Friday, May 30, 2025
Breaking News

ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ

    Mukatsar-Sahibਦੇਸੀ ਮਹੀਨੇ ਪੋਹ ਦੇ ਆਖਰੀ ਦਿਨ ਭਾਵ ਲੋਹੜੀ ਦੇ ਅਗਲੇ ਦਿਨ ਚੜਣ ਵਾਲੇ ਮਾਘ ਮਹੀਨੇ ਦੀ ਸੰਗਰਾਂਦ ਨੂੰ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵਿੱਚ ਖਾਸ ਮਹੱਤਵ ਹੈ।ਇਹ ਇਤਿਹਾਸਕ ਜੋੜ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਤੋੜ ਵਿਛੋੜਾ ਕਰਕੇ ਆਏ ਉਨਾਂ 40 ਮਹਾਨ ਸਿੰਘ ਸੂਰਮਿਆਂ ਦੀ ਅਦੁੱਤੀ ਕੁਰਬਾਨੀ ਨੂੰ ਸਿਜ਼ਦਾ ਕਰਨ ਲਈ ਮਨਾਇਆ ਜਾਂਦਾ ਹੈ।ਜਿੰਨਾਂ ਨੇ ਇਸ ਸਥਾਨ ‘ਤੇ ਮਾਈ ਭਾਗੋ (ਮਾਤਾ ਭਾਗ ਕੌਰ) ਦੀ ਅਗਵਾਈ ‘ਚ ਦਸਮ ਪਾਤਸ਼ਾਹ ਪਾਸੋਂ ਆਪਣੀ ਭੁੱਲ ਬਖਸ਼ਾਈ ਸੀ ਅਤੇ ਗੁਰੂ ਸਾਹਿਬ ਨੇ ਸਿੰਘਾਂ ਦੀ ਸ਼ਰਧਾ ਭਾਵਨਾ ਬਹਾਦਰੀ ਦੇਖਦਿਆਂ ਟੁੱਟੀ ਗੰਢੀ ਸੀ।
ਇਸ ਦਿਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਸਿੰਘਾਂ ਦੀ ਦਿੱਤੀ ਅਨੋਖੀ ਕੁਰਬਾਨੀ ਨੂੰ ਸਿਜ਼ਦਾ ਕਰਦੀਆਂ ਹਨ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜਨਮ ਸਫਲਾ ਕਰਦੀਆਂ ਹਨ।ਸ੍ਰੀ ਮੁਕਤਸਰ ਸਾਹਿਬ ਵਿਖੇ 6 ਹੋਰ ਵੀ ਇਤਿਹਾਸਕ ਗੁਰਦੁਆਰੇ ਜਿਵੇਂ ਕਿ ਮਾਤਾ ਭਾਗ ਕੌਰ ਜੀ, ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਰਕਾਬ ਗੰਜ਼ ਸਾਹਿਬ, ਗੁਰਦੁਆਰਾ ਦਾਤਨ ਸਰ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਅਤੇ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹਨ, ਇਥੇ ਵੀ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਮਾਘੀ ਦੇ ਸ਼ਹੀਦੀ ਜੋੜ ਮੇਲੇ ‘ਤੇ ਲੱਗਣ ਵਾਲਾ ਮੇਲਾ ਪੰਦਰਾਂ ਵੀਹ ਦਿਨ ਪੂਰੇ ਜਾਹੋ ਜਲਾਲ ‘ਤੇ ਰਹਿੰਦਾ ਹੈ।ਜੋੜ ਮੇਲੇ ‘ਤੇ ਬੱਚਿਆਂ ਦੇ ਮਨੋਰੰਜਨ ਲਈ ਸਰਕਸ, ਝੂਲੇ, ਅਤੇ ਹੋਰ ਵੀ ਬਹੁਤ ਕਿਸਮ ਦੀਆਂ ਮਨੋਰੰਜਨ ਦੀਆਂ ਦੁਕਾਨਾਂ ਸੱਜਦੀਆਂ ਹਨ।ਮਾਘੀ ਦੇ ਪਵਿੱਤਰ ਦਿਹਾੜੇ ਤੇ ਰਾਤ ਦੇ ਬਾਰਾਂ ਵਜੇ ਤੋਂ ਹੀ ਪਵਿੱਤਰ ਇਸ਼ਨਾਨ ਸ਼ੁਰੂ ਹੋ ਜਾਂਦਾ ਹੈ ਤੇ ਸ਼ਾਮ ਤੱਕ ਜਾਰੀ ਰਹਿੰਦਾ ਹੈ।ਲੋਕਾਂ ਦੇ ਭਾਰੀ ਇਕੱਠ ਤੋਂ ਸਿਆਸੀ ਲੋਕ ਵੀ ਆਪਣਾ ਲਾਹਾ ਲੈਣ ਤੋਂ ਪਿੱਛੇ ਨਹੀਂ ਹਟਦੇ, ਭਾਵ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਅਕਾਲੀ ਦਲ ਅੰਮ੍ਰਿਤਸਰ, ਆਮ ਆਦਮੀ ਪਾਰਟੀ, ਕਿਸਾਨ ਯੂਨੀਅਨ ਵਲੋਂ ਆਪੋ-ਆਪਣੀਆਂ ਕਾਨਫਰੰਸਾਂ ਦੌਰਾਨ ਇੱਕ ਦੂਜੇ ‘ਤੇ ਸ਼ਬਦੀ ਵਾਰ ਕੀਤੇ ਜਾਂਦੇੇ ਹਨ।ਇਨਾਂ ਕਾਨਫਰੰਸਾਂ ਵਿਚ ਪਹੁੰਚਣ ਵਾਲੇ ਸੂਬਾ ਕੇਂਦਰ ਸਰਕਾਰਾਂ ਦੇ ਮੰਤਰੀ ਬਹੁਤ ਵਾਰ ਕਾਨਫਰੰਸਾਂ ਵਿੱਚ ਹੀ ਭਾਸ਼ਣ ਦੇ ਕੇ, ਇਥੋਂ ਹੀ ਸਮੇਂ ਦੀ ਕਮੀ ਦਾ ਵਾਸਤਾ ਪਾ ਕੇ ਵਾਪਸ ਚਲੇ ਜਾਂਦੇ ਹਨ।ਜੋ ਮਹਾਨ ਸ਼ਹੀਦੀਆਂ ਦਾ ਵੱਡਾ ਅਪਮਾਨ ਹੈ।ਕਿਆਸ ਅਰਾਈਆਂ ਹਨ ਕਿ ਇਸ ਵਾਰ 14 ਜਨਵਰੀ ਭਾਵ ਮਾਘੀ ਦੇ ਸ਼ਹੀਦੀ ਜੋੜ ਮੇਲੇ ‘ਤੇ ਸ਼ਾਇਦ ਕਾਂਗਰਸ ਪਾਰਟੀ ਕਾਨਫਰੰਸ ਨਹੀਂ ਕਰੇਗੀ।
ਇਸ ਸ਼ਹੀਦੀ ਜੋੜ ਮੇਲੇ ‘ਤੇ ਬਹੁਤ ਦੂਰੋਂ-ਦੂਰੋਂ ਆ ਕੇ ਸ਼ਰਧਾਵਾਨ ਸਿਰਫ਼ ਇੱਕ ਦਿਨ ਜਾਂ ਦੋ ਦਿਨ ਭਾਵ ਲੋਹੜੀ ਤੇ ਮਾਘੀ ਵਾਲੇ ਦਿਨ ਹੀ ਸੰਗਤਾਂ ਲਈ ਬੇਅੰਤ ਕਿਸਮ ਦੇ ਲੰਗਰ ਲਗਾਉਂਦੇ ਹਨ।ਜਿਸ ਕਰਕੇ ਬਹੁਤ ਲੰਗਰ ਬੇਅਰਥ ਹੀ ਜਾਂਦਾ ਹੈ।ਕਿੰਨਾ ਚੰਗਾ ਹੋਵੇ ਜੇਕਰ ਇਹੀ ਸ਼ਰਧਾਵਾਨ ਲੰਗਰ ਮੇਲਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਤੇ ਮੇਲੇ ਦੇ ਇਕ ਦਿਨ ਬਾਅਦ ਤੱਕ ਲਗਾਉਣ।
ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਇਸ ਸ਼ਹੀਦੀ ਜੋੜ ਮੇਲੇ ‘ਤੇ ਲੱਗਣ ਵਾਲੀਆਂ ਦੁਕਾਨਾਂ ‘ਤੇ ਲੋਕਾਂ ਦੀ ਅੰਨ੍ਹੀ ਲੁੱਟ ਵੀ ਟਿਕਟਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ।ਜੋ ਕਿ ਸਰਾਸਰ ਲੋਕਾਂ ਨਾਲ ਧੱਕਾ ਹੈ।ਕਿਸੇ ਕਿਸਮ ਦੇ ਮੇਲੇ ‘ਤੇ ਇਹ ਬੋਝ ਨਹੀਂ ਪੈਣਾ ਚਾਹੀਦਾ।ਇਹ ਵੀ ਹਰ ਵਾਰ ਵੇਖਣ ਵਿਚ ਆਉਂਦਾ ਹੈ ਕਿ ਮਾਘੀ ਜਾਂ ਫਿਰ ਲੋਹੜੀ ਵਾਲੇ ਦਿਨ ਥੋੜ੍ਹਾ ਬਹੁਤਾ ਮੀਂਹ ਵੀ ਜ਼ਰੂਰ ਪੈਂਦਾ ਹੈ।ਇਸ ਵਾਰ ਤਾਂ ਪਹਿਲਾਂ ਹੀ ਠੰਡ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ, ਭਾਵ ਬਹੁਤ ਜ਼ਿਆਦਾ ਠੰਢ ਦਾ ਪ੍ਰਕੋਪ ਜਾਰੀ ਹੈ।
ਇਸ ਇਤਹਾਸਕ ਮੇਲੇ ਦੇ ਮੱਦੇਨਜ਼ਰ ਜਿਥੇ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ, ਉਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ।ਬਠਿੰਡਾ ਰੋਡ ਦਾ ਗੋਲ ਚੌਕ ਬਹੁਤ ਵਧੀਆ ਢੰਗ ਨਾਲ ਸਜਾਇਆ ਸਵਾਰਿਆ ਗਿਆ ਹੈ ਅਤੇ ਰੇਲਵੇ ਸਟੇਸ਼ਨ ਦੇ ਅੰਦਰ ਬਣੇ ਪਾਰਕ ਨੂੰ ਵੀ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ, ਜੋ ਇੱਕ ਵਧੀਆ ਉਪਰਾਲਾ ਹੈ।

Jasveer Dadahoor

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 95691 49556

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply