗਾਏ ਜਾਣਗੇ।ਕੇਂਦਰ ਸਰਕਾਰ ਦੇ ਨਾਲ਼ ਸਬੰਧਤ ਮੰਗਾਂ ਲਈ 5 ਦਸੰਬਰ ਨੂੰ ਕੇਂਦਰ ਦੇ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦਿੱਤੇ ਜਾਣਗੇ, ਤਾਂ ਜੋ ਆਉਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿਚ ਇਨ੍ਹਾਂ ਮੰਗਾਂ ਨੂੰ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਮੈਂਬਰ ਪਾਰਲੀਮੈਂਟ ਪੂਰੇ ਜੋਰ ਨਾਲ ਉਠਾਉਣ।ਉਨ੍ਹਾਂ ਕਿਹਾ ਕਿ ਇਹ ਐਲਾਨ ਪੰਜਾਬ ਭਰ ਵਿਚ ਲਾਗੂ ਕੀਤੇ ਜਾਣਗੇ।
ਮੋਰਚੇ ਵਿੱਚ ਮੌਜ਼ੂਦ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਕਾਰਪੋਰੇਟ ਘਰਾਣਿਆਂ ਦੀ ਅਰਥੀ ਫੂਕੀ ਗਈ।ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ, ਉਹ ਜਨਤਾ ਦੇ ਹਿੱਤ ਦੀ ਨੀਤੀ ਬਣਾਉਣ ਦੀ ਜਗ੍ਹਾ ਚੰਦ ਵਪਾਰੀ ਘਰਾਣਿਆਂ ਲਈ ਸਾਰੀ ਨੀਤੀ ਤਿਆਰ ਕਰ ਰਹੀ ਹੈ, ਜਦਕਿ ਆਮ ਜਨਤਾ ਬੇਰੁਜ਼ਗਾਰੀ, ਗਰੀਬੀ, ਨਸ਼ੇ ਅਤੇ ਭੁੱਖਮਰੀ ਸ਼ਦੀ ਸ਼ਿਕਾਰ ਹੈ।ਉਨ੍ਹਾਂ ਕਿਹਾ ਕੇ ਅੱਜ ਜਨਤਾ ਇਨਫਰਮੇਸ਼ਨ ਦੇ ਯੁੱਗ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀ ਹੈ, ਇਸ ਲਈ ਧਰਨਿਆਂ ਅਤੇ ਅੰਦੋਲਨ ਰਾਹੀਂ ਸਰਕਾਰਾਂ ਨੂੰ ਸਹੀ ਦਿਸ਼ਾ ਵਿੱਚ ਕੰਮ ਕਰਨ ਲਈ ਮਜ਼ਬੂਰ ਕਰਨ ਲਈ ਕਮਰ ਕੱਸ ਚੁੱਕੀ ਹੈ।ਉਹਨਾ ਕਿਹਾ ਕਿ ਪੰਜਾਬ ਭਰ ਵਿੱਚ ਲੱਗੇ ਮੋਰਚਿਆਂ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ।
ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਵਰਦਲੀਪ ਸੈਦੋਲੇਹਲ, ਸਵਿੰਦਰ ਸਿੰਘ ਰੂਪੋਵਾਲੀ, ਲਖਬੀਰ ਸਿੰਘ, ਮੇਜ਼ਰ ਸਿੰਘ ਅਬਦਾਲ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜੀਕੋਟ, ਕੰਵਲਜੀਤ ਸਿੰਘ ਵਣਚੜ੍ਹੀ, ਦਿਲਬਾਗ ਸਿੰਘ ਖਾਪੜਖੇੜੀ, ਮੰਗਵਿੰਦਰ ਸਿੰਘ ਮਢਿਆਲਾ, ਮੁਖਤਾਰ ਸਿੰਘ ਭੰਗਵਾ ਨੇ ਮੋਰਚੇ ਨੂੰ ਸੰਬੋਧਨ ਕੀਤਾ।ਸਟੇਜ ਸੰਚਾਲਨ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਨੇ ਕੀਤਾ।