Friday, April 19, 2024

ਸਮੇਂ-ਸਮੇਂ ਦੀ ਗੱਲ !!

           ਸੱਜਣ ਸਿੰਘ ਇੱਕ ਬਹੁਤ ਹੀ ਮਿਹਨਤੀ ਕਿਸਾਨ ਸੀ।ਭਾਵੇਂ ਜ਼ਮੀਨ ਉਸ ਕੋਲ ਥੋੜੀ ਸੀ, ਪਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ।ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ, ਇਕ ਲੜਕਾ, ਇਕ ਲੜਕੀ ਅਤੇ ਉਸ ਦੀ ਬੁੱਢੀ ਮਾਂ ਸੀ।ਉਸ ਦਾ ਲੜਕਾ ਬੰਟੀ ਕੁੜੀ ਤੋਂ ਦੋ ਸਾਲ ਵੱਡਾ ਸੀ।ਬੰਟੀ ਦਸਵੀਂ ਜਮਾਤ ਵਿਚ ਪੜ੍ਹਦਾ ਸੀ, ਜਿਸ ਦਾ ਸੁਭਾਅ ਬਹੁਤ ਹੀ ਮਜ਼ਾਕੀਆ ਤੇ ਸ਼ਰਾਰਤੀ ਸੀ।ਉਹ ਆਪਣੀਆਂ ਗੱਲਾਂ ਸਦਕਾ ਪਿੰਡ ਦੇ ਹਰ ਵਿਅਕਤੀ ਨਾਲ ਬਹੁਤ ਛੇਤੀ ਘੁਲਮਿਲ ਜਾਂਦਾ ਸੀ।ਜਦ ਸਕੂਲ ਵਿੱਚ ਛੁੱਟੀਆਂ ਹੁੰਦੀਆਂ ਤਾਂ ਸੱਜਣ ਸਿੰਘ ਉਸ ਨੂੰ ਕਹਿੰਦਾ ਚੱਲ ਖੇਤ ਚੱਲੀਏ।, ਮੇਰੇ ਨਾਲ ਕੰਮ `ਚ ਹੱਥ ਹੀ ਵਟਾ ਦੇ ਤਾਂ ਹਮੇਸ਼ਾਂ ਬੰਟੀ ਕੋਈ ਨਵਾਂ ਬਹਾਨਾ ਤਿਆਰ ਰੱਖਦਾ ਸੀ।ਇਕ ਵਾਰ ਸੱਜਣ ਸਿੰਘ ਦੀ ਫਸਲ ਪੱਕਣ `ਤੇ ਸੀ ਤਾਂ ਬਹੁਤ ਤੇਜ਼ ਮੀਂਹ ਪੈ ਗਿਆ।ਸਾਰੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ।ਇੱਕੋ ਇੱਕ ਆਮਦਨ ਦਾ ਸਾਧਨ ਉਪਰੋਂ ਬਹੁਤ ਘਾਟਾ ਪੈ ਗਿਆ ਸੀ।ਸੱਜਣ ਸਿੰਘ ਸਿਰ ਕਰਜਾ ਚੜ੍ਹਨ ਲੱਗਾ।ਆਉਂਦੇ ਸਾਲ ਦੀ ਫ਼ਸਲ `ਤੇ ਸਭ ਉਮੀਦਾਂ ਸਨ, ਪਰ ਉਹ ਵੀ ਕੁਦਰਤ ਦੇ ਕਹਿਰ ਦੀ ਭੇਂਟ ਚੜ੍ਹ ਗਈ।ਸੱਜਣ ਸਿੰਘ ਬਹੁਤ ਚਿੰਤਾ ਵਿਚ ਰਹਿਣ ਲੱਗਾ, ਕਰਜ਼ੇ ਦੀ ਪੰਡ ਉਸ ਦੇ ਸਿਰ ਉਪਰ ਦਿਨੋ ਦਿਨ ਭਾਰੀ ਹੁੰਦੀ ਗਈ।ਉਸ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਆਉਂਦੀ ਤੇ ਉਹ ਹਰ ਵਕਤ ਡੂੰਘੀਆਂ ਸੋਚਾਂ ਵਿੱਚ ਡੁਬਿਆ ਰਹਿੰਦਾ।ਜਮਾਤਾਂ ਵੱਡੀਆਂ ਹੋਣ ਕਰਕੇ ਓਹਨਾ ਦਾ ਖਰਚਾ ਦਿਨੋ ਦਿਨ ਵਧ ਰਿਹਾ ਸੀ, ਉਹ ਹਮੇਸ਼ਾਂ ਸੋਚਦਾ ਜਵਾਕਾਂ ਦਾ ਕੀ ਬਣੂ।ਇਕ ਰਾਤ ਉਹ ਇਸੇ ਤਰ੍ਹਾਂ ਸੋਚਦਾ ਸੋਚਦਾ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਗਿਆ ਤੇ ਉਠ ਕੇ ਖੇਤ ਵੱਲ ਤੁਰ ਗਿਆ।ਜਦ ਸਵੇਰ ਹੋਈ ਤਾਂ ਘਰਦਿਆਂ ਨੇ ਵੇਖਿਆ ਕਿ ਸੱਜਣ ਸਿੰਘ ਘਰ ਨਹੀਂ ਸੀ।ਬੰਟੀ ਦੀ ਮਾਂ ਨੇ ਕਿਹਾ ਕਿ ਜਾ ਕੇ ਆਪਣੇ ਪਿਉ ਨੂੰ ਖੇਤ ਵੱਲ ਵੇਖ ਕੇ ਆ ਪੁੱਤ।ਪਰ ਬੰਟੀ ਹਮੇਸ਼ਾਂ ਦੀ ਤਰ੍ਹਾਂ ਮਾਂ ਦੀ ਗੱਲ ਨੂੰ ਨਜ਼ਰੰਦਾਜ਼ ਕਰ ਗਿਆ।ਇੰਨੇ ਨੂੰ ਓਹਨਾ ਦਾ ਗਵਾਂਢੀ ਕਾਹਲੀ ਨਾਲ ਆਇਆ ਤੇ ਕਹਿਣ ਲੱਗਾ ਬਾਈ ਨੇ ਖੇਤ ਫਾਹਾ ਲੈ ਲਿਆ।ਸਾਰਾ ਪਰਿਵਾਰ ਇਹ ਸੁਣ ਕੇ ਸੁੰਨ ਹੀ ਹੋ ਗਿਆ।ਪਿੰਡ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ।ਰਿਸ਼ਤੇਦਾਰਾਂ ਤਕ ਖਬਰਾਂ ਪਹੁੰਚ ਗਈਆਂ।ਹੌਲੀ ਹੌਲੀ ਸਭ ਆਉਣ ਲੱਗੇ ਸੱਜਣ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ।ਰਿਸ਼ਤੇਦਾਰ ਹੌਲੀ ਹੌਲੀ ਜਾਣ ਲੱਗੇ, ਹਰ ਕੋਈ ਬੰਟੀ ਨੂੰ ਹੌਂਸਲਾ ਦਿੰਦਾ ਤੇ ਕਹਿੰਦਾ ਕਾਕਾ ਹੁਣ ਸਾਰੀ ਜਿੰਮੇਵਾਰੀ ਤੇਰੇ `ਤੇ ਹੈ।ਸਾਰੀ ਕਬੀਲਦਾਰੀ ਹੁਣ ਤੇਰੇ ਮੋਢਿਆਂ `ਤੇ ਆ ਗਈ ਹੈ।
ਸਮਾਂ ਬੀਤਿਆ ਤੇ ਬੰਟੀ ਦੀ ਜ਼ਿੰਦਗੀ `ਚ ਇਕ ਬਹੁਤ ਵੱਡਾ ਮੋੜ ਆ ਗਿਆ।ਟੱਬਰ ਦੀ ਜਿੰਮੇਵਾਰੀ ਹੁਣ ਬੰਟੀ ਦੇ ਮੋਢਿਆਂ `ਤੇ ਸੀ।ਉਸ ਦਾ ਹੱਸਣਾ ਖੇਡਣਾ ਕਿਧਰੇ ਦੱਬ ਕੇ ਹੀ ਰਹਿ ਗਿਆ।ਉਸ ਨੇ ਪੜ੍ਹਾਈ ਲਿਖਾਈ ਸਭ ਛੱਡ ਦਿੱਤੀ।ਸਵੇਰੇ ਹੀ ਖੇਤਾਂ ਵੱਲ ਚਲਾ ਜਾਂਦਾ ਤੇ ਮੂੰਹ ਹਨੇਰੇ ਹੀ ਘਰ ਮੁੜਦਾ।ਸੱਜਣ ਸਿੰਘ ਦੀ ਮੌਤ ਨੂੰ 3-4 ਮਹੀਨੇ ਹੋ ਚੁੱਕੇ ਸਨ।ਇਕ ਦਿਨ ਬੰਟੀ ਦੀ ਨਾਨੀ ਓਹਨਾ ਦੇ ਘਰ ਆਈ।ਓਹ ਬੰਟੀ ਦੀ ਦਾਦੀ ਕੋਲ ਬੈਠੀ ਗੱਲਾਂ ਕਰ ਰਹੀ ਸੀ।ਸ਼ਾਮ ਦੇ ਵੇਲੇ ਬੰਟੀ ਘਰ ਆਇਆ ਤੇ ਉਨਾਂ ਕੋਲ ਆ ਕੇ ਕਹਿੰਦਾ ਮੱਥਾ ਟੇਕਦਾਂ, ਨਾਨੀ। ਇਨ੍ਹਾਂ ਕਹਿਣ ਤੋਂ ਬਾਅਦ ਉਹ ਅੰਦਰ ਚਲਾ ਗਿਆ।ਬੰਟੀ ਦੀ ਨਾਨੀ ਬਹੁਤ ਹੈਰਾਨ ਸੀ।ਉਸ ਨੇ ਇਹੋ ਜਿਹਾ ਬੰਟੀ ਕਦੇ ਨਹੀਂ ਸੀ ਵੇਖਿਆ।ਉਸ ਨੇ ਬੰਟੀ ਦੀ ਦਾਦੀ ਨੂੰ ਕਿਹਾ ਲੱਗ ਨਹੀਂ ਰਿਹਾ ਕਿ ਇਹ ਉਹੀ ਬੰਟੀ ਆ! ਤਾਂ ਬੰਟੀ ਦੀ ਦਾਦੀ ਧੀਮੀ ਜਿਹੀ ਅਵਾਜ਼ ‘ਚ ਬੋਲੀ ਇਹ ਸਭ ਸਮੇਂ-ਸਮੇਂ ਦੀ ਗੱਲ ਹੈ ਜੀ।
Manpreet Mani

ਮਨਪ੍ਰੀਤ ਮਨੀ
ਬਠਿੰਡਾ।
ਮੋ – 8196022120

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply