ਓਵਰ ਆਲ ਟਰਾਫ਼ੀ ’ਤੇ ਖ਼ਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ ਕਾਬਜ਼
ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਦੋ ਰੋਜ਼ਾ ਦੀਵਾਲੀ ‘ਇੰਟਰ ਖ਼ਾਲਸਾ ਕਾਲਜ ਟੂਰਨਾਮੈਂਟ’ ਸੰਪਨ ਹੋ ਗਿਆ।ਇਸ ਸਾਲ ਦੇ ਦੀਵਾਲੀ ਟੂਰਨਾਮੈਂਟ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ 13 ਅਦਾਰਿਆਂ ਦਰਮਿਆਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਅੱਜ ਓਵਰ ਆਲ ਟਰਾਫ਼ੀ ’ਤੇ ਖ਼ਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ ਨੇ ਕਬਜ਼ਾ ਕਰਕੇ ਜਿੱਤ ਹਾਸਲ ਕੀਤੀ।
ਮੁਕਾਬਲਿਆਂ ਦੌਰਾਨ ਲੜਕਿਆਂ ’ਚ ਖ਼ਾਲਸਾ ਕਾਲਜ ਨੇ ਜਿੱਤ ਦਰਜ਼ ਕਰਵਾਉਂਦਿਆਂ ਜੇਤੂ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਰਨਰਅੱਪ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਨੇ ਫਸਟ ਰਨਰਅੱੱਪ ’ਚ ਨਾਮ ਦਰਜ਼ ਕਰਵਾਇਆ।ਜਦਕਿ ਲੜਕੀਆਂ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਜੇਤੂ ਰਹੀ, ਜਿਸ ’ਚ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਲਾਅ ਪਹਿਲਾਂ ਰਨਰਅੱਪ ਰਿਹਾ।ਟੂਰਨਾਮੈਂਟ ਦੌਰਾਨ ਵਿਦਿਆਰਥੀਆਂ ਦੇ ਕ੍ਰਿਕੇਟ, ਬਾਸਕਟਬਾਲ, ਬੈਡਮਿੰਟਨ, ਵਾਲੀਵਾਲ, ਲਾਂਗ ਜੰਪ, ਹਾਈ ਜੰਪ, ਟੱਗ-ਆਫ-ਵਾਰ, ਅਥਲੈਟਿਕਸ ਅਤੇ ਯੋਗਾ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਇਸ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਨਾਮ ਤਕਸੀਮ ਕਰ ਕੇ ਸਨਮਾਨਿਤ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਵਿਦਿਆਰਥੀਆਂ ਨੂੰ ਇੱਕ ਦੂਸਰੇ ਦੇ ਨਜ਼ਦੀਕ ਲਿਆਉਣ ਅਤੇ ਆਪਸੀ ਸਾਂਝ ਅਤੇ ਮਿਲਵਰਤਣ ਪੈਦਾ ਕਰਨ ਲਈ ਸਹਾਈ ਹੁੰਦੇ ਹਨ।ਛੀਨਾ ਨੇ ਵਿਦਿਆਰਥੀਆਂ ਨੂੰ ਵਿਦੇਸ਼ੀ ਖਾਣਿਆਂ ਤੋਂ ਕਿਨਾਰਾ ਕਰਦਿਆਂ ਹੋਇਆ ਸਾਫ਼ ਤੇ ਸ਼ੁੱਧ ਭਾਰਤੀ ਖਾਣੇ ਨੂੰ ਅਪਨਾਉਣ ’ਤੇ ਤਰਜ਼ੀਹ ਦਿੱਤੀ।ਉਨ੍ਹਾਂ ਕਿਹਾ ਕਿ ਕਈ ਖ਼ਬਰਾਂ ਵੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ ਕਿ ਵਿਦੇਸ਼ੀ ਪਕਵਾਨਾਂ ਦੇ ਨਤੀਜ਼ੇ ਸਰੀਰਿਕ ਵਿਕਾਸ ਲਈ ਅਤਿ ਮੰਦੜੇ ਹਨ।
ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ਟੂਰਨਾਮੈਂਟ ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਏ.ਕੇ ਕਾਹਲੋਂ ਦੀ ਅਗਵਾਈ ‘ਚ ਕੀਤਾ ਗਿਆ।ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਤੋਂ ਇਲਾਵਾ ਖੇਡਾਂ ’ਚ ਅਹਿਮ ਸਥਾਨ ਹਾਸਲ ਕਰਕੇ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਗੁਰਸ਼ਰਨ, ਸਾਗਰ, ਗਗਨ ਅਰਸ਼ਦੀਪ ਸਿੰਘ ਨੇ ਆਪਣੀ ਕਾਰਗੁਜ਼ਾਰੀ ਦਾ ਲੋਹਾ ਮੰਨਵਾਇਆ ਹੈ।ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਹ ਦੀਵਾਲੀ ਟੂਰਨਾਮੈਂਟ ਖ਼ਾਲਸਾ ਕਾਲਜ ਦੀ ਵੱਖਰੀ ਪਹਿਚਾਣ ਬਣ ਚੁੱਕਾ ਹੈ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਗੁਰਦੇਵ ਸਿੰਘ ਆਦਿ ਹਾਜ਼ਰ ਸਨ।
Check Also
ਵਿਕਟਰੀ ਰਨ-ਅੰਮ੍ਰਿਤਸਰ ਹਾਫ ਮੈਰਾਥਨ 2024 ਮਿਤੀ 24 ਨਵੰਬਰ ਨੂੰ
ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਜੇ …