ਪਾਕਿਸਤਾਨ ਦੇ ਗੁਰਧਾਮਾਂ ਵਿੱਚ ਨਾਨਕਸ਼ਾਹੀ ਕੈਲੰਡਰ ਸਣੇ ਵੀਜ਼ਾ ਨੀਤੀ ਵਿੱਚ ਸੋਧ ਕਰਨ ਲਈ ਮੰਗਿਆ ਸਹਿਯੋਗ

ਨਵੀਂ ਦਿੱਲੀ, 28 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਅੱਜ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਦਿੱਲੀ ਵਿੱਖੇ ਪਾਕਿਸਤਾਨ ਦੂਤਘਰ ਦੇ ਸਫੀਰ ਜਨਾਬ ਅਬਦੁਲ ਬਿਸ਼ਟ ਨਾਲ ਦੁਪਹਿਰ ਦੇ ਭੋਜਨ ਵੇਲੇ ਸਿੱਖ ਮਸਲਿਆਂ ਨੂੰ ਲੈ ਕੇ ਦੋਸਤਾਨਾ ਮਾਹੌਲ ਵਿੱਚ ਮੁਲਾਕਾਤ ਕੀਤੀ। ਵਫਦ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਨੂੰ ਜਾਣ ਵਾਲੇ ਯਾਤਰੂਆਂ ਨੂੰ ਨਾਨਕਸ਼ਾਹੀ ਕੈਲੰਡਰ ਦੇ ਭੰਬਲ-ਭੂਸੇ ਤੋਂ ਬਾਹਰ ਕੱਢਣ ਦਾ ਰਸਤਾ ਲੱਭਣ ਵਾਸਤੇ ਇਕ ਉਚ ਪੱਧਰੀ ਵਫਦ ਨੂੰ ਪਾਕਿਸਤਾਨ ਜਾਣ ਅਤੇ ਸਿੱਖ ਪ੍ਰਚਾਰਕਾਂ ਨੂੰ ਖੁੱਲ੍ਹੇ ਵੀਜ਼ੇ ਦਿੱਤੇ ਜਾਣ ਦੀ ਮੰਗ ਕੀਤੀ। ਇਸ ਵਫਦ ਵਿੱਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਆਗੂ ਜ. ਅਵਤਾਰ ਸਿੰਘ ਹਿਤ, ਜ. ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਯਾਤਰਾ ਵਿਭਾਗ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਮੈਂਬਰ ਚਮਨ ਸਿੰਘ ਮੌਜੂਦ ਸਨ।
ਮਨਜੀਤ ਸਿੰਘ ਜੀ. ਕੇ. ਨੇ ਪਾਕਿਸਤਾਨੀ ਸਫੀਰ ਦਾ ਮੁਲਾਕਾਤ ਦਾ ਸਮਾਂ ਦੇਣ ਵਾਸਤੇ ਧੰਨਵਾਦ ਕਰਦੇ ਹੋਏ ਪਾਕਿਸਤਾਨ ਅਤੇ ਭਾਰਤ ਵਿਚਕਾਰ ਬੇਹਤਰ ਰਿਸ਼ਤਿਆਂ ਦੀ ਆਸ ਜਤਾਈ।2009 ਤੋਂ ਬਾਅਦ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਤੇ ਤਵੱਜੋ ਦੇਣ ਕਰਕੇ ਪਾਕਿਸਤਾਨ ਜਾਣ ਵਾਲੇ ਯਾਤਰੂਆਂ ਨੂੰ ਹੋ ਰਹੀ ਖੱਜਲ ਖੁਆਰੀ ਦਾ ਜਿਕਰ ਕਰਦੇ ਹੋਏ ਜੀ. ਕੇ  ਨੇ ਵਿਸਾਖੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦਾ ਸਾਂਝਾ ਵਫਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਭੇਜਣ ਲਈ ਮੰਜੂਰੀ ਵੀ ਮੰਗੀ ਤਾਂ ਕਿ ਵਿਸਾਖੀ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਵੱਖ-ਵੱਖ ਤਰੀਕਾਂ ‘ਤੇ ਇਕ ਆਮ ਰਾਇ ਕਾਇਮ ਹੋ ਸਕੇ। ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਦਿੱਲੀ ਅਤੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਮੁੱਖ ਗ੍ਰੰਥੀ ਅਤੇ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਦੇ ਮੈਂਬਰਾਂ ਨੂੰ ਇਕ ਸਾਲ ਦਾ ਮਲਟੀਪਲ ਵੀਜ਼ਾ ਦੇਣ ਦੇ ਨਾਲ ਹੀ ਰਾਗੀ, ਪ੍ਰਚਾਰਕਾਂ, ਢਾਡੀ, ਤੇ ਗ੍ਰੰਥੀ ਸਿੰਘਾਂ ਅਤੇ ਸੰਗਤ ਨੂੰ ਵੀ ਸਮੇਂ-ਸਮੇਂ ਖੁੱਲ੍ਹੇ ਵੀਜ਼ੇ ਦੇਣ ਦੀ ਵਫਦ ਨੇ ਮੰਗ ਕੀਤੀ।
ਪਾਕਿਸਤਾਨੀ ਸਫੀਰ ਵੱਲੋਂ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਦੇ ਉਚ ਅਧਿਕਾਰੀਆਂ ਨੂੰ ਮਿਲਣ ਜਾ ਰਹੇ ਵਫਦ ਨੂੰ ਵੀਜ਼ਾ ਦੇਣ ਦੀ ਮੰਗ ਨੂੰ ਮੰਨਜੂਰ ਕਰਦੇ ਹੋਏ ਜਥੇਦਾਰ ਸਾਹਿਬਾਨ ਅਤੇ ਮੁੱਖ ਗ੍ਰੰਥੀਆਂ ਵਾਸਤੇ ਇਕ ਸਾਲ ਦਾ ਮਲਟੀਪਲ ਵੀਜ਼ਾ ਦੇਣ ਦੀ ਹਾਮੀ ਭਰਨ ਦੇ ਨਾਲ ਹੀ ਪ੍ਰਚਾਰਕਾਂ ਅਤੇ ਸੰਗਤ ਵਾਸਤੇ ਆਪਣੇ ਨਿਯਮਾਂ ਦੀ ਵੀ ਘੋਖ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਮਨਜੀਤ ਸਿੰਘ ਜੀ.ਕੇ ਨੇ ਸਫੀਰ ਨੂੰ ਸਿਰੋਪਾ, ਸ਼ਾਲ, ਸ੍ਰੀ ਸਾਹਿਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਭੇਟ ਕਰਕੇ ਵੀ ਸਨਮਾਨਿਤ ਕੀਤਾ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					