Tuesday, June 3, 2025
Breaking News

ਪੰਜਾਬ ਸਿਉਂ ਦੀ ਹੱਡ-ਬੀਤੀ

Drugsਧਾਹਾਂ ਪੰਜਾਬ ਸਿਉਂ ਮਾਰੇ, ਕਿਰਤੀ ਰੁਲਦੇ ਵਿਚਾਰੇ  
ਚਿੱਟਾ ਵੇਚ-ਵੇਚ ਪਾਇਆ ਉਹ ਚੁਬਾਰਾ ਵੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਲੀਡਰਾਂ ਫੱਟੀ ਦਿੱਤੀ ਪੋਚ, ਭੁੱਲੀ ਜਨਤਾ ਦੀ ਹੋਸ਼
ਪੈਂਦਾ ਵੋਟਾਂ ਵਾਲੇ ਆਪਸੀ ਪੁਆੜਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਫੇਲ ਹੋ ਗਈਆਂ ਵਿਚਾਰਾਂ, ਦੋਸ਼ੀ ਮਾਰਦੇ ਨੇ ਟਾਹਰਾਂ
ਪਿਆ ਗੁਰੂ ਸਾਹਿਬ ਥਾਂ ਥਾਂ ਖਿਲਾਰਾ ਦੇਖ ਲੈ  
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਲੱਗੇ ਰਹਿਣ ਭਾਵੇਂ ਪਹਿਰੇ, ਡਾਕਾ ਵੱਜਦਾ ਦੁਪਹਿਰੇ
ਲੁੱਟਿਆ ਚੌਂਕ ਵਿੱਚ ਰੋਂਦਾ ਸੁਨਿਆਰਾ ਦੇਖ ਲੈ  
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਨਿੱਤ ਹੋਣ ਬਲਾਤਕਾਰ, ਮੱਚੀ ਪਈ ਹਾਹਾਕਾਰ
ਧੀਆਂ-ਧਿਆਣੀਆਂ ਦਾ ਹਸ਼ਰ ਕਿੰਨਾਂ ਮਾੜਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਹਾਕਮ ਮਾਰਦੇ ਘੁਰਾੜੇ, ਰਾਖੇ ਭੁੰਨ `ਤੇ ਵਿਚਾਰੇ
ਹੋਕਾ ਕਫਨਾਂ ਦਾ ਦਿੰਦਾ ਵਣਜਾਰਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਨਸ਼ੇ ਹੋਏ ਪਏ ਮਸ਼ਹੂਰ, ਹੈ ਨ੍ਹੀ ਚਿਹਰਿਆਂ `ਤੇ ਨੂਰ
ਢੌਂਗੀ ਬਾਬਿਆਂ ਦਾ ਪੈਂਦਾ ਚਮਕਾਰਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਵੇਚ ਸੋਨਾ ਮਿਲੇ ਰੇਤਾ, ਲੁੱਟ-ਪੁੱਟ ਖਾ ਗਏ ਨੇਤਾ
 ਕੋਈ ਚੱਲਦਾ ਨਈਂ ਕਿਸੇ ਪਾਸੇ ਚਾਰਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

ਬਾਬਾ ਨਾਨਕ ਤੂੰ ਆਜਾ, ਬੇੜਾ ਡੁੱਬਦਾ ਬਚਾ ਜਾ
ਪਾਣੀ ਹੋਇਆ ਦਰਿਆਵਾਂ ਵਾਲਾ ਖਾਰਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।

‘ਸਾਧੂ ਲੰਗੇਆਣੇ’ ਰਹਿੰਦਾ ਅੱਧੀ ਰਾਤੀਂ ਉਠ ਬਹਿੰਦਾ
ਕਦੇ ਸੱਚ ਨੂੰ ਨਾ ਮਿਲਦਾ ਸਹਾਰਾ ਦੇਖ ਲੈ
ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ।
Sadhu Ram Langeana

 

 

ਡਾ. ਸਾਧੂ ਰਾਮ ਲੰਗੇਆਣਾ
ਪਿੰਡ- ਲੰਗੇਆਣਾ ਕਲਾਂ (ਮੋਗਾ)   
ਮੋ – 98781-17285

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply