Friday, September 20, 2024

ਸ.ਪਰਕਾਸ਼ ਸਿੰਘ ਬਾਦਲ ਦਾ ਕੋਈ ਸਾਨੀ ਨਹੀਂ – ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ- ਜਥੇ: ਅਵਤਾਰ ਸਿੰਘ

PPP110202
ਅੰਮ੍ਰਿਤਸਰ, 12 ਫਰਵਰੀ ( ਪੰਜਾਬ ਪੋਸਟ ਬਿਊਰੋ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਨੇ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤਾਂ ਜੋ ਮੇਰੇ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੂਰੀ ਪੈਦਾ ਕੀਤੀ ਜਾ ਸਕੇ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਹੈ ਕਿ ਪੱਤਰਕਾਰ ਮਿਲਣੀ ਸਮੇਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਇਹ ਜ਼ਰੂਰ ਕਿਹਾ ਸੀ ਕਿ ਸ.ਪਰਕਾਸ਼ ਸਿੰਘ ਬਾਦਲ ਦਾ ਕੋਈ ਸਾਨੀ ਨਹੀਂ ਉਨ੍ਹਾਂ ਦੀ ਕੌਮ ਨੂੰ ਵੱਡੀ ਦੇਣ ਹੈ। ਸ. ਬਾਦਲ ਨੇ ਆਪਣੇ ਜੀਵਨ ਵਿੱਚ ਕੌਮ ਲਈ ਲੰਮਾ ਸਮਾਂ ਜੇਲ੍ਹਾਂ ਕੱਟੀਆਂ ਹਨ ਤੇ ਹੁਣ ਬਤੌਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਜਥੇਦਾਰ ਅਵਤਾਰ ਸਿੰਘ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰ (ਉਨ੍ਹਾਂ ਸਮੇਤ) ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਹੀ ਚੋਣ ਲੜਕੇ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਹਨ। ਇਸ ਲਈ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਮਸਲੇ ਤੇ ਜ਼ਰੂਰਤ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਪਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਪਾਸੋਂ ਸਲਾਹ ਲੈਂਦੀ ਹੈ। ਉਨ੍ਹਾਂ ਕਿਹਾ ਕਿ ਸ.ਬਾਦਲ ਸਾਡੀ ਪਾਰਟੀ ਦੇ ਸਰਪ੍ਰਸਤ ਹਨ ਤੇ ਉਹ ਰਾਜਨੀਤੀ ਦੇ ਖੇਤਰ ਵਿੱਚ ਹਮੇਸ਼ਾਂ ਸਾਡੀ ਅਗਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤੀਕ ਸ਼ਹੀਦੀ ਯਾਦਗਾਰ ਬਨਾਉਣ ਦਾ ਸਵਾਲ ਹੈ, ਇਹ ਯਾਦਗਾਰ ਬਨਾਉਣ ਬਾਰੇ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਤੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਨੰਬਰ 1474 ਮਿਤੀ 3.5.2012੨ ਰਾਹੀਂ ਆਪ ਕੀਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਇਸ ਫੈਸਲੇ ਬਾਰੇ ਸ.ਪਰਕਾਸ਼ ਸਿੰਘ ਬਾਦਲ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਸੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜੱਗਬਾਣੀ ਅਖਬਾਰ ਦੇ ਪੱਤਰਕਾਰ ਨੇ ਪਟਿਆਲਾ ਤੋਂ ਮੇਰੇ ਕਹੇ ਸ਼ਬਦਾਂ ਨੂੰ ਗਲਤ ਰੰਗਤ ਦਿੱਤੀ ਸੀ ਤੇ ਹੁਣ ਫੇਰ ਮੇਰੇ ਕਹੇ ਸ਼ਬਦਾ ਨੂੰ ਇਸੇ ਅਖਬਾਰ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਜੋ ਗੁੰਮਰਾਹਕੁਨ ਤੇ ਕੂੜ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਗੁੰਮਰਾਹਕੁਨ ਪ੍ਰਚਾਰ ਵੱਲ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਅਜਿਹੀ ਗਲਤ ਖਬਰ ਛਾਪਣ ਵਾਲੇ ਪੱਤਰਕਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ। ਸ.ਪਰਕਾਸ਼ ਸਿੰਘ ਬਾਦਲ ਦਾ ਦਿਲੋਂ ਸਤਿਕਾਰ ਕਰਦੇ ਹਨ ਜਿਥੇ ਕਿਤੇ ਵੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ ਉਹ ਸ.ਬਾਦਲ ਪਾਸੋਂ ਯੋਗ ਅਗਵਾਈ ਲੈਂਦੇ ਰਹਿਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply