ਪਰਮ ਪਿਤਾ ਪਰਮੇਸ਼ਰ ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਬੜਾ ਹੀ ਦਿਆਲੂ ਹੈ ਤੇ ਖੁਦ ਹੀ ਇਸ ਦਾ ਸੰਚਾਲਕ ਅਤੇ ਪ੍ਰਤਿਪਾਲਕ ਵੀ ਹੈ। ਉਰ ਸੰਸਾਰ ਤੇ ਆਪਣੇ ਭਗਤਾਂ ਨੂੰ ਪ੍ਰੇਮ ਅਤੇ ਭਗਤੀ ਦਾ ਸੱਚਾ ਮਾਰਗ ਵਿਖਾ ਕੇ ਭਵ-ਸਾਗਰ ਤੋਂ ਪਾਰ ਕਰਨ ਲਈ ਵੱਖ-ਵੱਖ ਸਮੇਂ ਤੇ ਬਾਰ-ਬਾਰ ਮਨੁੱਖ ਦੇ ਚੋਲੇ ਵਿੱਚ ਸੰਸਾਰ ਵਿਚ ਆਉਂਦਾ ਰਹਿੰਦਾ ਹੈ। ਪਰਮਾਤਮਾ ਨੂੰ ਹੀ ਸੰਤ ਸਤਿਗੁਰੂ ਕਿਹਾ ਜਾਂਦਾ ਹੈ।
ਕਬੀਰ ਸਹਿਬ ਜੀ ਇਸ ਬਾਰੇ ਕਹਿੰਦੇ ਹਨ-
ਰਾਮ ਕਬੀਰਾ ਏਕ ਹੈ, ਕਹਨ ਸੁਨਨ ਕੋ ਦੋਇ।
ਦੋਇ ਕਰ ਸੋਇ ਜਾਨੇ, ਜੇ ਸਤਿਗੁਰੂ ਮਿਲਾ ਨਾ ਰੋਇ।
ਗੁਰੂ ਰਵਿਦਾਸ ਜੀ ਦਾ ਜਨਮ ਗਰੀਬ ਪਰਿਵਾਰ ਅਤੇ ਛੋਟੀ ਸਮਝੀ ਜਾਂਦੀ ਜਾਤੀ ਵਿੱਚ ਹੋਇਆ ਪਰ ਆਪ ਪਰਮਾਤਮਾ ਦੀ ਸੱਚੀ ਦੀ ਸੱਚੀ ਭਗਤੀ ਦੁਆਰਾ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਅਤੇ ਉੱਚੀ ਜਾਤੀ ਦੇ ਵੱਡੇ-ਵੱਡੇ ਰਾਜੇ, ਰਾਣੀਆਂ ਆਪ ਨੂੰ ਸਤਿਗੁਰੂ ਧਾਰ ਕੇ ਆਪ ਦੇ ਚਰਨ ਕੰਵਲਾਂ ਦੇ ਪ੍ਰੇਮੀ ਬਣੇ। ਸਤਿਗੁਰੂ ਰਵਿਦਾਸ ਜੀ ਆਪ ਖੁੱਦ ਹੀ ਲਿਖਦੇ ਹਨ ਕਿ ਛੋਟੀ ਜ਼ਾਤ ਵਿਚ ਜਨਮ ਹੋਣ ਦੇ ਬਾਵਜੂਦ ਪਰਮਾਤਮਾ ਦੀ ਭਗਤੀ ਦੁਆਰਾ ਮੈਨੂੰ ਉਹ ਉੱਚੀ ਗਤੀ ਪ੍ਰਾਪਤ ਹੋ ਗਈ ਹੈ ਕਿ ਉੱਚੀਆਂ ਕੁਲਾਂ ਦੇ ਵਿਦਵਾਨ ਮੈਨੂੰ ਡੰਡੋਤ ਕਰਨ ਵਿਚ ਵਡਿਆਈ ਮਹਿਸੂਸ ਕਰਦੇ ਹਨ-
ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸਾ ਪਾਸਾ.
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ
ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ।
ਉਕਤ ਤੋਂ ਸਾਫ਼ ਜ਼ਹਿਰ ਹੁੰਦਾ ਹੈ ਕਿ ਬੇਸ਼ਕ ਲੋਕ ਬੁਰੀ ਤਰਾਂ ਜਾਂਤਾਂ-ਪਾਂਤਾਂ ਦੇ ਬੰਧਨਾਂ ਵਿਚ ਜਕੜੇ ਹੋਏ ਹਨ, ਪਰ ਪੂਰਨ ਸੰਤਾਂ ਰੱਬ ਦੇ ਪਿਆਰਿਆ ਅਗੇ ਕੁਦਰਤੀ ਤੌਰ ਤੇ ਹਰ ਇਕ ਦਾ ਸਿਰ ਝੁੱਕ ਜਾਂਦਾ ਹੈ।
ਭਾਂਵੇਂ ਰਾਜੇ-ਮਹਾਂਰਾਜਿਆਂ ਦੇ ਆਪ ਸਤਿਗੁਰੂ ਹੋਣ ਦੇ ਬਾਵਜੂਦ ਵੀ ਆਪ ਨੇ ਜੀਵਨ ਭਰ ਹੱਕ ਹਲਾਲ ਦੀ ਕਮਾਈ ਉੱਤੇ ਨਿਰਭਰ ਰਹਿ ਕੇ ਜਿਦੰਗੀ ਦਾ ਨਿਰਵਾਹ ਕੀਤਾ ਜਿਸ ਦਾ ਭਾਵ ਸੱਚਾ ਸੰਤ-ਸਤਿਗੁਰੂ ਕਦੇ ਸਮਾਜ ਉੱਤੇ ਬੋਝ ਨਹੀਂ ਬਣਦਾ ਅਤੇ ਦਇਆ ਤੇ ਪਰਉਪਕਾਰ ਦੀ ਨਿਸ਼ਕਾਮ ਭਾਵਨਾ ਨਾਲ ਜੀਵਨ-ਪ੍ਰਯੰਤ ਲੋਕਾਂ ਦੀ ਨਿਰਸਵਾਰਥ ਸੇਵਾ ਕਰਦਾ ਹੈ। ਗੁਰੂ ਰਵਿਦਾਸ ਜੀ ਦੀ ਬਾਣੀ ਬਹੁਤ ਸਰਲ ਅਤੇ ਪ੍ਰੇਮ ਦੇ ਰੰਗ ਵਿਚ ਰੰਗੀ ਹੋਈ ਹੈ। ਉਹਨਾਂ ਦੀ ਬਾਣੀ ਆਮ ਲੋਕਾਂ ਵਿਚ ਪਿਆਰੀ ਅਤੇ ਸਤਿਕਾਰੀ ਜਾਂਦੀ ਹੈ। ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੁੱਝ ਪਦ ਸ਼੍ਰੀ ਆਦਿ ਗ੍ਰੰਥ ਵਿਚ ਸ਼ਾਮਲ ਹਨ ਅਤੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਕੁਝ ਪ੍ਰਸੰਗਾਂ ਵਿਚ ਗੁਰੂ ਰਵਿਦਾਸ ਜੀ ਦੀ ਆਪਾਰ ਉਪਮਾ ਕੀਤੀ ਹੈ।
ਸ਼੍ਰੀ ਆਦਿ ਗ੍ਰੰਥ ਵਿਚ ਗੁਰੂ ਰਵਿਦਾਸ ਜੀ ਦੇ ਕੁਲ ੪੦ ਪਦੇ ਹਨ। ਕਬੀਰ ਸਾਹਿਬ ਜੀ ਨੂੰ ਸੱਚਾ ਸੰਤ ਕਿਹਾ ਹੈ । ਆਪ ਅਨੁਸਾਰ ਰਵਿਦਾਸ ਜੀ ਨੇ ਹੋਰ ਸੰਤਾਂ ਵਾਂਗ ਪਰਮਾਤਮਾ ਦੇ ਪ੍ਰੇਮ ਦਾ ਅੰਮ੍ਰਿਤ ਪੀਤਾ ਸੀ—
ਸੰਤਨ ਮੇਂ ਰਵਿਦਾਸ ਸੰਤ ਹੈ।
ਮੀਰਾ ਦੁਆਰਾ ਸਹੁਰਾ ਘਰ ਛੱਡਣ ਅਤੇ ਸਤਿਗੁਰੂ ਰਵਿਦਾਸ ਜੀ ਤੋਂ ਨਾਮ ਦਾਨ ਦੀ ਬਖਸ਼ਿਸ ਪ੍ਰੁਪਤ ਕਰ ਲਈ। ਮੀਰਾਂ ਜੀ ਨੇ ਖੁੱਦ ਕਈ ਪਦਾਂ ਵਿਚ ਬੜੇ ਮਾਨ ਨਾਲ ਇਸ ਸੱਚ ਵੱਲ ਸੰਕੇਤ ਕੀਤਾ-
ਮੀਰਾ ਨੇ ਗੋਬਿੰਦ ਮਿਲਿਆ ਜੀ, ਗੁਰੂ ਮਿਲਿਆ ਰੈਦਾਸ।
ਸ਼੍ਰੀ ਆਦਿ ਗ੍ਰੰਥ ਦੀ ਬਾਣੀ ਵਿਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਭਗਤੀ ਦੀ ਉਪਮਾ ਕੀਤੀ ਹੈ ਅਤੇ ਉਨਾਂ ਨੂੰ ਪੂਰਨ ਸੰਤ ਸਤਿਗੁਰੂ ਪਰਵਾਨ ਕੀਤਾ ਹੈ। ਗੁਰੂ ਰਵਿਦਾਸ ਜੀ ਦੀ ਜਾਤ, ਕੁਲ ਕਿੱਤੇ ਅਤੇ ਜਨਮ ਸਥਾਨ ਬਾਰੇ ਆਪਣੀ ਬਾਣੀ ਵਿਚ ਸ਼ਪੱਸ਼ਟ ਹਵਾਲੇ ਮਿਲਦੇ ਹਨ। ਬਾਣੀ ਦੇ ਹਵਾਲੇ ਅਨੁਸਾਰ ਆਪ ਦਾ ਜਨਮ ਕੁਟਬਾਂਡਲਾ ਨਾਂ ਚਮਿਆਰ ਜ਼ਾਤ ਵਿਚ ਹੋਇਆ । ਆਪ ਦੀ ਜਾਤ ਵੱਡੇ ਵਡੇਰੇ ਬਨਾਰਸ ਦੇ ਨੇੜੇ-ਤੇੜੇ ਮਰੇ ਹੋਏ ਡੰਗਰ-ਢੋਣ ਦਾ ਕੰਮ ਕਰਦੇ ਹੁੰਦੇ ਸਨ।
ਮੇਰੀ ਜਾਤਿ ਕੁਟਬਾਂਡਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸ ਪਾਸਾ।
ਗੁਰੂ ਰਵਿਦਾਸ ਜੀ ਜੀਵਨ ਭਰ ਜੁੱਤੀਆਂ ਗੰਢਣ ਦੇ ਆਪਣੇ ਪਿਤਾ ਪੁਰਖੀ ਕਿੱਤੇ ਨਾਲ ਜੁੜੇ ਰਹੇ-
ਰਵਿਦਾਸ ਹਉਂ ਨਿਜ ਹਥਹਿੰ ਰਾਖੋ ਰਾਂਬੀ ਆਰ।
ਉਨਾਂ ਦੀ ਆਮਦਨ ਬਹੁਤ ਘੱਟ ਹੁੰਦੀ ਸੀ ਫਿਰ ਵੀ ਸਬਰ-ਸ਼ੁਕਰ ਨਾਲ ਆਪਣਾ ਗੁਜ਼ਾਰਾ ਕਰਦੇ ਸਨ। ਇਸ ਨਾਲ ਗੁਰੂ ਜੀ ਦੇ ਹਿਰਦੇ ਦੀ ਉਦਾਰਤਾ ਅਤੇ ਪ੍ਰਭੂ ਭਗਤੀ ਵਿਚ ਕੋਈ ਅਸਰ ਨਹੀਂ ਸੀ ਪੈਂਦਾਂ। ਆਪ ਗਰੀਬੀ ਵਿਚ ਵੀ ਖੁਸ਼ੀ ਨਾਲ ਲਗਨ ਨਾਲ ਪ੍ਰਭੂ ਭਗਤੀ ਦੇ ਮਾਰਗ ਉੱਤੇ ਚਲਦੇ ਰਹੇ-
ਹਮ ਅਪਰਾਧੀ ਨੀਚ ਘਰਿ ਜਨਮੈ ਕੁਟੰਬ ਲੋਗ ਕਰੇ ਹਾਂਸੀ ਰੇ।
ਗੁਰੂ ਰਵਿਦਾਸ ਜੀ ਨੇ ਮਨੁੱਖੀ ਸਰੀਰ ਨੂੰ ਮਾਟੀ ਕਾ ਪੁਤਰਾ ਫ਼ਰਮਾਇਆ ਹੈ ਜੋ ਦੁਨੀਆਂ ਦੇ ਝੂਠੇ ਕੰਮਾਂ-ਕਾਜਾਂ ਵਿਚ ਨੱਚਦਾ ਫਿਰਦਾ ਹੈ ਤੇ ਅੰਤ ਸਮੇਂ ਨੂੰ ਭੁੱਲਾ ਬੈਠਾ ਹੈ । ਇਸ ਲਈ ਸਾਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਅਮਲ ਕਰਦੇ ਹੋਏ ਜਾਤ ਪਾਤ, ਅੰਧ ਵਿਸ਼ਵਾਸ਼ ਰਹਿਤ ਸਮਾਜ ਸਿਰਜਣਾ ਚਾਹੀਦਾ ਹੈ ਤੇ ਹੱਕ ਹਲਾਲ ਦੀ ਸਦਾਂ ਕਮਾਈ ਕਰਨੀ ਚਾਹੀਦੀ ਹੈ, ਇਸ ਲਈ ਗੁਰੂ ਜੀ ਦੇ ਉਪਦੇਸ ਅਨੁਸਾਰ ਹਰੇਕ ਭੁੱਖੇ ਨੂੰ ਪੇਟ ਭਰ ਕੇ ਰੋਟੀ ਮਿਲ ਸਕੇ ਤਾਂ ਹੀ ਗੁਰੂ ਜੀ ਦਾ ਸੁਪਨਾ ਸਕਾਰ ਹੋ ਸਕੇਗਾ।
ਵਿਨੋਦ ਫ਼ਕੀਰਾ,
ਆਰੀਆ ਨਗਰ, ਕਰਤਾਰਪੁਰ,
ਜਲੰਧਰ
098721 97326