ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਨਿਰਦੇਸ਼ ਅਨੁਸਾਰ ਮੁੱਖ ਸਕੱਤਰ ਹਰਚਰਨ ਸਿੰਘ ਨੇ ਉਤਰਾਖੰਡ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਤ੍ਰਿਵੇਂਦਰਾ ਸਿੰਘ ਰਾਵਤ ਨੂੰ ਹਰਿ ਕੀ ਪਉੜੀ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਸਥਾਪਤ ਕਰਨ ਲਈ ਇੱਕ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਲਿਖੇ ਗਏ ਪੱਤਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਇਕ ਵਾਰ ਫਿਰ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਤੁਰੰਤ ਹੱਲ ਕੱਢਿਆ ਜਾਵੇ।
ਉਨ੍ਹਾਂ ਪੱਤਰ ਵਿਚ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਪੱਖ ਨੂੰ ਉਘਾੜਦਿਆਂ ਕਿਹਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਸਮੇਂ ਹਰਿਦੁਆਰ ਵਿਖੇ ਮਨੁੱਖਤਾ ਦਾ ਭਲਾ ਕਰਨ ਲਈ ਪਹੁੰਚੇ ਸਨ।ਉਨ੍ਹਾਂ ਨੇ ਗੰਗਾ ਨਦੀ ਦੇ ਕਿਨਾਰਿਆਂ ’ਤੇ ਮਨੁੱਖਤਾ ਨੂੰ ਸੱਚ ਦਾ ਉਪਦੇਸ਼ ਦੇ ਕੇ ਜੀਵਨ ਮਾਰਗ ਦਰਸਾਇਆ ਸੀ।ਉਨ੍ਹਾਂ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਫੇਰੀ ਦੀ ਯਾਦ ਵਿਚ ਇਥੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਤ ਸੀ, ਜਿਸਨੂੰ ਗੰਗਾ ਨਦੀ ਦੇ ਸੁੰਦਰੀਕਰਨ ਸਮੇਂ ਢਾਹ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਜਿਸ ਦੀ ਕਦਰ ਕਰਦਿਆਂ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਦੇ ਨਾਲ-ਨਾਲ ਸਰਾਂ ਤੇ ਲੰਗਰ ਘਰ ਲਈ ਵੀ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਸੂਬੇ ਵਿਚ ਵੱਸਦੇ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਵਿਚ ਆਪਸੀ ਸਦਭਾਵਨਾ ਬਣੀ ਰਹੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media