Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, March 22, 2019
ਤਾਜ਼ੀਆਂ ਖ਼ਬਰਾਂ

ਪ੍ਰਦੂਸ਼ਨ ਤੋਂ ਬਚਣ ਲਈ ਗੁਰਬਾਣੀ ਦਾ ਓਟ ਆਸਰਾ ਜਰੂਰੀ

ਸਮਾਜ ਅੰਦਰ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਵਿਚ ਵਾਤਾਵਰਣ ਇੱਕ ਵੱਡੀ ਚੁਣੌਤੀ ਵਜੋਂ ਸਾਹਮਣੇ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਮਨੁੱਖ ਦੇ ਸਾਹਮਣੇ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ।ਹਵਾ, ਪਾਣੀ ਆਦਿ ਦੇ ਪ੍ਰਦੂਸ਼ਿਤ ਹੋਣ ਨਾਲ ਜ਼ਿੰਦਗੀ ਜਿਉਣਾ ਦੁੱਭਰ ਹੁੰਦਾ ਜਾ ਰਿਹਾ ਹੈ।ਅਜਿਹੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਗਏ ਉਪਰਾਲਿਆਂ ਦੀ ਸੇਧ ਵਿਚ ਚੱਲਣਾ ਬੇਹੱਦ ਜ਼ਰੂਰੀ ਹੈ।ਜਨੇਵਾ ਸਥਿਤ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਅਤੇ ਮਨੁੱਖੀ ਅਧਿਕਾਰਾਂ ਦੇ ਜਾਣਕਾਰ ਡੇਵਿਡ ਬੋਇਡ ਨੇ ਕਿਹਾ ਹੈ ਕਿ ਘਰ ਦੇ ਅੰਦਰ ਅਤੇ ਬਾਹਰ ਹੋਣ ਵਾਲੇ ਪ੍ਰਦੂਸ਼ਣ ਕਾਰਨ ਹਰ ਸਾਲ 70 ਲੱਖ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ ਜਿਨ੍ਹਾਂ ਵਿਚ 6 ਲੱਖ ਬੱਚੇ ਸ਼ਾਮਿਲ ਹਨ।ਸੰਯੁਕਤ ਰਾਸ਼ਟਰ ਦੇ ਮਾਹਿਰ ਦਾ ਕਹਿਣਾ ਹੈ ਕਿ ਲਗਭਗ 6 ਅਰਬ ਲੋਕ ਨਿਯਮਿਤ ਰੂਪ ਨਾਲ ਐਨੀ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ ਕਿ ਇਸ ਨਾਲ ਉਨ੍ਹਾਂ ਦਾ ਜੀਵਨ ਅਤੇ ਸਿਹਤ ਖ਼ਤਰੇ ਵਿਚ ਘਿਰੇ ਰਹਿੰਦੇ ਹਨ। ਵਾਤਾਵਰਨ ਅਤੇ ਮਨੁੱਖੀ ਅਧਿਕਾਰਾਂ ਤੇ ਸੰਯੁਕਤ ਰਾਸਟਰ ਦੇ ਮਾਹਿਰਾਂ ਨੇ ਮਨੁੱਖੀ ਅਧਿਕਾਰ ਕੌਂਸਲ ਨੂੰ ਕਿਹਾ ਕਿ ਇਸ ਦੇ ਬਾਵਯੂਦ ਇਸ ਮਹਾਂਮਾਰੀ ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਹ ਮੌਤਾਂ ਹੋਰਨਾਂ ਆਫਤਾਂ ਤੇ ਮਹਾਂਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਤਰ੍ਹਾਂ ਨਾਟਕੀ ਨਹੀਂ ਹਨ।ਰਿਪੋਰਟ ਅਨੁਸਾਰ ਹਰ ਘੰਟੇ 800 ਲੋਕ ਮਰ ਰਹੇ ਹਨ।ਕੈਂਸਰ ਨਾਲ, ਸਾਹ ਸਬੰਧੀ ਬਿਮਾਰੀਆਂ ਨਾਲ ਜਾਂ ਦਿਲ ਦੀ ਬਿਮਾਰੀਆਂ ਨਾਲ ਜੋ ਪ੍ਰਤੱਖ ਤੌਰ ਤੇ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਕਾਰਨ ਹੁੰਦੀ ਹੈ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨੇ ਕਿਹਾ ਕਿ ਸ਼ੁੱਧ ਹਵਾ ਯਕੀਨੀ ਨਾ ਕਰ ਪਾਉਣਾ ਸਿਹਤ ਵਾਤਾਵਰਨ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।ਸ਼ੁੱਧ ਹਵਾ ਲਈ ਦੇਸ਼ਾਂ ਨੂੰ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ।ਇਸ ਵਿੱਚ ਹਵਾ ਦੀ ਗੁਣਵਤਾ ਅਤੇ ਮਨੁੱਖੀ ਸਿਹਤ ਤੇ ਪੈਣ ਵਾਲੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਅਤੇ ਪ੍ਰਦੂਸ਼ਣ ਦੇ ਸਰੋਤਾਂ ਦਾ ਮੁਲਾਂਕਣ ਕਰਦਿਆਂ ਜਨ ਸਿਹਤ ਸਲਾਹਾਂ ਸਮੇਤ ਹੋਰ ਸੂਚਨਾਵਾਂ ਨੂੰ ਜਨਤਕ ਤੌਰ ਤੇ ਮੁਹੱਈਆ ਕਰਨਾ ਸ਼ਾਮਿਲ ਹੈ।
    ਸਿੱਖੀ ਦਾ ਮੁੱਖ ਉਦੇਸ਼ ਮਨੁੱਖੀ ਜੀਵਨ ਨੂੰ ਕਲਿਆਣਕਾਰੀ ਬਣਾ ਕੇ ਸਾਵਾਂ-ਪੱਧਰਾ ਅਤੇ ਅਗਾਂਹਵਧੂ ਬਣਾਉਣਾ ਹੈ। ਅਗਿਆਨਤਾ ਰੂਪੀ ਹਨ੍ਹੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕਰਨ ਹਿੱਤ ਸਿੱਖ ਗੁਰੂ ਸਾਹਿਬਾਨ ਹਮੇਸ਼ਾਂ ਯਤਨਸ਼ੀਲ ਰਹੇ। ਗੁਰੂ ਸਾਹਿਬਾਨ ਦਾ ਜੀਵਨ ਮਨੁੱਖ-ਮਾਤਰ ਲਈ ਪ੍ਰੇਰਨਾ-ਸਰੋਤ ਹੈ।ਉਂਝ ਸਾਰੇ ਹੀ ਗੁਰੂ ਸਾਹਿਬਾਨ ਨੇ ਸਮਾਜਿਕ ਭਲਾਈ ਲਈ ਆਪਣਾ ਯੋਗਦਾਨ ਪਾਇਆ ਪਰ ਵਾਤਾਵਰਣ ਦੀ ਸ਼ੁੱਧਤਾ ਲਈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੀਵਨ ਵੀ ਮਨੁੱਖ ਲਈ ਚਾਨਣ-ਮੁਨਾਰਾ ਹੈ।ਇਸੇ ਲਈ ਹੀ ਆਪ ਜੀ ਦਾ ਗੁਰਗੱਦੀ ਦਿਵਸ ਅੱਜ `ਵਾਤਾਵਰਣ ਸ਼ੁੱਧਤਾ ਦਿਵਸ` ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਆਪ ਜੀ ਦੇ ਜੀਵਨ ਵਿੱਚੋਂ ਸਮਾਜ ਭਲਾਈ ਅਤੇ ਮਨੁੱਖੀ ਹਿੱਤਾਂ ਦੀ ਰੌਸ਼ਨੀ ਸਪਸ਼ਟ ਨਜ਼ਰ ਪੈਂਦੀ ਹੈ। ਸਤਵੇਂ ਪਾਤਸ਼ਾਹ ਜੀ ਦਾ ਜੀਵਨ ਸੰਸਾਰ ਨੂੰ ਦਇਆ, ਦ੍ਰਿੜ੍ਹਤਾ ਅਤੇ ਜੀਵਨ ਦੀ ਸਾਰਥਿਕਤਾ ਨੂੰ ਸਮਝਣ ਲਈ ਪ੍ਰੇਰਨਾ ਦਿੰਦਾ ਹੈ। ਭਾਈ ਨੰਦ ਲਾਲ ਜੀ ਆਪਣੀ ਰਚਨਾ `ਗੰਜਨਾਮਾ` ਅੰਦਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਾਰੇ ਲਿਖਦੇ ਹਨ ਕਿ ਗੁਰੂ ਜੀ ਸੱਚ ਦੇ ਪਾਲਣਹਾਰੇ ਹਨ, ਸੁਲਤਾਨ ਵੀ ਹਨ ਅਤੇ ਦਰਵੇਸ਼ ਵੀ। ਆਪ ਜੀ ਲੋਕ-ਪ੍ਰਲੋਕ ਦੋਹਾਂ ਜਹਾਨਾਂ ਦੇ ਵਾਲੀ ਵੀ ਹਨ-
ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਇ।
ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ॥87॥
ਫਯਾਜ਼ੁਲ ਦਾਰੈਨ ਗੁਰੂ ਕਰਤਾ ਹਰਿ ਰਾਇ।
ਸਰਵਰਿ ਕੌਨਨ ਗੁਰੂ ਕਰਤਾ ਹਰਿ ਰਾਇ॥88॥
    ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸ਼ਖ਼ਸੀਅਤ, ਦਇਆ, ਸੰਤੋਖ, ਸਹਿਜ ਵਰਗੇ ਸ਼ੁਭ-ਗੁਣਾਂ ਦੀ ਧਾਰਨੀ ਹੈ।ਮਨੁੱਖਤਾ ਨੂੰ ਪਿਆਰ ਕਰਨ ਵਾਲੀ ਇਸ ਸ਼ਖ਼ਸੀਅਤ ਦਾ ਪ੍ਰਕਾਸ਼ 1630 ਈ. ਨੂੰ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਦੇ ਘਰ ਸ੍ਰੀ ਕੀਰਤਪੁਰ ਸਾਹਿਬ ਦੇ ਸਥਾਨ `ਤੇ ਹੋਇਆ। ਆਪ ਜੀ ਦਾ ਬਚਪਨ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਵਿਚ ਬੀਤਿਆ।ਉਨ੍ਹਾਂ ਦੀ ਨਿਗਰਾਨੀ ਹੇਠ ਹੀ ਵਿਦਿਆ ਪ੍ਰਵਾਨ ਚੜ੍ਹੀ।
    ਆਪ ਅਤਿਅੰਤ ਕੋਮਲ-ਚਿਤ ਸਨ।ਆਪ ਜੀ ਬਾਰੇ ਇੱਕ ਸਾਖੀ ਮਿਲਦੀ ਹੈ ਕਿ ਬਚਪਨ ਵਿਚ ਇਕ ਵਾਰ ਆਪ ਬਾਗ ਵਿਚ ਸੈਰ ਕਰ ਰਹੇ ਸਨ। ਅਚਾਨਕ ਖਿੜਿਆ ਹੋਇਆ ਫੁੱਲ ਆਪ ਜੀ ਦੇ ਚੋਲੇ ਨਾਲ ਅੜ ਕੇ ਜ਼ਮੀਨ `ਤੇ ਡਿੱਗ ਪਿਆ।ਆਪ ਵੈਰਾਗ ਵਿਚ ਆ ਗਏ ਤੇ ਫੁੱਲ ਨੂੰ ਚੁੱਕ ਕੇ ਟਾਹਣੀ ਨਾਲ ਦੁਬਾਰਾ ਜੋੜਨ ਲਈ ਉਪਰਾਲਾ ਕਰਨ ਲੱਗੇ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਸਭ ਦੇਖਿਆ ਤਾਂ ਆਪ ਨੂੰ ਚਿੰਤਾਤੁਰ ਦੇਖ ਕੇ ਕਹਿਣ ਲੱਗੇ ਕਿ ਹਮੇਸ਼ਾਂ ਆਪਣੇ ਆਪ ਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੈ।ਇਸ ਗੁੱਝੀ ਰਮਜ਼ ਦੀ ਸਮਝ ਨੇ ਆਪ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਤੇ ਆਪ ਨੇ ਅੰਤ ਤਕ ਇਸ ਗੱਲ ਨੂੰ ਪੱਲੇ ਬੰਨ੍ਹੀਂ ਰੱਖਿਆ।
    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਤਾਗੱਦੀ ਲਈ ਯੋਗ ਜਾਣ ਕੇ ਆਪ ਜੀ ਨੂੰ 1644 ਈ. ਨੂੰ ਗੁਰਗੱਦੀ ਸੌਂਪੀ। ਆਪ ਵਾਤਾਵਰਣ ਨਾਲ ਡੂੰਘਾ ਪ੍ਰੇਮ ਕਰਦੇ ਸਨ।ਕੁਦਰਤ ਪ੍ਰੇਮੀ ਹੋਣ ਕਾਰਨ ਆਪ ਬਾਗ ਬਗੀਚਿਆਂ ਦੀ ਸਾਰਥਿਕਤਾ ਨੂੰ ਵਿਸ਼ੇਸ਼ ਅਹਿਮੀਅਤ ਦਿੰਦੇ ਸਨ।ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪ ਨੇ ਲੋੜਵੰਦਾਂ, ਗਰੀਬਾਂ ਤੇ ਅਨਾਥਾਂ ਨੂੰ ਨਾਮ-ਦਾਰੂ ਦੇ ਕੇ ਨਾਲ-ਨਾਲ ਦਵਾ-ਦਾਰੂ ਦੇਣ ਲਈ ਦਵਾਖਾਨਾ ਵੀ ਖੋਲ੍ਹਿਆ, ਜਿਥੇ ਹਰ ਰੋਗੀ ਨੂੰ ਮੁਫਤ ਦਵਾਈ ਮਿਲਦੀ ਸੀ।ਕੁਦਰਤ ਅਤੇ ਵਾਤਾਵਰਣ ਪ੍ਰਤੀ ਇਸ ਰੁਚੀ ਕਰਕੇ ਹੀ ਆਪ ਜੀ ਦੇ ਗੁਰਤਾਗੱਦੀ ਦਿਵਸ ਨੂੰ `ਵਾਤਾਵਰਣ ਸ਼ੁੱਧਤਾ ਦਿਵਸ` ਵਜੋਂ ਮਨਾਇਆ ਜਾਂਦਾ ਹੈ। ਸਤਵੇਂ ਪਾਤਸ਼ਾਹ ਜੀ ਦਾ ਗੁਰਤਾਗੱਦੀ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਜੀਵਨ ਦੀ ਗਤੀਸ਼ੀਲਤਾ ਲਈ ਕੁਦਰਤੀ ਵਾਤਾਵਰਣ ਬੇਹੱਦ ਜ਼ਰੂਰੀ ਹੈ।ਜੇਕਰ ਗੁਰੂ ਪਾਤਸ਼ਾਹ ਜੀ ਕੁਦਰਤ ਨਾਲ ਸਨੇਹ ਕਰਨ ਅਤੇ ਵਾਤਾਵਰਣ ਦੀ ਰਖਵਾਲੀ ਲਈ ਹਮੇਸ਼ਾਂ ਉਤਾਵਲੇ ਰਹਿੰਦੇ ਸਨ ਤਾਂ ਇਹ ਮਨੁੱਖ ਨੂੰ ਕੁਦਰਤੀ ਜੀਵਨ-ਜਿਉਣ ਦੀ ਹੀ ਪ੍ਰੇਰਨਾ ਸਮਝੀ ਜਾ ਸਕਦੀ ਹੈ।
    ਅੱਜ ਜਿਸ ਕਦਰ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਉਸ ਵਿਚ ਮਨੁੱਖੀ ਅਣਗਹਿਲੀ ਅਤੇ ਸਾਡੀ ਆਪ ਮੁਹਾਰੀ ਜੀਵਨ-ਸ਼ੈਲੀ ਜ਼ਿੰਮੇਵਾਰ ਹੈ।ਹਵਾ, ਪਾਣੀ, ਖੁਰਾਕ ਆਦਿ ਸਭ ਵਿਚ ਗ਼ੈਰ-ਕੁਦਰਤੀ ਤੱਤਾਂ ਨੇ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਵਾਤਵਰਣ ਦੀ ਦੂਸ਼ਿਤਤਾ ਦਾ ਵਰਤਾਰਾ ਬੇਹੱਦ ਖ਼ਤਰਨਾਕ ਹੈ ਅਤੇ ਇਸ ਨੇ ਗਲੋਬਲ ਪੱਧਰ `ਤੇ ਆਪਣਾ ਪ੍ਰਭਾਵ ਪਾਇਆ ਹੈ।ਇਸ ਦੀ ਮਾਰ ਸਬੰਧੀ ਹਰ ਸੁਹਿਰਦ ਮਨੁੱਖ ਚਿੰਤਤ ਹੈ।ਇਸੇ ਚਿੰਤਾ ਦਾ ਹੀ ਨਤੀਜਾ ਹੈ ਕਿ ਅੱਜ ਵੱਖ-ਵੱਖ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਕੁਦਰਤੀ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਈਆਂ ਹਨ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਧਿਆਨ ਖਿਚਿਆ ਹੈ।ਪਹਿਲਾਂ ਵਰਟੀਕਲ ਗਾਰਡਨ ਰਾਹੀਂ ਕੰਧਾਂ `ਤੇ ਹਰਿਆਲੀ ਤੇ ਹੁਣ ਸ੍ਰੀ ਦਰਬਾਰ ਸਾਹਿਬ ਅਤੇ ਗਲਿਆਰਾ ਇਮਾਰਤਾਂ ਤੇ ਵੀ ਸ਼ੁਧ ਹਵਾ ਦੇਣ ਵਾਲੇ ਪੌਦੇ ਲਾਉਣ ਦਾ ਜੋ ਉਪਰਾਲਾ ਅਰੰਭਿਆ ਗਿਆ ਹੈ ਸ਼ਲਾਘਾਯੋਗ ਹੈ।ਪਰ ਇਸ ਦਿਹਾੜੇ ਤੇ ਹਰ ਸਾਲ 400 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀਆਂ ਥਾਵਾਂ ਉਪਰ ਲਗਾਏ ਜਾਂਦੇ ਪੌਦਿਆਂ ਦਾ ਵੀ ਲੇਖਾ ਜੋਖਾ ਕਰਨਾ ਚਾਹੀਦਾ ਹੈ।
ਅਕਾਲ ਪੁਰਖ ਕੀ ਫੌਜ ਜਥੇਬੰਦੀ ਵੱਲੋਂ ਵੀ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਚੰਗਾ ਸ਼ਗਨ ਹੈ। ਅੱਜ ਲੋੜ ਹੈ ਕਿ ਸਾਰੀਆਂ ਜਥੇਬੰਦੀਆਂ ਸੁਹਿਰਦਤਾ ਨਾਲ ਇਸ ਪਾਸੇ ਪਹਿਰਾ ਦੇਣ।ਇਹ ਸ਼੍ਰੋਮਣੀ ਸੰਸਥਾ ਵੀ ਵਾਤਾਵਰਣ ਦੀ ਸ਼ੁੱਧਤਾ ਲਈ ਯਤਨਸ਼ੀਲ ਹੈ ਅਤੇ ਵੱਧ ਤੋਂ ਵੱਧ ਰੁੱਖ ਬੂਟੇ ਲਗਾਉਣ ਵੱਲ ਸੰਗਤਾਂ ਨੂੰ ਪ੍ਰੇਰਿਤ ਕਰ ਰਹੀ ਹੈ।ਗੁਰੂ-ਘਰਾਂ ਵਿੱਚੋਂ ਸੰਗਤਾਂ ਨੂੰ ਬੂਟਿਆਂ ਰੂਪੀ ਪ੍ਰਸ਼ਾਦ ਦੇਣ ਦੀ ਆਰੰਭਤਾ ਇਸੇ ਦਾ ਹੀ ਹਿੱਸਾ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਬਾਕੀ ਨਿਹੰਗ ਸਿੰਘ ਦਲ ਪੰਥ ਵੀ ਇਸ ਵੱਲ ਵਿਸ਼ੇਸ ਤਵੱਜੋਂ ਦੇ ਰਹੇ ਹਨ।ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਦੀਆਂ ਸਮੁੱਚੀਆਂ ਛਾਉਣੀਆਂ ਦੀ ਕਾਇਆਂ ਕਲਪ ਕੀਤੀ ਜਾ ਰਹੀ ਹੈ।ਬਾਗਬਾਨੀ ਤੇ ਖੁਬਸ਼ੂਰਤ ਫੁਲਵਾੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।ਜਿਸ ਦਾ ਨਮੂਨਾ ਗੁਰਦੁਆਰਾ ਮਲ ਅਖਾੜਾ ਪਾਤਸ਼ਾਹੀ ਛੇਵੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਵੇਖਿਆ ਜਾ ਸਕਦਾ ਹੈ।ਬੇਸ਼ੱਕ ਹੋਰ ਜਥੇਬੰਦੀਆਂ ਆਪਣਾ ਯੋਗਦਾਨ ਪਾ ਰਹੀਆਂ ਹਨ ਪਰ ਜ਼ਰੂਰੀ ਗੱਲ ਇਹ ਹੈ ਕਿ ਹਰ ਵਿਅਕਤੀ ਹੀ ਨਿੱਜੀ ਪੱਧਰ `ਤੇ ਇਸ ਮਨੁੱਖ ਮਾਰੂ ਸਮੱਸਿਆ ਪ੍ਰਤੀ ਗੰਭੀਰ ਹੋਵੇ ਅਤੇ ਘਰ-ਘਰ ਅੰਦਰ ਇਸ ਨੂੰ ਪਹਿਲ ਦੇ ਅਧਾਰ `ਤੇ ਕੀਤੇ ਜਾਣ ਵਾਲੇ ਕੰੰਮਾਂ ਵਿਚ ਸ਼ਾਮਲ ਕੀਤਾ ਜਾਏ। ਜੇਕਰ ਅਸੀਂ ਸਾਫ-ਸੁਥਰੇ, ਸਵੱਛ ਅਤੇ ਜਿਉਣਯੋਗ ਵਾਤਾਵਰਣ ਵਿਚ ਰਹਿਣਾ ਹੈ ਤਾਂ ਫਿਰ ਸਾਨੂੰ ਅਹਿਦ ਕਰਨਾ ਪਵੇਗਾ ਕਿ ਹਰ ਸਾਲ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅਸੀਂ ਵਾਤਾਵਰਣ ਦੀ ਰਖਵਾਲੀ ਲਈ `ਵਾਤਾਵਰਣ ਸ਼ੁੱਧਤਾ ਦਿਵਸ` ਵਜੋਂ ਮਨਾਉਂਦਿਆਂ ਜ਼ਿੰਮੇਵਾਰ ਨਾਗਰਿਕ ਬਣਨ ਦਾ ਫਰਜ਼ ਨਿਭਾਉਣਾ ਹੈ।
    
DS Bedi

 

ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ
ਮੋ – 98148 98570

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>