16 ਦਸੰਬਰ ਸ਼ਹੀਦੀ ਪੁਰਬ ‘ਤੇ ਵਿਸ਼ੇਸ਼
ਜਥੇਦਾਰ ਅਵਤਾਰ ਸਿੰਘ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਆਪ ਨੇ ਸਿੱਖੀ ਮਾਰਗ ‘ਤੇ ਚੱਲਣ ਲਈ ਕੁਰਬਾਨੀ ਦੀ ਸ਼ਰਤ ਨੂੰ ਆਪਣੀ ਬਾਣੀ ਅੰਦਰ ਇਸ ਤਰ੍ਹਾਂ ਬਿਆਨ ਕੀਤਾ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਧਰਮ ਅੰਦਰ ਸ਼ਹੀਦੀ-ਪਰੰਪਰਾ ਦਾ ਆਰੰਭ ਕਰ ਦਿੱਤਾ। ਪੰਜਵੇਂ ਪਾਤਸ਼ਾਹ ਵੱਲੋਂ ਦਿੱਤੀ ਸ਼ਹਾਦਤ ਦੀ ਲੜੀ ਵਿਚ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਿੱਖੀ ਅੰਦਰ ਸ਼ਹੀਦੀ ਪਰੰਪਰਾ ਨੂੰ ਅੱਗੇ ਤੋਰਨ ਵਿਚ ਇੱਕ ਮੀਲ ਪੱਥਰ ਸਾਬਤ ਹੋਈ। ਇਸ ਉਪਰੰਤ ਹੱਕ-ਸੱਚ ਖਾਤਰ ਕੁਰਬਾਨੀਆਂ ਦੇਣ ਦੀ ਇੱਕ ਲੰਮੀ ਲੜੀ ਦਾ ਆਰੰਭ ਹੋਇਆ। ਉਸ ਸਮੇਂ ਤੋਂ ਹੁਣ ਤੀਕ ਲੱਖਾਂ ਹੀ ਸਿੱਖ ਤਲੀ ‘ਤੇ ਸੀਸ ਰੱਖ ਕੌਮੀ ਅਣਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਇਤਿਹਾਸ ਤੇ ਸਭਿਆਚਾਰ ਦੀ ਇਕ ਨਿਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ, ਇਹ ਨਿੱਡਰਤਾ ਦੀ ਨਿਸ਼ਾਨੀ ਹੈ, ਖੁਦਦਾਰੀ ਦਾ ਇਜ਼ਹਾਰ ਹੈ। ਸ਼ਹੀਦ, ਸਬਰ ਤੇ ਸਿਦਕ ਦਾ ਮੁਜੱਸਮਾ ਹੈ। ‘ਸ਼ਹੀਦ’ ਲਫਜ਼ ਦਾ ਅਧਾਰ ਸ਼ਾਹਦੀ, ਗਵਾਹੀ ਹੈ। ਭਾਵ ਮਕਸਦ, ਨਿਸ਼ਾਨੇ ਵਾਸਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ ਹੈ। ਜ਼ੁਅਰਤ ਤੇ ਗੈਰਤ ਵਾਲੇ ਲੋਕ ਹੀ ਆਪਣੇ ਅਸੂਲ ‘ਤੇ ਪਹਿਰਾ ਦਿੰਦੇ ਹਨ। ਸਿੱਖ ਕੌਮ ਦਲੇਰ ਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸ਼ਹੀਦਾਂ, ਮੁਰੀਦਾਂ, ਹਠੀਆਂ ਤੇ ਤਪੀਆਂ ਦੀ ਕੌਮ ਹੈ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਮਨੁੱਖੀ ਕਦਰਾਂ-ਕੀਮਤਾਂ ਤੇ ਸਿੱਖ ਪੰਥ ਦੀ ਮਰਯਾਦਾ ਨੂੰ ਜਿਉਂਦਿਆਂ ਰੱਖਣ ਵਾਲੀ ਵਿਚਾਰਧਾਰਕ ਭੂਮੀ ਨੂੰ ਬੰਜਰ ਹੋਣ ਤੋਂ ਬਚਾਇਆ। ‘ਸ਼ਹਾਦਤ’ ਨਿਆਂ, ਨੇਕੀ, ਹੱਕ, ਸੱਚ, ਸਹਿਜ, ਪ੍ਰੇਮ ਅਤੇ ਰੌਸ਼ਨੀ ਦੇ ਸੋਮੇ ਧਰਮ ਲਈ ਹੁੰਦੀ ਹੈ। ਨੌਵੇਂ ਗੁਰੂ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੀ ਵਿਚਾਰਧਾਰਾ ਤੇ ਅਮਲੀ ਵਰਤਾਰੇ ਨੂੰ ਸਿਖਰ ‘ਤੇ ਪਹੁੰਚਾਇਆ। ‘ਸਿਰੁ ਦੀਜੇ ਕਾਣਿ ਨ ਕੀਜੈ’ ਦੇ ਵਿਚਾਰ ਨੂੰ ਧੁਰ ਰੂਹ ਤਕ ਅਪਣਾਇਆ। ਨੌਵੇਂ ਪਾਤਸ਼ਾਹ ਸੰਪੂਰਨ ਆਤਮ ਸਮਰਪਣ ਦਾ ਇਹ ਅਮਲ ਅਪਣਾ ਕੇ ਉਹ ਉਮਰ ਤੇ ਕਾਲ ਦੀ ਸੀਮਾ ਤੋਂ ਮੁਕਤ ਹੋ ਕੇ ਅਮਰ ਹੋ ਗਏ।
ਇਤਿਹਾਸ ਅਨੁਸਾਰ ਜਦੋਂ ਕਸ਼ਮੀਰ ਵਿੱਚੋਂ ਆਏ ਪੰਡਤਾਂ ਨੇ ਅਨੰਦਪੁਰ ਵਿਖੇ ਆ ਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਜਬਰੀ ਧਰਮ ਤਬਦੀਲੀਆਂ ਅਤੇ ਦੁੱਖਾਂ ਦੀ ਲੰਮੀ ਦਾਸਤਾਨ ਸੁਣਾਈ ਤਾਂ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ ਕਿ ਕਿਸੇ ਮਹਾਨ ਪੁਰਖ ਦੇ ਬਲੀਦਾਨ ਨਾਲ ਹਕੂਮਤ ਦੇ ਅੱਤਿਆਚਾਰ ਰੁਕ ਜਾਣਗੇ ਤਾਂ ਉਥੇ ਖੜ੍ਹੇ ਬਾਲਕ ਗੋਬਿੰਦ ਰਾਇ ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ ਤੁਹਾਡੇ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਦੇ ਭੋਲੇ ਪਰ ਦੂਰ-ਅੰਦੇਸ਼ੀ ਵਾਲੇ ਬਚਨ ਸੁਣ ਕੇ ਹੋਰ ਸਭ ਲੋਕ ਹੱਕੇ-ਬੱਕੇ ਰਹਿ ਗਏ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਆਪ ਨੇ ਬਾਲ ਗੋਬਿੰਦ ਰਾਇ ਨੂੰ ਬੜੇ ਪ੍ਰਤਾਪੀ ਅਤੇ ਸਮਰਥ ਸਮਝ ਕੇ ਛਾਤੀ ਨਾਲ ਲਗਾ ਲਿਆ ਅਤੇ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੇ ਧਰਮ ਦੀ ਰਖਵਾਲੀ ਲਈ ਭਰੋਸਾ ਦਿੱਤਾ।
ਸਿੱਖ ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਕੁਝ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ, ਉਦੋਂ ਔਰੰਗਜ਼ੇਬ ਹਿੰਦੁਸਤਾਨ ਦੇ ਸੂਬਾ ਸਰਹਿੰਦ ਵੱਲੋਂ ਪਠਾਣਾਂ ਦੀ ਬਗਾਵਤ ਰੋਕਣ ਦੇ ਸਿਲਸਿਲੇ ਵਿਚ ਕਾਹਲੀ-ਕਾਹਲੀ ਰਵਾਨਾ ਹੋ ਗਿਆ ਸੀ ਅਤੇ ਜਾਂਦੀ ਵਾਰੀ ਗੁਰੂ ਸਾਹਿਬ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਆਪਣੇ ਤੋਂ ਬਾਅਦ ਉੱਚ ਅਹਿਲਕਾਰਾਂ ਨੂੰ ਸਮਝਾ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਆਰੰਭ ਕਰ ਦਿੱਤਾ। ਪਹਿਲਾਂ ਗੁਰੂ ਜੀ ਨਾਲ ਗ੍ਰਿਫਤਾਰ ਕੀਤੇ ਗਏ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਤਸੀਹੇ ਦਿੱਤੇ ਗਏ। ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਧੰਨ ਸਨ ਗੁਰੂ ਦੇ ਸਿਦਕੀ ਸਿੱਖ ਜਿਨ੍ਹਾਂ ਮੌਤ ਨੂੰ ਖੁਦ ਕਲਾਵੇ ਵਿਚ ਲਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ-ਫਾੜ ਕਰ ਦਿੱਤਾ ਗਿਆ। ਗੁਰੂ ਦੇੇ ਸਿੱਖ ਨੇ ਸੀ ਨਹੀਂ ਕੀਤੀ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹੀਦ ਹੋ ਗਿਆ। ਹਕੂਮਤ ਦੇ ਅਹਿਲਕਾਰ ਗੁਰੂ ਸਾਹਿਬ ਦਾ ਪ੍ਰਤੀਕਰਮ ਉਡੀਕਦੇ ਪਰ ਗੁਰੂ ਸਾਹਿਬ ਅਡੋਲ ਚਿੱਤ ਸਨ। ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀ ਵਿਚ ਸੁਟ ਕੇ ਉਬਾਲ ਦਿੱਤਾ ਗੁਰੂ ਦੇ ਸਿੱਖ ਨੇ ਹਾਏ ਤੱਕ ਨਹੀਂ ਕੀਤੀ। ਹਕੂਮਤ ਹੁਣ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ, ਕਿਉਂਕਿ ਉਸ ਦੇ ਕਈ ਵਾਰ ਖਾਲੀ ਹੋ ਗਏ ਸਨ ਅਤੇ ਇਹ ਦ੍ਰਿਸ਼ ਵੇਖ ਕੇ ਆਸ-ਪਾਸ ਦੇ ਲੋਕਾਂ ਦੇ ਦਿਲ ਹਿੱਲ ਗਏ ਸਨ ਪਰ ਗੁਰੂ ਸਾਹਿਬ ਅਡੋਲ ਸਨ। ਹਕੂਮਤ ਦੇ ਜਲਾਦਾਂ ਨੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ। ਇਹ ਕਹਿਰ ਵੀ ਗੁਰੂ ਸਾਹਿਬ ਨੂੰ ਹਰਾ ਨਾ ਸਕਿਆ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀ ਦੀ ਹੱਦ ਕਰ ਦਿੱਤੀ ਸੀ। ਕਿਤਨੇ ਭਿਆਨਕ ਤੇ ਡਰਾਉਣੇ ਸੀਨ ਸਨ, ਜਿਸ ਦੀ ਕਲਪਨਾ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਪਰ ਗੁਰੂ ਦੇ ਸੱਚੇ ਸਿੱਖ ਜੁਲਮ ਸਹਿ ਕੇ ਵੀ ਸਿੱਖੀ ਦੇ ਰਸਤੇ ਤੋਂ ਭਟਕੇ ਨਹੀਂ। ਹਕੂਮਤ ਬੁਖਲਾ ਉੱਠੀ ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਗੁਰੂ ਜੀ ਨੂੰ ਵੀ ਉਨ੍ਹਾਂ ਦਾ ਸੀਸ ਧੜ੍ਹ ਨਾਲੋਂ ਅਲੱਗ ਕਰ ਕੇ ਸ਼ਹੀਦ ਕਰ ਦਿੱਤਾ ਗਿਆ।
ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਅਨਿਆਂ ਵਿਰੁੱਧ ਸੰਘਰਸ਼ ਦਾ ਐਲਾਨਨਾਮਾ ਹੈ, ਜਿਸ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਮਨੁੱਖਤਾ ਦੇ ਹੱਕਾਂ ਦੀ ਰਖਵਾਲੀ ਲਈ ਜੇਕਰ ਆਪਾ ਵੀ ਕੁਰਬਾਨ ਕਰਨਾ ਪਏ ਤਾਂ ਪਿੱਛੇ ਨਹੀਂ ਹਟਣਾ। ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਕਹਿਣਾ ਯੋਗ ਹੋਏਗਾ ਕਿ ਆਪ ਜੀ ਦੀ ਸ਼ਹਾਦਤ ਮਨੁੱਖ ਨੂੰ ਨਿੱਜ-ਮੁਖੀ ਹੋਣ ਦੀ ਥਾਂ ਮਾਨਵ ਹਿਤਕਾਰੀ ਹੋਣ ਦਾ ਸੱਦਾ ਹੈ।
ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।