ਪੰਜਾਬੀ ਫਿਲਮ `ਕਿਸਮਤ` ਵਿੱਚ ਸਹਿ ਨਾਇਕਾ ਦੇ ਰੂਪ ਵਿਚ ਪੰਜਾਬੀ ਪਰਦੇ ‘ਤੇ ਆਈ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ।ਜੋ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਵੀਂ ਬਣਾਈ ਪੰਜਾਬੀ ਫ਼ਿਲਮ `ਸੁਫਨਾ` ਵਿੱਚ ਉਹ ਸੁਪਰ ਸਟਾਰ ਨਾਇਕ ਐਮੀ ਵਿਰਕ ਨਾਲ ਦਿਖੇਗੀ।ਇਹ ਫਿਲਮ ਅਗਾਮੀ 14 ਫਰਵਰੀ 2020 ਨੂੰ ਵੈਲਨਟਾਈਨ ਡੇਅ `ਤੇ ਰਿਲੀਜ਼ ਹੋਵੇਗੀ।ਬਾਕਮਾਲ ਅਦਾਵਾਂ ਤੇ ਹੁਸਨ ਦੀ ਮਲਿਕਾ ਤਾਨੀਆ ਨੂੰ ਇਸ ਫਿਲਮ ਤੋਂ ਪਹਿਲਾਂ ਪੰਜਾਬੀ ਫਿਲਮ `ਸੰਨ ਆਫ ਮਨਜੀਤ ਸਿੰਘ`, `ਗੁੱਡੀਆਂ ਪਟੋਲੇ, ਰੱਬ ਦਾ ਰੇਡੀਓ-2 ਅਤੇ `ਕਿਸਮਤ` ਵਿੱਚ ਵੇਖ ਚੁੱਕੇ ਹਨ।ਉਹ ਆਪਣੀ ਦੇਖਣੀ-ਪਾਖਣੀ, ਅਦਾਕਾਰੀ ਅਤੇ ਡਾਇਲਾਗ ਡਿਲਿਵਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕਰ ਚੁੱਕੀ ਹੈ।
ਜਮਸ਼ੇਦਪੁਰ `ਚ ਜਨਮੀ ਤੇ ਅੰਮ੍ਰਿਤਸਰ `ਚ ਪਲੀ ਤਾਨੀਆ ਨੇ ਦੱਸਿਆ ਕਿ ਉਸ ਨੂੰ ਕਲਾ ਦਾ ਸੌਂਕ ਸ਼ੁੁਰੂ ਤੋਂ ਹੀ ਸੀ, ਪਰ ਉਸਦੇ ਪਰਿਵਾਰ `ਚ ਅਜਿਹਾ ਸ਼ੌਂਕ ਪਹਿਲਾਂ ਕਿਸੇ ਨੂੰ ਨਹੀਂ ਸੀ।ਉਸ ਨੇ ਅੰਮ੍ਰਿਤਸਰ ਵਿਖੇ ਕਾਲਜ ਪੜਦਿਆਂ ਰੰਗਮੰਚ `ਤੇ ਅਨੇਕਾਂ ਨਾਟਕ ਖੇਡੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ 6 ਵਾਰ ਜਿੱਤਿਆ।ਉਸ ਨੇ ਇਹ ਵੀ ਦੱਸਿਆ ਕਿ ਉਹ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟਰੀਅਰ ਡਿਜ਼ਾਈਨਰ ਦੀ ਡਿਗਰੀ ਵੀ ਕਰ ਚੁੱਕੀ ਹੈ।ਅਦਾਕਾਰੀ ਦੇ ਨਾਲ-ਨਾਲ ਉਹ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਰੱਖਦੀ ਹੈ।
ਤਾਨੀਆ ਕਿਸਮਤ ਦੀ ਧਨੀ ਹੈ ਜਿਸ ਨੂੰ ਥਿਏਟਰ ਕਰਦਿਆਂ ਹੀ ਫਿਲਮਾਂ `ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ।ਸਭ ਤੋਂ ਪਹਿਲਾਂ ਉਸ ਨੂੰ ਇੱਕ ਬਾਲੀਵੁੱਡ ਫਿਲਮ `ਸਰਬਜੀਤ` ਦੀ ਆਫ਼ਰ ਹੋਈ ਸੀ।ਜਿਸ ਵਿੱਚ ਉਸ ਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ।ਪਰ ਉਹ ਆਪਣੇ ਗਰੇਜੂਏਸ਼ਨ ਦੇ ਸਲਾਨਾ ਪੇਪਰਾਂ ਕਰਕੇ ਇਹ ਫਿਲਮ ਨਾ ਕਰ ਸਕੀ।ਜਦਕਿ ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫਿਲਮ `ਸੰਨ ਆਫ ਮਨਜੀਤ ਸਿੰਘ` ਤੋਂ ਉਸ ਨੇ ਆਪਣੇ ਫ਼ਿਲਮੀ ਕੈਰੀਅਰ ਦਾ ਅਸਲ ਆਗਾਜ਼ ਕੀਤਾ।ਜਿਸ ਵਿੱਚ ਉਸ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ `ਸਿਮਰਨ` ਦਾ ਕਿਰਦਾਰ ਨਿਭਾਇਆ।ਇਸ ਤੋਂ ਬਾਅਦ ਉਸ ਨੂੰ `ਕਿਸਮਤ` ਵਿੱਚ ਐਮੀ ਵਿਰਕ ਦੀ ਮੰਗੇਤਰ `ਅਮਨ` ਦਾ ਕਿਰਦਾਰ ਮਿਲਿਆ ਜਿਸ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਫਿਲਮ `ਗੁੱਡੀਆਂ ਪਟੋਲੇ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਵੀ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। ਹੁਣ ਆਪਣੀ ਨਵੀਂ ਆ ਰਹੀ ਫਿਲਮ `ਸੁਫਨਾ` ਵਿੱਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ `ਤੇ ਆਉਣਾ ਉਸ ਦਾ ਇੱਕ ਵੱਡਾ ਸੁਫ਼ਨਾ ਪੂਰਾ ਹੋਣ ਬਰਾਬਰ ਹੈ।
ਜ਼ਿਕਰਯੋਗ ਹੈ ਕਿ ਤਾਨੀਆ ਨੇ ਇਸ ਫਿਲਮ ਲਈ ਬਹੁਤ ਮੇਹਨਤ ਕੀਤੀ ਹੈ।ਇਸ ਫਿਲਮ ਦਾ ਸ਼ੂੂਟ ਦੋ ਮਹੀਨੇ ਚੱਲਿਆ ਤੇ ਉਸ ਨੇ ਆਪਣਾ ਵਜ਼ਨ ਵੀ ਘਟਾਇਆ ਹੈ।ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ `ਸੁਫਨਾ` ਵਿੱਚ ਵੀ ਉਸ ਦੀ ਅਦਾਕਾਰੀ ਨੂੰ ਜਰੂਰ ਪਸੰਦ ਕਰਨਗੇ।
ਖੈਰ ! ਇਹ ਤਾਂ ਹੁਣ ਦਰਸ਼ਕ 14 ਫ਼ਰਵਰੀ ਫਿਲਮ ਦੇ ਰਲੀਜ਼ ਹੋਣ ‘ਤੇ ਹੀ ਕੁੱਝ ਦੱਸਣਗੇ। 16120
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।