Sunday, December 22, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਨੂੰ ਨੈਕ ਨੇ ‘ਏ ਪਲਸ ਪਲਸ ਗ੍ਰੇਡ’ ਨਾਲ ਨਿਵਾਜ਼ਿਆ

ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਨੂੰ ਨੈਸ਼ਨਲ ਅਸੈਸਮੈਂਟ ਅਤੇ ਅਕਰੈਂਡੀਟੇਸ਼ਨ ਕੌਸਲ ਵਲੋਂ ‘ਏ ++ ਗਰੇਡ’ ਨਾਲ ਨਿਵਾਜ਼ਿਆ ਗਿਆ।ਕੌਂਸਲ ਅਧੀਨ ਸੰਨ 1954 ’ਚ ਸਥਾਪਿਤ ਕੀਤਾ ਗਿਆ ਕਾਲਜ ‘ਏ++ ਗਰੇਡ’ ਹਾਸਲ ਕਰਨ ਵਾਲਾ ਉਤਰੀ ਭਾਰਤ ਦਾ ਪਹਿਲਾ ਐਜ਼ੂਕੇਸ਼ਨ ਕਾਲਜ ਬਣ ਗਿਆ ਹੈ।ਨੈਕ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਹਰੇਕ ਪਹਿਲੂ ਨੂੰ ਬਾਰੀਕੀ ਨਾਲ ਘੋਖਣ, ਵਾਚਣ ਅਤੇ ਆਪਣੀ ਨਿਰੀਖਣ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਕਾਲਜ ਨੂੰ ਸਰਬੋਤਮ ਗ੍ਰੇਡ ਪ੍ਰਦਾਨ ਕੀਤਾ ਗਿਆ।
ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਸੰਦੇਸ਼ ਰਾਹੀਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲਾ ਅਜਿਹਾ ਹਰਮਨ ਪਿਆਰਾ ਕਾਲਜ ਹੈ, ਜਿਸ ਨੂੰ ਨੈਕ ਵਲੋਂ ‘ਏ ++ ਗਰੇਡ’ ਪ੍ਰਾਪਤ ਹੋਣ ’ਤੇ ਉਤਰ ਭਾਰਤ ਦੀ ਪਹਿਲੀ ਐਜੂਕੇਸ਼ਨ ਸੰਸਥਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਸਮੂਹ ਖਾਲਸਾ ਸੰਸਥਾਵਾਂ ਦਾ ਕੱਦ ਪੂਰੇ ਦੇਸ਼ ’ਚ ਹੋਰ ਉਚਾ ਹੋਇਆ ਹੈ।ਇਸਦਾ ਸਿਹਰਾ ਪ੍ਰਿੰ: ਡਾ. ਕੁਮਾਰ ਦੀ ਅਗਵਾਈ, ਦੂਰ ਅੰਦੇਸ਼ੀ ਸੋਚ, ਕਾਲਜ ’ਚ ਪ੍ਰਦਾਨ ਕਰਨ ਵਾਲੀ ਮਿਆਰੀ ਸਿੱਖਿਆ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ।
ਡਾ. ਕੁਮਾਰ ਨੇ ਕਿਹਾ ਕਿ 3 ਵਾਰ ‘ਏ ਗ੍ਰੇਡ’ ਪ੍ਰਾਪਤ ਕਰਨ ਉਪਰੰਤ ਚੌਥੀ ਵਾਰ ਮੁਲਾਂਕਣ ਲਈ ਨਿਰਧਾਰਿਤ 3 ਮੈਂਬਰੀ ਨੈਕ ਟੀਮ ’ਚ ਇੰਡੀਅਨ ਇੰਸਟੀਚਿਊਟ ਆਫ ਟੀਚਰ ਐਜੂਕੇਸ਼ਨ ਉੱਪ ਕੁਲਪਤੀ ਡਾ. ਕਲਪੇਸ਼ ਕੁਮਾਰ ਪਾਠਕ ਨੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਮਹਾਰਾਸ਼ਟਰ ਪੋ੍ਰਫੈਸਰ (ਚੇਅਰਪਰਸਨ) ਡਾ. ਆਦਰਸ਼ਲਤਾ ਸਿੰਘ ਨੇ ਮੈਂਬਰ ਕੋ-ਆਰਡੀਨੇਟਰ ਅਤੇ ਥ੍ਰੀਵਲੂਵਰ ਟੀਚਰ ਐਜੂਕੇਸ਼ਨ ਤਾਮਿਲਨਾਡੂ ਪ੍ਰਿੰਸੀਪਲ ਡਾ. ਸ਼ਿਵਾ ਕੁਮਾਰ ਨੇ ਟੀਮ ਮੈਂਬਰ ਦੇ ਤੌਰ ’ਤੇ ਨੈੱਕ ਦੁਆਰਾ ਨਿਰਧਾਰਿਤ ਮਾਪਦੰਡਾਂ ਦੇ ਹਰੇਕ ਪਹਿਲੂ ਨੂੰ ਬਹੁਤ ਬਾਰੀਕੀ ਦੇ ਨਾਲ ਘੋਖਿਆ, ਵਾਚਿਆ ਅਤੇ ਆਪਣੇ ਸੁਝਾਆਂ ਨਾਲ ਭਵਿੱਖ ’ਚ ਵਧੇਰੇ ਸੁਧਾਰਾਂ ਦੀ ਆਸ ਨਾਲ ਆਪਣੀ ਨਿਰੀਖਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਉਪਰੰਤ ਕਾਲਜ ਨੂੰ ਇਸ ਸਰਬੋਤਮ ਗ੍ਰੇਡ ਨਾਲ ਨਿਵਾਜ਼ਿਆ।
ਉਨ੍ਹਾਂ ਕਿਹਾ ਕਿ ਟੀਮ ਨੇ ਦੌਰੇ ਦੌਰਾਨ ਕਾਲਜ ਦੀ ਅਧਿਆਪਨ ਸਿੱਖਣ ਪ੍ਰਣਾਲੀ ਅਤੇ ਸਕਿੱਲ-ਇਨ-ਟੀਚਿੰਗ ਨੂੰ ਜਾਨਣ ਦੇ ਲਈ ਚੁਣੇ ਹੋਏ ਸਕੂਲਾਂ ਦਾ ਦੌਰਾ ਕੀਤਾ ਅਤੇ ਇਸ ਤੋਂ ਇਲਾਵਾ ਕਾਲਜ ਮੈਨਜਮੈਂਟ, ਵਿਦਿਆਰਥੀਆਂ, ਅਧਿਆਪਕਾਂ, ਅਲੂਮਨੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਣੀ ਕਰਕੇ ਅਦਾਰੇ ਸਬੰਧੀ ਵਿਚਾਰ ਚਰਚਾ ਕੀਤੀ।ਉਨ੍ਹਾਂ ਨੇ ਕਾਲਜ ਦੀ ਇੰਟਰਨਲ ਕੁਆਲਟੀ ਅਸ਼ੋਰੇਂਸ ਸੈਲ, ਰਿਸਰਚ ਸੈਲ, ਲਾਇਬ੍ਰੇਰੀ ਅਤੇ ਆਈ.ਸੀ.ਟੀ ਸਮੇਤ ਹਰੇਕ ਕਲੱਬ ਅਤੇ ਕਮੇਟੀ ਦੇ ਰਿਕਾਰਡ ਚੈਕ ਕੀਤੇ।
ਡਾ. ਕੁਮਾਰ ਨੇ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਵਲੋਂ ਸਰਗਮ ਨਾਮ ਤਹਿਤ ਵਿਰਸੇ ਅਤੇ ਵਿਰਾਸਤ ਨਾਲ ਸਬੰਧਿਤ ਸੱਭਿਆਚਾਰਕ ਤੇ ਰੰਗਾਰੰਗ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …