Thursday, November 21, 2024

ਗੰਨੇ ਚੂਪ ਲਏ ਜੱਟਾਂ ਦੇ ਪੋਨੇ……

        ਗੰਨਾਂ ਸਾਡੀ ਜਿੰਦਗੀ ਵਿੱਚ ਮਹੱਤਵ ਪੂਰਨ ਸਥਾਨ ਰੱਖਦਾ ਹੈ।ਕਮਾਦ ਦੀ ਫਸਲ ਇੱਕ ਸਾਲ ਵਿੱਚ ਤਿਆਰ ਹੁੰਦੀ ਹੈ।ਇਸ ਨੂੰ ਮੁੱਢ ਲਾਗੋਂ ਕੱਟ ਕੇ ਅਗਲੇ ਸਾਲ ਵੀ ਫਸਲ ਲਈ ਜਾਂਦੀ ਹੈ ਜਿਸ ਨੂੰ ਮੂਢਾ ਕਮਾਦ ਕਹਿੰਦੇ ਹਾਂ। ਇਸ ਦੇ ਬੂਝੇ ਦੇ ਇੱਕ ਹਿੱਸੇ ਨੂੰ ਅਸੀਂ ਗੰਨਾਂ ਕਹਿੰਦੇ ਹਾਂ।ਇਸ ਨੂੰ ਇੱਕ ਗਿੱਠ ਉਚਾ ਕੱਟਿਆ ਜਾਂਦਾ ਹੈ।ਇੱਕ ਗੰਨਾਂ ਲੈਣ ਨੂੰ ਗੰਨਾਂ ਭੰਨਣਾ ਕਹਿੰਦੇ ਹਾਂ।ਗੰਨੇ ਦੇ ਉਪਰਲੇ ਸਿਰੇ ਨੂੰ ਆਗ ਕਹਿੰਦੇ ਹਨ ਤੇ ਪਾਸੇ ਵਾਲੇ ਸੁੱਕੇ ਪੱਤਿਆਂ ਨੂੰ ਖੋਰੀ ਕਹਿੰਦੇ ਹਨ।ਆਗ ਡੰਗਰਾਂ ਨੂੰ ਪਾਏ ਜਾਂਦੇ ਹਨ ਤੇ ਖੋਰੀ ਚੁੰਬੇ ਵਿੱਚ ਡਾਹੀ ਜਾਂਦੀ ਹੈ।ਗੰਨੇ ਪੋਨੇ ਚੂਪਣ ਲਈ ਚੰਗੇ ਗਿਣੇ ਗਏ ਹਨ।ਗੀਤ ਮਸ਼ਹੂਰ ਹੈ, “ਗੰਨੇ ਚੂਪ ਲਏ ਜੱਟਾਂ ਦੇ ਪੋਨੇ, ਲੱਡੂ ਖਾ ਲੈ ਬਾਣੀਏ ਦੇ”।ਇਹ ਵੀ ਮਸ਼ਹੂਰ ਹੈ, “ਜੱਟ ਗੰਨਾ ਨਹੀਂ ਦੇਂਦਾ ਭੇਲੀ ਦੇ ਦੇਂਦਾ ਹੈ”।ਕਈ ਵਾਰ ਗੰਨਾਂ ਤੋੜਨ ਵਾਲੇ ਨੂੰ ਫੜ ਵੀ ਲੈਂਦਾ ਹੈ ਅਤੇ ਓਸੇ ਗੰਨੇ ਨਾਲ ਮੌਰਾਂ ਵੀ ਸੇਕ ਦਿੰਦਾ ਹੈ।
       ਗੰਨੇ ਦੀ ਹਰ ਪੋਰੀ ਤੇ ਇੱਕ ਗੰਢ ਹੁੰਦੀ ਹੈ ਤੇ ਹਰ ਗੰਢ ਤੇ ਇੱਕ ਅੱਖ ਹੁੰਦੀ ਹੈ, ਇਸ ਨੂੰ ਕੱਟ ਕੇ ਬੀਜਣ ਤੇ ਗੰਨਾਂ ਉੱਗਦਾ ਹੈ।ਗੰਨੇ ਦੇ ਆਗ ਵਾਲੇ ਪਾਸੇ ਦੀ ਪੋਰੀ ਵਿੱਚ ਮਿਠਾਸ ਘੱਟ ਹੁੰਦੀ ਹੈ ਜਿਉਂ ਜਿਉਂ ਚੂਪਦੇ ਚੂਪਦੇ ਹੇਠਾਂ ਵੱਲ ਨੂੰ ਆਉਂਦੇ ਹਾਂ ਤਾਂ ਮਿਠਾਸ ਵੱਧਦੀ ਜਾਂਦੀ ਹੈ।ਗੰਨਾਂ ਚੂਪਦਿਆਂ ਜੋ ਛਿੱਲ ਲੋਿਹੰਦੀ ਹੈ ਉਸ ਨੂੰ ਪੱਛੀਆਂ ਕਹਿੰਦੇ ਹਨ।ਗੰਨੇ ਦੀਆਂ ਬਹੁਤ ਕਿਸਮਾਂ ਹਨ।ਵਾਰਸ ਸ਼ਾਹ ਨੇ ਵੀ ਆਪਣੀ ਰਚਨਾਂ ਹੀਰ ਵਿੱਚ ਗੰਨੇ ਦਾ ਜ਼ਿਕਰ ਇੰਝ ਕੀਤਾ ਹੈ, “ਵਾਰਸ ਸ਼ਾਹ ਗੰਨਾਂ ਚੂਪ ਸਾਰਾ ਰਸੇ ਵੱਖ ਨੇ ਪੋਰੀਆਂ ਪੋਰੀਆਂ ਦੇ”।ਸ਼ਹਿਰਾਂ ਵਿੱਚ ਗੰਨਾਂ ਛਿੱਲ ਕੇ ਉਸ ਦੇ ਇੱਕ ਪੋਟੇ ਜਿੱਡੇ ਟੋਟੇ ਕਰ ਕੇ ਬਰਫ ਤੇ ਰੱਖ ਕੇ ਵੇਚੇ ਜਾਂਦੇ ਹਨ ਤੇ ਉਹਨਾਂ ਨੂੰ ਗਨੇਰੀਆਂ ਕਹਿੰਦੇ ਹਨ।ਨਿੱਕੇ ਹੁੰਦੇ ਗਾਇਆ ਕਰਦੇ ਸਾਂ “ਚੀਚੋ ਚੀਚ ਗਨੇਰੀਆਂ ਦੋ ਮੇਰੀਆਂ ਦੋ ਤੇਰੀਆਂ।
       ਲੋਹੜੀ `ਤੇ ਸਰਦੇ ਪੁੱਜਦੇ ਜਿੰਮੀਂਦਾਰ ਵੇਲਣਾ ਚਲਾ ਦੇਂਦੇ ਸਨ।ਪਿੰਡ ਵਾਸੀ ਡੋਲੂ ਲੈ ਕੇ ਜਾਂਦੇ ਤੇ ਉਹ ਗੜਵੀ, ਦੋ ਗੜਵੀ ਰਹੁ ਪਾ ਦਿੰਦੇ।ਰਹੁ ਪੀਣ ਵਾਲੇ ਜੇਬ ਵਿੱਚ ਨਿੰਬੂ, ਅਦਰਕ ਨਾਲ ਲੈ ਜਾਂਦੇ ਹਨ ਤੇੇ ਗੰਨੇ ਵਿੱਚ ਦੇ ਕੇ ਰਹੁ ਕੱਢਾ ਲੈਂਦੇ ਹਨ। ਹੁ ਦੀ ਖੀਰ ਬਣਾਈ ਜਾਂਦੀ ਹੈ।ਪੋਹ ਰਿੱਧੀ ਮਾਘ ਖਾਧੀ ਕਹਿੰਦੇ ਹਨ।
 ਗੰਨੇ ਦੇ ਰਸ ਤੋਂ ਗੁੱੜ ਬਣਦਾ ਹੈ।ਗੁੱੜ ਬਣਾਉਣਾ ਵੀ ਕਾਰੀਗਰੀ ਹੈ।ਚੁੰਭੇ ਉਪਰ ਕੜ੍ਹਾਇਆ ਸਾਫ ਕਰ ਟਿਕਾਇਆ ਜਾਂਦਾ ਹੈ।ਗਰਮ ਪਾਣੀ ਨਾਲ ਧੋਤਾ ਜਾਂਦਾ ਹੈ।ਇੱਕ ਲੱਕੜ ਦਾ ਯੰਤਰ ਹੁੰਦਾ ਹੈ ਜੋ ਕੜਾਹੇ ਤੇ ਟਿੱਕਾ ਕੇ ਉਸ ਉੱਪਰ ਕੱਪੜਾ ਜਾਂ ਜਾਲੀ ਰੱਖ ਪੁਣ ਕੇ ਰਹੁ ਪਾਈ ਜਾਂਦੀ ਹੈ।ਚੁੰਭੇ ਵਿੱਚ ਜੁਗਤ ਨਾਲ ਅੱਗ ਬਾਲੀ ਜਾਂਦੀ ਹੈ।ਰਹੁ ਗਰਮ ਹੋਣ ਤੇ ਉਸ ਉਪਰੋਂ ਮੈਲ  ਛਾਣਨੇ ਨਾਲ ਲਾਹੀ ਜਾਂਦੀ ਹੈ।ਇਸ ਵਿੱਚ ਭਿੰਡੀ ਦੇ ਬੂਟੇ ਪਾ ਕੇ ਜਾਂ ਮਿੱਠਾ ਸੋਡਾ ਪਾ ਕੇ ਗੁੱੜ ਸਾਫ ਕੀਤਾ ਜਾਂਦਾ ਹੈ।ਕੜਾਹੇ ਵਿੱਚ ਰਸ ਨੂੰ ਇੱਕ ਮਸੱਦ ਟਾਈਪ ਸੰਦ ਨਾਲ ਹਿਲਾਉਂਦੇ ਰਹਿੰਦੇ ਹਨ।ਜਦੋਂ ਗੁੱੜ ਬਣਨ ਕੰਢੇ ਹੁੰਦਾ ਹੈ ਤਾਂ ਉਸ ਦੀ ਚਾਸ਼ਣੀ ਵਾਂਗ ਤਾਰ ਅੰਗੂਠੇ ਤੇ ਉਸ ਦੇ ਨਾਲ ਦੀ ਉਂਗਲ ਨਾਲ ਦੇਖੀ ਜਾਂਦੀ ਹੈ ਤੇ ਲੱਕੜ ਦੇ ਗੰਢ ਵਿੱਚ ਪੱਤ ਪਲਟ ਦਿੱਤੀ ਜਾਂਦੀ ਹੈ।ਉਸ ਨੂੰ ਠੰਡਾ ਕਰਨ ਲਈ ਲੱਕੜ ਦੇ ਪਲਟੇ ਨਾਲ ਏਧਰ ਓਧਰ ਪਲਟਿਆ ਜਾਂਦਾ ਹੈ।ਵੱਤਰ ਵੇਖ ਕੇ ਰੋੜੀਆਂ ਜਾਂ ਪੇਸੀਆਂ ਬਣਾ ਦਿੱਤੀਆਂ ਜਾਂਦੀਆਂ ਹਨ।ਕਣ ਜ਼ਿਆਦਾ ਹੋਣ ਤੇ ਸ਼ੱਕਰ ਬਣਦੀ ਹੈ ਤੇ ਇੱਕ ਹੋਰ ਚੀਜ਼ ਸੀਰਾ ਵੀ ਬਣਦਾ ਹੈ ਜੋ ਮਿੱਟੀ ਦੀ ਚਾਟੀ ਵਿੱਚ ਬਣਾਇਆ ਜਾਂਦਾ ਹੈ।ਉਹ ਸਬਜੀ ਦੀ ਟੋਟ ਵੇਲੇ ਰੋਟੀ ਤੇ ਪਾ ਕੇ ਖਾਧਾ ਜਾਂਦਾ ਹੈ।ਜੋ ਗੁੱੜ ਦੇ ਸ਼ੋਕੀਨ ਹਨ।ਉਹ ਆਪਣੇ ਘਰੋਂ ਸੌਂਫ, ਬਦਾਮ, ਮੂੰਗਫਲੀ, ਗਿਰੀ ਆਦਿ ਥਾਲੀ ਵਿੱਚ ਪਾ ਕੇ ਵੇਲਣੇ ਤੇ ਗੁੱੜ ਬਣਦੇ ਤੇ ਪਹੁੰਚ ਜਾਂਦੇ ਹਨ ਤੇ ਥਾਲੀ ਵਿੱਚ ਬਣਦਾ ਬਣਦਾ ਗੁੜ ਪਵਾ ਲੈਂਦੇ ਹਨ। ਇਸ ਨੂੰ ਥਾਲੀ ਬਣਾਉਣਾ ਕਹਿੰਦੇ ਹਨ।ਇਹ ਵੀ ਬੜੇ ਸ਼ੌਂਕ ਨਾਲ ਖਾਧੀ ਜਾਂਦੀ ਹੈ।ਸ਼ੱਕਰ, ਫਿੱਕੇ ਚੌਲਾਂ, ਸੇਵੀਆਂ ਵਿੱਚ ਪਾ ਕੇ ਖਾਧੀ ਜਾਂਦੀ ਹੈ।ਘਰ ਆਏ ਪ੍ਰਾਹੁਣੇ ਨੂੰ ਦੇਸੀ ਘਿਓ ਪਾ ਕੇ ਦਿੱਤੀ ਜਾਂਦੀ ਹੈ।ਸ਼ੱਕਰ ਨੂੰ ਤਾਂ ਬਾਬਾ ਫਰੀਦ ਜੀ ਨਾਲ ਵੀ ਜੋੜਿਆ ਜਾਂਦਾ ਹੈ।ਇੱਕ ਬੁਝਾਰਤ ਵੀ ਹੈ, “ਸੁਣ ਭਾਈ ਹਕੀਮਾਂ ਲੱਕੜੀਆਂ ‘ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਢੀਮਾਂ। ਗੰਨੇ ਤੋਂ ਦੇਸੀ ਖੰਡ ਵੀ ਬਣਦੀ ਹੈ।ਹੁਣ ਤਾਂ ਮਿੱਲਾਂ ਵਾਲੇ ਆਪਣੀ ਮਰਜ਼ੀ ਦਾ ਕਮਾਦ ਬਿਜਾ ਕੇ ਖੰਡ ਬਣਾਉਂਦੇ ਹਨ।ਜੋ ਸਾਡੀਆਂ ਗੋਲੀਆਂ ਟੌਫੀਆਂ, ਦਵਾਈਆਂ, ਮਠਿਆਈਆਂ ਤੇ ਹੋਰ ਘਰੇਲੂ ਵਰਤੋਂ ਵਿੱਚ ਆਉਂਦੀ ਹੈ।ਮਿੱਲਾਂ ਦੀ ਗੰਨੇ ਦੀ ਰਹਿੰਦ ਖੂੰਹਦ ਤੋਂ ਕਾਗਜ਼, ਗੱਤਾ ਬਣਦਾ ਹੈ ਤੇ ਸੀਰਾ, ਇੰਡਸਟਰੀ ਅਤੇ ਪਸ਼ੂਆਂ ਦੀ ਖੁਰਾਕ ਵਿੱਚ ਕੰਮ ਆਉਂਦਾ ਹੈ।ਏਸੇ ਸੀਰੇ ਤੋਂ ਕਾਰਖਾਨਿਆਂ ਵਿੱਚ ਸ਼ਰਾਬਾਂ ਤੇ ਵਿਸਕੀਆਂ ਬਣਦੀਆਂ ਹਨ।ਅੰਮ੍ਰਿਤਸਰ ਜਿਲ੍ਹੇ ਵਿੱਚ ਖਾਸਾ ਤੇ ਕਪੂਰਥਲੇ ਵਿੱਚ ਹਮੀਰਾ ਵਿਖੇ ਕਾਰਖਾਨੇ ਹਨ।ਹਮੀਰੇ ਤਾਂ ਸੜਕ ਤੇ ਲੰਘਦਿਆਂ ਸਾਹ ਗੁੰਮ ਹੋਣ ਪੈਂਦਾ ਹੈ।
       ਪਿੰਡਾਂ ਵਾਲੇ ਇਸ ਤੋਂ ਇੱਕ ਹੋਰ ਤਰਲ ਪਦਾਰਥ ਬਣਾਉਂਦੇ ਹਨ, ਜਿਸ ਨੂੰ ਰੂੜੀ ਮਾਰਕਾ ਸ਼ਰਾਬ ਕਹਿੰਦੇ ਹਨ। 60 ਕੁ ਸਾਲ ਪਹਿਲਾਂ ਘੜਾ ਲੋਕ ਰੂੜੀ ਵਿੱਚ ਨੱਪ ਦੇਂਦੇ ਸਨ।ਉਸ ਦੀ ਗਰਮੀ ਨਾਲ ਕਹਿੰਦੇ ਸਨ ਜਲਦੀ ਤੁਰਦਾ ਸੀ।ਇਸ ਤੋਂ ਹੀ ਇਸ ਦਾ ਨਾਮ ਰੂੜੀ ਮਾਰਕਾ ਪਿਆ।ਘਰ ਦੀ ਕੱਢੀ ਸ਼ਰਾਬ ਨੂੰ ਪਹਿਲੇ ਵੇਲਿਆਂ ਵਿੱਚ ਦਾਰੂ ਕਹਿੰਦੇ ਸਨ।ਸਾਡੇ ਲੋਕ ਗੀਤਾਂ ਵਿੱਚ ਚੋਟੀ ਦੇ ਗੀਤਕਾਰਾਂ ਨੇ ਵੀ ਇਸ ਦਾ ਖਾਸ ਵਰਣਨ ਕੀਤਾ ਹੈ ।

Manjit S Sondh

 

 

ਮਨਜੀਤ ਸਿੰਘ ਸੌਂਦ
ਟਾਂਗਰਾ, ਜਿਲਾ ਅੰਮ੍ਰਿਤਸਰ
ਮੋ – 9803761451

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply