Thursday, November 21, 2024

ਗਰਮੀ ਰੁੱਤ ਦੀ ਸੌਗਾਤ – ਫ਼ਲਾਂ ਦਾ ਰਾਜਾ ਅੰਬ

ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ।ਵੈਸੇ ਤਾਂ ਇਸ ਨੂੰ ਖਾਣ ਦਾ ਮਨ ਸਾਰਾ ਸਾਲ ਹੀ ਲਲਚਾਉਂਦਾ ਰਹਿੰਦਾ ਹੈ।ਪਰ ਹੁਨਾਲ ਰੁੱਤੇ ਇਸ ਨੂੰ ਖਾਣ ਦਾ ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਅੰਬਾਂ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ।ਇਹ ਇਕ ਬਹੁਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿਟਕ ਵਾਲਾ ਫਲ ਹੈ, ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ ਨਾਲ਼ ਸਬੰਧ ਰੱਖਦਾ ਹੈ।ਅੰਬਾਂ ਦੀਆਂ ਅਨੇਕਾਂ ਕਿਸਮਾਂ ਮਿਲਦੀਆਂ ਹਨ ਅਤੇ ਇਨ੍ਹਾਂ ਨੂੰ ਲੋਕ ਖਾਂਦੇ ਵੀ ਅਨੇਕਾਂ ਤਰੀਕਿਆਂ ਨਾਲ ਹਨ।ਕੋਈ ਕੱਟ ਕੇ, ਕੋਈ ਚੁੱਪ ਕੇ, ਕੋਈ ਮੈਂਗੋਸ਼ੇਕ ਬਣਾ ਕੇ ਅਤੇ ਕੋਈ ਚਟਨੀ, ਮੁਰੱਬਾ, ਅਚਾਰ ਅਤੇ ਚੂਰਨ (ਅਮਚੂਰ) ਬਣਾ ਕੇ ਖਾਣਾ ਪਸੰਦ ਕਰਦਾ ਹੈ।ਗਰਮੀਆਂ ਦੀ ਇਹ ਸੌਗਾਤ ਆਪਣੇ ਸਾਰੇ ਰੂਪਾਂ ’ਚ ਖਿੱਚ ਦਾ ਕੇਂਦਰ ਹੈ।ਇਹ ਭਾਰਤ, ਪਾਕਿਸਤਾਨ ਅਤੇ ਫ਼ਿਲੀਪੀਨ ਦਾ ਰਾਸ਼ਟਰੀ ਫ਼ਲ ਵੀ ਹੈ।
ਸਿਰਫ ਸੁਆਦ ’ਚ ਹੀ ਨਹੀਂ ਇਹ ਗੁਣਾਂ ’ਚ ਵੀ ਫਲਾਂ ’ਚੋਂ ਸਿਰਮੌਰ ਹੈ।ਪੱਕਿਆ ਹੋਇਆ ਅੰਬ ਸਿਹਤ ਵਧਾਉ, ਤਾਕਤ ਦੇਣ ਵਾਲ਼ਾ ਅਤੇ ਚਰਬੀ ਵਧਾਉਣ ਵਾਲਾ ਹੁੰਦਾ ਹੈ।ਆਧੁਨਿਕ ਖੋਜ਼ਾਂ ਅਨੁਸਾਰ ਇਸ ਵਿੱਚ ਵਿਟਾਮਿਨ ਏ ਤੇ ਸੀ ਅਤੇ ਕੁੱਝ ਮਾਤਰਾ ’ਚ ਵਿਟਾਮਿਨ ਬੀ ਅਤੇ ਡੀ ਵੀ ਪਾਇਆ ਜਾਂਦਾ ਹੈ।ਅੰਬ ’ਚ ਮੁੱਖ ਤੌਰ ‘ਤੇ ਖੰਡ ਹੁੰਦੀ ਹੈ, ਜੋ ਵੱਖ-ਵੱਖ ਕਿਸਮਾਂ ’ਚ 11 ਤੋਂ 20 ਪ੍ਰਤੀਸ਼ਤ ਤੱੱਕ ਹੋ ਸਕਦੀ ਹੈ।ਇਸ ਵਿੱਚ ਵੀ ਜ਼ਿਆਦਾਤਰ ਸੁਕਰੋਜ਼ ਖੰਡ ਹੀ ਹੁੰਦੀ ਹੈ, ਜੋ ਇਸ ਦੇ ਖਾਣਯੋਗ ਹਿੱਸੇ ਭਾਵ ਗੁੱਦੇ ਦਾ 6.75 ਤੋਂ 17 ਫ਼ੀਸਦੀ ਤੱਕ ਹੁੰਦੀ ਹੈ।ਫਰਕਟੋਜ਼ ਖੰਡ ਦੀ ਮਾਤਰਾ ਕੁੱਲ ਖੰਡ ਦਾ 35 ਫੀਸਦੀ ਹੁੰਦੀ ਹੈ।ਗਲੂਕੋਜ਼ ਅਤੇ ਹੋਰ ਵੱਖ-ਵੱਖ ਕਿਸਮ ਦੀਆਂ ਖੰਡਾਂ ਲਗਭਗ 1.5 ਤੋਂ 6.15 ਫੀਸਦੀ ਤੱਕ ਹੁੰਦੀਆਂ ਹਨ।ਇਸ ਵਿੱਚ ਟਾਰਟੈਰਿਕ ਐਸਿਡ, ਮੇਲਿਕ ਐਸਿਡ ਅਤੇ ਥੋੜੀ ਜਿਹੀ ਮਿਕਦਾਰ ’ਚ ਸਿਟਰਿਕ ਐਸਿਡ ਵੀ ਪਾਇਆ ਜਾਂਦਾ ਹੈ।ਇਸ ਦੇ ਨਾਲ਼ ਨਾਲ਼ ਇਸ ਵਿੱਚ ਪ੍ਰੋਟੀਨ 9.6, ਫੈਟ 0.1, ਖਣਿਜ ਪਦਾਰਥ 0.3, ਫਾਇਬਰ 1.1, ਫਾਸਫੋਰਸ 0.02 ਅਤੇ ਲੌਹ ਪਦਾਰਥ 0.3 ਫ਼ੀਸਦੀ ਹੁੰਦੇ ਹਨ।ਇਸ ’ਚ ਨਮੀ ਦੀ ਮਿਕਦਾਰ 86 ਫ਼ੀਸਦੀ ਹੁੰਦੀ ਹੈ ਅਤੇ 100 ਗਰਾਮ ’ਚ ਲਗਭਗ 50 ਕਲੋਰੀ ਊਰਜਾ ਵੀ ਹੁੰਦੀ ਹੈ।ਬੰਬਈ ਗਰੀਨ, ਬੰਬਈ ਅਤੇ ਅਲਫਾਂਜੋ ’ਚ ਇਹ 80 ਕੈਲੋਰੀ ਤੱਕ ਹੁੰਦੀ ਹੈ।ਇਹ ਕੈਲਸਟਰੋਲ ਫ੍ਰੀ ਹੁੰਦਾ ਹੈ।ਇਹ ਵਿਟਾਮਿਨਾਂ ਨਾਲ਼ ਭਰਪੂਰ ਹੁੰਦਾ ਹੈ।ਇਸ ’ਚ ਥਾਇਆਮੀਨ (1) 0.028 ਮਿਲੀਗ੍ਰਾਮ, ਰਾਇਬੋਫਲਾਵਿਨ (2) 0.038 ਮਿਲੀਗ੍ਰਾਮ, ਨਿਆਸਿਨ (3) 0.669 ਮਿਲੀਗ੍ਰਾਮ, ਪੈਂਟੋਥਿਨਕ ਐਸਿਡ (5) 0.197 ਮਿਲੀਗ੍ਰਾਮ, ਵਿਟਾਮਿਨ 6 0.119 ਮਿਲੀਗ੍ਰਾਮ, ਫੋਲੇਟ (9) 43 ਮਾਇਕ੍ਰੋਗ੍ਰਾਮ, ਵਿਟਾਮਿਨ ਸੀ 36.4 ਮਾਇਕ੍ਰੋਗ੍ਰਾਮ, ਵਿਟਾਮਿਨ ਈ 0.9 ਮਾਇਕ੍ਰੋਗ੍ਰਾਮ ਅਤੇ ਵਿਟਾਮਿਟ ਕੇ 4.2 ਮਾਇਕ੍ਰੋਗ੍ਰਾਮ ਪ੍ਰਤੀ 100 ਗ੍ਰਾਮ ਹੁੰਦਾ ਹੈ।
ਇਹ ਖਣਿਜ਼ ਪਦਾਰਥਾਂ ਦਾ ਵੀ ਚੰਗਾ ਸ੍ਰੋਤ ਹੈ।ਇਸ ਦੇ 100 ਗ੍ਰਾਮ ਗੁੱਦੇ ’ਚ 11 ਮਿਲੀਗ੍ਰਾਮ ਕੈਲਸ਼ੀਅਮ, 0.16 ਮਿਲੀਗ੍ਰਾਮ ਆਇਰਨ, 10 ਮਿਲੀਗ੍ਰਾਮ ਮੈਗਨੀਸ਼ੀਅਮ, 0.063 ਮਿਲੀਗ੍ਰਾਮ ਮੈਗਨਂਜ਼, 14 ਮਿਲੀਗ੍ਰਾਮ ਫਾਸਫੋਰਸ, 168 ਮਿਲੀਗ੍ਰਾਮ ਪੋਟਾਸ਼ੀਅਮ, 1 ਮਿਲੀਗ੍ਰਾਮ ਸੋਡੀਅਮ ਅਤੇ 0.09 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ।
ਬਾਗਵਾਨੀ ਦੇ ਤੌਰ ‘ਤੇ ਇਸਦੀਆਂ ਲਗਭਗ 1400 ਜਾਤੀਆਂ ਲਗਾਈਆਂ ਜਾਂਦੀਆਂ ਹਨ।ਇਨ੍ਹਾਂ ਤੋਂ ਬਿਨਾਂ ਅਨੇਕਾਂ ਜੰਗਲੀ ਕਿਸਮਾਂ ਵੀ ਹਨ।ਇਹ ਦੁਨੀਆਂ ਦਾ ਸਭ ਤੋਂ ਜ਼ਿਆਦਾ ਉਗਾਏ ਜਾਣ ਵਾਲਾ ਫਲ ਹੈ।ਆਪਣੇ ਦੇਸ਼ ’ਚ ਮੈਂਗੀਫ਼ੇਰਾ ਇੰਡੀਕਾ ਜਾਤੀ ਦਾ ਅੰਬ ਹੀ ਜ਼ਿਆਦਾ ਲਗਾਇਆ ਜਾਂਦਾ ਹੈ, ਪਰ ਟਾਂਵੇ ਟਾਂਵੇ ਬਾਕੀ ਮੈਂਗੀਫ਼ੇਰਾ ਜਾਤੀਆਂ (ਜਿਵੇਂ ਘੋੜਾ ਅੰਬ, ਮੈਂਗੀਫ਼ੇਰਾ ਫ਼ੀਟੀਡਾ) ਵੀ ਉਗਾਈਆਂ ਜਾਂਦੀਆਂ ਹਨ।ਆਪਣੇ ਦੇਸ਼ ’ਚ ਇਸਦੀਆਂ ਉਗਾਈਆਂ ਜਾਣ ਵਾਲੀਆਂ ਆਮ ਕਿਸਮਾਂ ’ਚ ਦਸ਼ਹਰੀ, ਸਫੈਦਾ, ਚੌਸਾ, ਲੰਗੜਾ, ਸੰਧੂਰੀ, ਫਜਲੀ, ਕੇਸਰ, ਨੀਲਮ, ਸਵਰਨ ਰੇਖਾ, ਸ਼ੇਰ, ਬਾਂਬੇਗਰੀਨ, ਅਲਫਾਂਜੋ, ਬੈਂਗਨ ਪੱਲੀ, ਹਿਮਸਾਗਰ, ਕਿਸ਼ਨਭੋਗ, ਜਰਦਾਲੂ ਆਦਿ ਹਨ।ਨਵੀਆਂ ਕਿਸਮਾਂ ’ਚ ਮਲਿਕਾ, ਰਤਨਾ, ਅਰਕਾ ਅਰੁਣ, ਅਰਮਾ ਪਵਿੱਤਰ, ਅਰਕਾ ਅਨਮੋਲ ਅਤੇ ਦਸ਼ਹਰੀ – 51 ਮੁੱਖ ਹਨ।ਉਤਰ ਭਾਰਤ ’ਚ ਗੌਰਜੀਤ, ਬਾਂਬੇਗਰੀਨ, ਦਸਹਰੀ, ਲੰਗੜਾ, ਚੌਸਾ ਅਤੇ ਸਫੈਦਾ ਮੁੱਖ ਤੌਰ ‘ਤੇ ਉਗਾਈਆਂ ਜਾਣ ਵਾਲੀਆਂ ਕਿਸਮਾਂ ਹਨ।
ਵੱਖ-ਵੱਖ ਕਿਸਮ ਦੇ ਅੰਬਾਂ ਦੇ ਰੰਗ, ਰੂਪ, ਸੁਆਦ ਅਤੇ ਅਕਾਰ ’ਚ ਵੀ ਅੰਤਰ ਹੁੰਦਾ ਹੈ।ਸਭ ਤੋਂ ਛੋਟਾ ਅੰਬ ਆਲੂਬੁਖ਼ਾਰੇ ਦੇ ਸਾਇਜ਼ ਦਾ ਹੁੰਦਾ ਹੈ ਅਤੇ ਕੁੱਝ 1.5 ਤੋਂ 2 ਕਿਲੋ ਤੱਕ ਵੀ ਹੁੰਦੇ ਹਨ ਜਿਵੇਂ ਹਾਥੀਝੂਲ।ਕੁੱਝ ਕਿਸਮਾਂ ਲਾਲ ਸੁਰਖ ਅਤੇ ਪੀਲੀ ਰੰਗਤ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਕੁੱਝ ਹਰੇ ਰੰਗ ਦੀ ਹੁੰਦੀਆਂ ਹਨ।ਇਸ ’ਚ ਪਾਇਆ ਜਾਣ ਵਾਲਾ ਇਕਮਾਤਰ ਬੀਜ ਚਪਟਾ ਹੁੰਦਾ ਹੈ, ਜਿਸ ਨੂੰ ਅਸੀਂ ਆਮ ਤੌਰ ‘ਤੇ ਗਿੜਕ ਕਹਿੰਦੇ ਹਾਂ ਅਤੇ ਇਸ ਦੇ ਚਾਰੇ ਪਾਸੇ ਮੌਜ਼ੂਦ ਗੁੱਦਾ ਫਿੱਕਾ ਪੀਲਾ, ਪੀਲਾ ਅਤੇ ਕੁੱਝ ’ਚ ਲਾਲ ਜਿਹੀ ਰੰਗਤ ਵਾਲਾ ਹੁੰਦਾ ਹੈ।
ਹਰ ਕਿਸੇ ਦਾ ਮਨ ਇਸ ਨੂੰ ਦੇਖਦੇ ਹੀ ਖਾਣ ਲਈ ਤਰਸਣ ਲਗਦਾ ਹੈ।ਕੀ ਬੱਚੇ ਕੀ ਬੁੱਢੇ ਸਭ ਦੇ ਮੁਹ ਵਿੱਚ ਇਸ ਨੂੰ ਦੇਖਦੇ ਹੀ ਪਾਣੀ ਆ ਜਾਂਦਾ ਹੈ।ਆਓ ਇਸ ਹੁਨਾਲ ਰੁੱਤੇ ਇਸ ਸੌਗਾਤ ਦਾ ਆਨੰਦ ਮਾਣੀਏ।2305202303

ਸੰਜੀਵ ਝਾਂਜੀ
ਜਗਰਾਉ।
ਮੋ – 80049 10000

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …