Friday, December 13, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਲਈ 35.5 ਲੱਖ ਦਾ ਪ੍ਰੋਜੈਕਟ ਮਨਜ਼ੂਰ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਇਹ ਗੱਲ ਪਤਾ ਕਰਕੇ ਦੱਸੇਗੀ ਕਿ ਬਹੁ-ਜਨਸੰਖਿਆ ਦੇ ਵਿੱਚ ਉਹ ਲੋਕ ਕਿੰਨੇ ਹਨ, ਜੋ ਸੰਵੇਦਨਸ਼ੀਲ ਪੱਖਾਂ ਨੂੰ ਲੁਕਾ ਕੇ ਰੱਖਦੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿਚ ਭਾਰਤ ਸਰਕਾਰ ਲਈ ਉਦੋਂ ਸਹਾਇਕ ਸਿੱਧ ਹੋਵੇਗਾ ਜਦੋਂ ਲੋਕਾਂ ਦੀ ਭਲਾਈ ਲਈ ਕੁੱਝ ਸਕੀਮਾਂ ਆਮ ਲੋਕਾਂ ਤਕ ਪੁਚਾਉਣ ਦਾ ਕੋਈ ਟੀਚਾ ਮਿਥਿਆ ਜਾਵੇਗਾ।ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਰੈਂਡਮਾਈਜ਼ ਰਿਸਪਾਂਸ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਜਨਸੰਖਿਆ ਦੇ ਸੰਵੇਦਨਸ਼ੀਲ ਚਰਿਤਰ ਅਧਿਐਨ ਤੋਂ ਕੁਸ਼ਲ ਅਨੁਮਾਨ ਲਗਾਉਣ ਲਈ ਟੂਲ ਵਿਕਸਿਤ ਕਰਨੇ ਹਨ।
ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ (ਕੰਟਰੈਕਚੁਅਲ) ਡਾ. ਅਮਨਪ੍ਰੀਤ ਕੌਰ, ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਵਾਈਜ਼ ਪੀ.ਡੀ.ਐਫ ਸਕੀਮ ਤਹਿਤ 35.5 ਲੱਖ ਰੁਪਏ ਦਾ ਪ੍ਰੋਜੈਕਟ ਜਾਰੀ ਹੋਇਆ ਹੈ, ਨੇ ਉਦਾਹਰਣ ਸਹਿਤ ਦੱਸਿਆ ਕਿ ਬਹੁਤ ਸਾਰੇ ਨਾਗਰਿਕ ਆਪਣੀਆਂ ਬਹੁਤ ਸਾਰੀਆਂ ਜਾਣਕਾਰੀਆਂ ਛੁਪਾ ਲੈਂਦੇ ਹਨ, ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਹਿਤ ‘ਚ ਨਹੀਂ ਹੁੰਦੀਆਂ। ਉਨ੍ਹਾਂ ਦੱਸਿਆ ਅਸਲ ਸੱਚ ਨੂੰ ਸਾਹਮਣੇ ਲਾਉਣ ਦੇ ਕੁੱਝ ਅਜਿਹੇ ਤਰੀਕੇ ਨਾਲ ਪ੍ਰਸ਼ਨ ਪੁੱਛ ਕੇ ਮਾਪਦੰਡ ਤਿਆਰ ਕਰ ਲਿਆ ਜਾਵੇਗਾ ਕਿ ਅਸਲ ਜਾਣਕਾਰੀ ਕੀ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਮਾਜ ਦੀ ਬਿਹਤਰੀ ਦੇ ਲਈ ਸਰਕਾਰ ਵੱਲੋਂ ਵਿਗਿਆਨਕ ਢੰਗ ਨਾਲ ਭਲਾਈ ਦੀਆਂ ਸਕੀਮਾਂ ਤਿਆਰ ਕੀਤੀਆਂ ਜਾਣਗੀਆਂ ਜੋ ਸਿਹਤਮੰਦ ਸਮਾਜ ਸਿਰਜਣ ਵਿਚ ਸਹਾਇਕ ਹੋਣਗੀਆਂ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ `ਤੇ ਚੱਲਦਿਆਂ ਡਾ. ਅਮਨਪ੍ਰੀਤ ਕੌਰ ਦਾ ਇਹ ਪ੍ਰੋਜੈਕਟ ਸਮਾਜ ਨੂੰ ਹੋਰ ਸੋਹਣਾ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ।ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ ਨੇ ਵੀ ਕਿਹਾ ਕਿ ਡਾ. ਅਮਨਪ੍ਰੀਤ ਕੌਰ ਦਾ ਇਹ ਪ੍ਰੋਜੈਕਟ ਬਹੁਤ ਸਲਾਹੁਣਯੋਗ ਹੈ।ਡਾ. ਅਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ ਦੇ ਗਾਈਡ ਡਾ. ਲਵਲੀਨ ਕੁਮਾਰ ਗਰੋਵਰ ਐਸੋਸੀਏਟ ਪ੍ਰੋਫੈਸਰ ਗਣਿਤ ਵਿਭਾਗ ਦੀ ਉਹ ਬਹੁਤ ਧੰਨਵਾਦੀ ਹੈ, ਜੋ ਉਨ੍ਹਾਂ ਨੂੰ ਸੁੁਚੱਜੀ ਅਗਵਾਈ ਦੇ ਕੇ ਇਸ ਪ੍ਰੋਜੈਕਟ ਨੂੰ ਉਲੀਕਣ ਵਿੱਚ ਮਦਦ ਕਰ ਰਹੇ ਹਨ।

Check Also

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ ਸਪੋਰਟਸ ਡੇਅ ਮਨਾਇਆ

ਅੰਮ੍ਰਿਤਸਰ, 12 ਦਸੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ …