ਪੰਜਾਬ ਦੇ ਕਾਰੋਬਾਰ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਪਾਈਟੈਕਸ – ਏ.ਡੀ.ਸੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 17ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਨਾ ਸਿਰਫ਼ ਪੰਜਾਬ ਦੇ ਕਾਰੋਬਾਰੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ, ਬਲਕਿ ਪੰਜਾਬ ਵਿੱਚ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਦਾ ਹੈ।ਇਹ ਪ੍ਰਗਟਾਵਾ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਸਮਾਗਮ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਖੁਸ਼ਹਾਲ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ। ਜਿਸ ਲਈ ਉਦਯੋਗ, ਸੈਰ ਸਪਾਟਾ ਵਿਕਾਸ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਜਰੂਰੀ ਹੈ।ਅੰਮ੍ਰਿਤਸਰ ਸਿਰਫ਼ ਪੰਜਾਬ ਲਈ ਹੀ ਨਹੀਂ, ਸਗੋਂ ਦੁਨੀਆਂ ਭਰ ’ਚ ਵਸਦੇ ਲੋਕਾਂ ਲਈ ਇੱਕ ਵਿਸ਼ੇਸ਼ ਸੈਰ ਸਪਾਟਾ ਸਥਾਨ ਹੈ।ਪਿੱਛਲੇ 16 ਸਾਲਾਂ ਤੋਂ ਪਾਈਟੈਕਸ ਨੇ ਹੁਣ ਸੱਤ ਸਮੁੰਦਰੋਂ ਪਾਰ ਆਪਣੀ ਵੱਖਰੀ ਪਛਾਣ ਬਣਾਈ ਹੈ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰ ਆਰ.ਐਸ ਸਚਦੇਵਾ ਨੇ ਦੱਸਿਆ ਕਿ 7 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ 17ਵੇਂ ਪਾਈਟੈਕਸ ਦਾ ਰਸਮੀ ਉਦਘਾਟਨ ਕਰਨਗੇ।ਇਸ ਦੌਰਾਨ ਸ਼ਾਮ ਨੂੰ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਪਾਈਟੈਕਸ ਵਿਖੇ ਕਾਰੋਬਾਰੀਆਂ ਅਤੇ ਸ਼ਹਿਰ ਵਾਸੀਆਂ ਨਾਲ ਮੁਲਾਕਾਤ ਕਰਨਗੇ।
8 ਦਸੰਬਰ ਨੂੰ ਪਾਈਟੈਕਸ ਪੰਜਾਬ ’ਚ ਸੈਰ-ਸਪਾਟੇ ਨੂੰ ਸਮਰਪਿਤ ਹੋਵੇਗਾ।ਸਵੇਰ ਦੀ ਸਭਾ ਵਿੱਚ ਇੰਡਸਟਰੀ ਗੋਲਟੇਬਲ ਆਨ ਬਾਰਡਰ ਐਂਡ ਹੈਰੀਟੇਜ ਟੂਰਿਜ਼ਮ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਪੁੰਚਣਗੇ।ਇਸ ਸੈਸ਼ਨ ਵਿੱਚ ਫਿਜ਼ੀ ਦੇ ਹਾਈ ਕਮਿਸ਼ਨਰ ਨੀਲੇਸ਼ ਰੋਨਿਲ ਕੁਮਾਰ, ਕਿਰਗਿਸਤਾਨ ਦੇ ਰਾਜਦੂਤ ਅਕੈਪ ਆਸਕਰ ਬੇਸਮਿੋਵ, ਬੰਗਲਾ ਦੇਸ਼ ਦੇ ਹਾਈ ਕਮਿਸ਼ਨਰ ਮੁਹੰਮਦ ਮੁਸਤਫਿਜ਼ੁਰ ਰਹਿਮਾਨ, ਉਜ਼ਬੇਕਿਸਤਾਨ ਦੇ ਵਪਾਰਕ ਆਰਥਿਕ ਸਲਾਹਕਾਰ ਖੁਰਸ਼ੀਦਬੇਕ ਸਮੀਵ, ਇੰਡੋਨੇਸ਼ੀਆ ਦੇ ਵਪਾਰਕ ਅਤਾਚੇ ਬੋਨਾ ਕੁਸੁਆ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।
ਇਸੇ ਦਿਨ ਸ਼ਾਮ ਦੇ ਸ਼ੈਸ਼ਨ ਵਿੱਚ ਐਕਸਪੋਰਟ ਕਨਕਲੇਵ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਸੰਮੇਲਨ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਈ ਅਧਿਕਾਰੀ ਵੀ ਪਹੁੰਚ ਰਹੇ ਹਨ।ਪਹਿਲੀ ਵਾਰ ਪਾਈਟੈਕਸ ਵਿੱਚ 9 ਅਤੇ 10 ਦਸੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ 9 ਦਸੰਬਰ ਦੀ ਸ਼ਾਮ ਨੂੰ ਪੀ.ਐਚ.ਡੀ ਸੀ.ਸੀ.ਆਈ. ਦੇ ਮਹਿਲਾ ਵਿੰਗ ਸ਼ੀ ਫੋਰਮ ਵਲੋਂ ਪਾਈਟੈਕਸ ਵਿੱਚ ਪਿੱਛਲੇ ਦਸ ਸਾਲਾਂ ਤੋਂ ਲਗਾਤਾਰ ਭਾਗ ਲੈ ਰਹੀਆਂ ਮਹਿਲਾ ਉਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 10 ਦਸੰਬਰ ਨੂੰ ਪੰਜਾਬ ਸਰਕਾਰ ਨੂੰ ਉਦਯੋਗਿਕ ਖੇਤਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਇੱਕ ਕਿਤਾਬ ਜਾਰੀ ਕੀਤੀ ਜਾਵੇਗੀ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਦੇ ਸਹਾਇਕ ਜਨਰਲ ਸਕੱਤਰ ਨਵੀਨ ਸੇਠ ਨੇ ਦੱਸਿਆ ਕਿ ਪਾਈਟੈਕਸ ਵਿੱਚ ਦੇਸ਼ ਭਰ ਤੋਂ 450 ਦੇ ਕਰੀਬ ਕਾਰੋਬਾਰੀ ਭਾਗ ਲੈ ਰਹੇ ਹਨ।ਇਸ ਵਾਰ ਪਾਕਿਸਤਾਨ, ਅਫਗਾਨਿਸਤਾਨ, ਈਜਿਪਟ, ਈਰਾਨ, ਥਾਈਲੈਂਡ ਅਤੇ ਤੁਰਕੀ ਤੋਂ ਵਪਾਰੀ ਆਪਣੇ ਉਤਪਾਦ ਲੈ ਕੇ ਪਹੁੰਚੇ ਹਨ।ਜੰਮੂ-ਕਸ਼ਮੀਰ, ਗੁਜਰਾਤ, ਝਾਰਖੰਡ, ਕਰਨਾਟਕ, ਰਾਜਸਥਾਨ, ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਦੇ ਸੂਬੇ ਭਾਗ ਲੈ ਰਹੇ ਹਨ।ਪੰਜਾਬ ਦੇ ਕਈ ਨਾਮੀ ਉਦਯੋਗਾਂ ਤੋਂ ਇਲਾਵਾ ਸਿਡਬੀ, ਨੈਸ਼ਨਲ ਜੂਟ ਬੋਰਡ, ਜੰਮੂ-ਕਸ਼ਮੀਰ ਡਰੈਡ ਪ੍ਰਮੋਸ਼ਨਲ ਆਰਗੇਨਾਈਜੇਸ਼ਨ, ਕੇ.ਵੀ.ਆਈ.ਸੀ, ਨਾਬਾਰਡ, ਟੈਕਸਟਾਈਲ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ, ਸ਼ਾਲ ਕਲੱਬ, ਐਮ.ਐਸ.ਐਮ.ਈ ਮੰਤਰਾਲੇ ਭਾਗ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਤਰਫੋਂ ਇਸ ਵਾਰ ਪਾਈਟੈਕਸ ਵਿੱਚ ਮਾਰਕਫੈੱਡ, ਮਿਲਫੈਡ, ਪੇਡਾ, ਅੰਮ੍ਰਿਤਸਰ ਵਿਕਾਸ ਅਥਾਰਟੀ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਨਿਗਮ, ਪੰਜਾਬ ਸੈਰ ਸਪਾਟਾ ਵਿਭਾਗ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੰਜਾਬ ਸਮਾਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਭਾਗ ਲੈ ਰਹੇ ਹਨ।
ਪੀ.ਐਚ.ਡੀ ਚੈਂਬਰ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਦੱਸਿਆ ਕਿ ਸਾਲ 2005 ’ਚ 150 ਦੇ ਕਰੀਬ ਕਾਰੋਬਾਰੀਆਂ ਨੇ ਭਾਗ ਲਿਆ ਸੀ ਤੇ ਸਿਰਫ਼ 50 ਹਜ਼਼ਾਰ ਲੋਕ ਹੀ ਆਏ ਸਨ, ਜਦਕਿ ਪਿੱਛਲੇ ਸਾਲ ਲਗਭਗ 2.5 ਲੱਖ ਲੋਕ ਇੱਥੇ ਆਏ ਸਨ।ਇਸ ਮੌਕੇ ਪੀ.ਐਚ.ਡੀ ਸੀ.ਸੀ.ਆਈ ਪੰਜਾਬ ਚੈਪਟਰ ਦੇ ਕੋ-ਚੇਅਰ ਕਰਨ ਗਿਲਹੋਤਰਾ, ਸੰਜੀਵ ਸੇਠੀ, ਫੋਰਮ ਦੇ ਸਥਾਨਕ ਕਨਵੀਨਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।