ਅਕਾਲੀ ਫੂਲਾ ਸਿੰਘ ਉਹ ਮਹਾਨ ਸਿੱਖ ਜਰਨੈਲ ਹੋਏ ਹਨ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਡਮੱਲਾ ਯੋਗਦਾਨ ਪਾਇਆ। ਆਪ ਦਾ ਜਨਮ 1 ਜਨਵਰੀ ਸੰਨ 1761 ਈ. ਵਿਚ ਇੱਕ ਛੋਟੇ ਜਿਹੇ ਪਿੰਡ ਸ਼ੀਹਾਂ (ਸੰਗਰੂਰ) ਵਿਖੇ ਪਿਤਾ ਈਸ਼ਰ ਸਿੰਘ ਅਤੇ ਮਾਤਾ ਹਰਿ ਕੌਰ ਦੇ ਘਰ ਹੋਇਆ।ਵੱਡੇ ਘੱਲੂਘਾਰੇ ਸਮੇਂ ਸਿੱਖ ਫ਼ੌਜਾਂ ਵਿੱਚ ਸ਼ਾਮਿਲ ਹੋ ਕੇ ਅਕਾਲੀ ਫੂਲਾ ਸਿੰਘ ਦੇ ਪਿਤਾ ਨੇ ਹਿੱਸਾ ਲਿਆ।ਉਸ ਵੇਲੇ ਅਕਾਲੀ ਬਾਬਾ ਫੂਲਾ ਸਿੰਘ ਦੀ ਉਮਰ ਇੱਕ ਸਾਲ ਦੇ ਕਰੀਬ ਸੀ।ਕੁੱਝ ਸਮਾਂ ਪਿੱਛੋਂ ਹੀ ਆਪ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ।ਆਪ ਦੇ ਪਿਤਾ ਦੇ ਦੋਸਤ ਸਰਦਾਰ ਨਰੈਣ ਸਿੰਘ (ਨੈਣਾ ਸਿੰਘ) ਨੇ ਫੂਲਾ ਸਿੰਘ ਦੀ ਪਰਵਰਿਸ਼ ਕੀਤੀ, ਉਹ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਸਨ।ਛੋਟੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜ-ਸਵਾਰੀ, ਨਿਸ਼ਾਨੇਬਾਜ਼ੀ ਅਤੇ ਬੀਰਤਾ ਭਰਪੂਰ ਹੋਰ ਕਰਤੱਬਾਂ ਵਿੱਚ ਨਿਪੁੰਨਤਾ ਹਾਸਿਲ ਕਰ ਗਏ। ਆਪ ਨੇ ਨਰੈਣ ਸਿੰਘ (ਨੈਣਾ ਸਿੰਘ) ਤੋਂ ਪ੍ਰਭਾਵਿਤ ਹੋ ਕੇ ਨਿਹੰਗ ਬਾਣਾ ਧਾਰਨ ਕੀਤਾ।ਨਰੈਣ ਸਿੰਘ ਦੀ ਮੌਤ ਤੋਂ ਬਾਅਦ ਆਪ ਅੰਮ੍ਰਿਤਸਰ ਵਿਖੇ ਰਹਿਣ ਲੱਗ ਪਏ।1802 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ’ਤੇ ਚੜ੍ਹਾਈ ਕਰ ਦਿੱਤੀ।ਇਸ ਸ਼ਹਿਰ `ਤੇ ਭੰਗੀ ਮਿਸਲ ਦਾ ਕਬਜ਼ਾ ਸੀ।ਜਦ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਖਾਲਸੇ ਨੂੰ ਖਾਲਸੇ ਵਿਰੁੱਧ ਟਕਰਾਅ ਦੀ ਹਾਲਤ ਵਿਚ ਦੇਖਿਆ ਤਾਂ ਉਸ ਦੇ ਮਨ ਤੇ ਬਹੁਤ ਅਸਰ ਹੋਇਆ। ਉਨ੍ਹਾਂ ਨੇ ਦੋਹਾਂ ਧਿਰਾਂ ਦਾ ਸਮਝੌਤਾ ਕਰਵਾਇਆ।ਉਨ੍ਹਾਂ ਸ਼ਹਿਰ ਰਣਜੀਤ ਸਿੰਘ ਦੇ ਹਵਾਲੇ ਕਰਵਾ ਕੇ ਭੰਗੀ ਸਰਦਾਰਾਂ ਨੂੰ ਜਾਗੀਰ ਦਿਵਾਈ।
ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲ਼ਾ ਸਿੰਘ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਨ੍ਹਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ।ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦਾ ਬੇਹੱਦ ਸਤਿਕਾਰ ਕਰਦੇ ਸਨ।ਗਿਆਨੀ ਰੇਸ਼ਮ ਸਿੰਘ ਆਪਣੇ ਇਕ ਲੇਖ ਵਿਚ ਹਵਾਲਾ ਦਿੰਦੇ ਹਨ।1813 ਈਸਵੀ ਕਸ਼ਮੀਰ ਦੀ ਮੁਹਿੰਮ, 1816 ਈ: ਖਾਨਗੜ੍ਹ ਦੀ ਮੁਹਿੰਮ, 1816 ਦੀ ਮੁਲਤਾਨ ਦੀ ਫਤਿਹ, 1818 ਈ: ਨੂੰ ਪੇਸ਼ਾਵਰ ਦੀ ਚੜ੍ਹਾਈ ਸਮੇਂ ਅਕਾਲੀ ਫੂਲਾ ਸਿੰਘ ਨੇ ਮੂਹਰੇ ਹੋ ਕੇ ਲੜਾਈਆਂ ਲੜੀਆਂ।ਉਨ੍ਹਾਂ ਤਨੋ ਤੇ ਮਨੋ ਹੋ ਕੇ ਪੰਥਕ ਸ਼ਾਨ ਅਤੇ ਖ਼ਾਲਸਾ ਰਾਜ ਦੀ ਪ੍ਰਭੁਸਤਾ ਲਈ ਕਾਰਜ ਕਾਰਜ ਕੀਤਾ।ਮੁਲਤਾਨ ਦੀ ਲੜਾਈ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਹੁਰਾਂ ਨੂੰ ਖਾਲਸਾ ਰਾਜ ਦੇ ਰਾਖੇ’ ਦਾ ਖਿਤਾਬ ਦਿੱਤਾ।ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਮੁਹਿੰਮਾਂ ਵਿੱਚ ਹਮੇਸ਼ਾਂ ਸਹਾਇਤਾ ਕੀਤੀ।ਮੁਲਤਾਨ ਦੀ ਮੁਹਿੰਮ ਵੇਲੇ ਅਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਾਥ ਦੇਣ ਦੀ ਬੇਨਤੀ ਕੀਤੀ, ਜਿਸ ’ਤੇ ਆਪ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜ ਸਵਾਰਾਂ ਨੂੰ ਲੈ ਕੇ ਮੁਲਤਾਨ `ਤੇ ਚੜ੍ਹਾਈ ਕੀਤੀ। ਕਿਲ੍ਹੇ ਦੀ ਕੰਧ ਵਿੱਚ ਪਾੜ ਪਾ ਕੇ ਆਪ ਆਪਣੇ ਘੋੜ ਸਵਾਰ ਯੋਧੇ ਲੈ ਕੇ ਕਿਲੇ ਅੰਦਰ ਦਾਖਲ ਹੋਏ ਅਤੇ ਐਸੀ ਤਲਵਾਰ ਚਲਾਈ ਕਿ ਲਾਸ਼ਾਂ ਦੇ ਢੇਰ ਲੱਗ ਗਏ।ਨਵਾਬ ਤੇ ਉਸ ਦੇ ਪੁੱਤਰਾਂ ਨੂੰ ਮਾਰ ਮੁਕਾ ਕੇ ਆਪ ਨੇ ਕਿਲ੍ਹਾ ਫਤਹਿ ਕਰ ਲਿਆ।ਇਸ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਨੇ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿੱਚ ਸ਼ਾਮਿਲ ਹੋ ਕੇ ਸਿੱਖ ਰਾਜ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਵੱਲੋਂ ਲੜੀ ਗਈ ਆਖਰੀ ਲੜਾਈ ਨੌਸ਼ਹਿਰੇ ਦੀ ਸੀ।ਇਸ ਲੜਾਈ ਵਿਚ ਜਿੱਤ ਦਾ ਝੰਡਾ ਲਹਿਰਾਉਂਦਿਆਂ ਆਪ 14 ਮਾਰਚ 1823 ਨੂੰ ਸ਼ਹੀਦ ਹੋ ਗਏ।ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ।
ਉਹ ਨਿਰਭੈ, ਅਣਖੀਲੇ ਅਤੇ ਨਿਧੜਕ ਜਰਨੈਲ ਸਨ।ਇਤਿਹਾਸ ਗਵਾਹ ਹੈ ਕਿ ਉਹ ਮਰਯਾਦਾ ਦੇ ਉਲਟ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਸਨ ਕਰਦੇ।ਇਸੇ ਦਾ ਹੀ ਨਤੀਜਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਆਪ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ।ਉਹ ਹਮੇਸ਼ਾ ਸੱਚ ’ਤੇ ਪਹਿਰਾ ਦਿੰਦੇ ਸਨ ਅਤੇ ਸੱਚੀ ਗੱਲ ਮੂੰਹ `ਤੇ ਕਹਿ ਦਿੰਦੇ ਸਨ।ਇਹ ਹਕੀਕਤ ਹੈ ਕਿ ਸਿੱਖ ਰਾਜ ਵਿੱਚ ਸਿੰਘ ਸਾਹਿਬ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨਿਹੰਗ ਤੋਂ ਵੱਧ ਸੂਰਬੀਰ, ਧਾਰਮਿਕ ਤੌਰ `ਤੇ ਪ੍ਰਪੱਕ ਅਤੇ ਨਿਡਰ ਜਰਨੈਲ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਆਪ ਅੰਮ੍ਰਿਤਸਰ ਵਿਖੇ ਜਿਸ ਸਥਾਨ ’ਤੇ ਰਹੇ, ਉਥੇ ਅੱਜਕੱਲ੍ਹ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ ਬਣਿਆ ਹੋਇਆ ਹੈ। ਇਹ ਬਾਬਾ ਨਰੈਣ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਪੰਥ ਦੇ ਮਹਾਨ ਜਰਨੈਲ ਕੌਮੀ ਨਿਧੱੜਕ ਆਗੂ ਅਕਾਲੀ ਬਾਬਾ ਫੂਲਾ ਸਿੰਘ ਦੀ ਯਾਦ ’ਚ ਉਸਾਰਿਆ ਗਿਆ। ਇਸਦੇ ਉਪਰੋਂ ਸਮੁੱਚੇ ਸ਼ਹਿਰ ਦੇ ਕੋਹਾਂ ਦੂਰ ਤੀਕ ਦਰਸ਼ਨ ਤਾਂ ਹੁੰਦੇ ਹੀ ਹਨ, ਪਰ ਇਸ ਦੇ ਨਾਲ ਹੀ ਉਸ ਸਮੇਂ ਦੀ ਸੁਰੱਖਿਆ ਪੱਖੋਂ ਵੀ ਇਹ ਅਦਭੁਤ ਇਮਾਰਤ ਹੈ। ਇਥੇ ਹੀ ਛਾਉਣੀ ਨਿਹੰਗ ਸਿੰਘਾਂ ਵੀ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਹੈ। ਹਰ ਸਾਲ 14 ਮਾਰਚ ਨੂੰ ਆਪ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਸ਼੍ਰੋਮਣੀ ਸੇਵਾ ਰਤਨ ਨਾਲ ਨਿਵਾਜੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ, ਜੋ ਇਸ ਵਾਰ ਵੀ ਸਤਿਕਾਰ ਸਹਿਤ ਮਨਾਇਆ ਜਾਵੇਗਾ। ਇਸ ਸਲਾਨਾ ਸ਼ਹੀਦੀ ਸਮਾਗਮ ਵਿਚ ਸਿੱਖ ਕੌਮ ਦੀਆਂ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ, ਰਾਗੀ, ਢਾਡੀ ਅਤੇ ਕਥਾਵਾਚਕ ਹਾਜ਼ਰੀ ਭਰ ਕੇ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ।
ਦਿਲਜੀਤ ਸਿੰਘ ‘ਬੇਦੀ’
ਸਕੱਤਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ।
ਸ੍ਰੀ ਅੰਮ੍ਰਿਤਸਰ।
ਮੋ – 98148 98570