Monday, June 2, 2025
Breaking News

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ।

ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ।
ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ।
ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ ਉਗਾਉਣਾ ਹੈ। ਭਾਰਤ ਦੇਸ਼ ਨੂੰ…

ਸਾਰੇ ਧਰਮ ਹੀ ਉਚੇ- ਸੁੱਚੇ, ਸਾਰੇ ਰੰਗ ਹੀ ਚੰਗੇ ਨੇ।
ਇਕੋ ਜੋਤ ਤੋਂ ਪੈਦਾ ਹੋਏ, ਭਾਵੇਂ ਰੰਗ-ਬਿਰੰਗੇ ਨੇ।
ਗਲੀ-ਗਲੀ ਵਿਚ ਜਾ ਕੇ ਸਭ ਨੂੰ, ਨਵ-ਸੰਗੀਤ ਸੁਣਾਉਣਾ ਹੈ। ਭਾਰਤ ਦੇਸ਼ ਨੂੰ…

ਕਵੀ-ਕਵੀਸ਼ਰਾਂ, ਸਾਹਿਤਕਾਰਾਂ ਨੇ, ਐਸੀ ਕਲਮ ਚਲਾਈ ਹੈ।
ਆਪੋ-ਆਪਣੀ ਭਾਸ਼ਾ ਵਿੱਚ, ਏਕੇ ਦੀ ਜਾਚ ਸਿਖਾਈ ਹੈ।
ਭੁੱਲਿਆਂ ਤੇ ਰੁੱਸਿਆਂ ਹੋਇਆਂ ਨੂੰ, ਮਾਨਵ-ਪਾਠ ਪੜ੍ਹਾਉਣਾ ਹੈ। ਭਾਰਤ ਦੇਸ਼ ਨੂੰ…

ਇਸ ਧਰਤੀ ‘ਤੇ ਰਲ ਕੇ ਰਹਿੰਦੇ, ਮੁਸਲਿਮ, ਸਿੱਖ ਜਾਂ ਹਿੰਦੂ ਨੇ।
ਸਾਂਝ ਇਨ੍ਹਾਂ ਵਿੱਚ ਪੱਕੀ-ਪੀਡੀ, ਹਿੰਦ-ਗਗਨ ਦੇ ਇੰਦੂ ਨੇ।
ਏਕੇ ਵਿੱਚ ਏਦਾਂ ਹੀ ਹਰਦਮ, ਸੁਰ ਤੇ ਤਾਲ ਮਿਲਾਉਣਾ ਹੈ। ਭਾਰਤ ਦੇਸ਼ ਨੂੰ…

ਧਰਤ ਨੂੰ ਰੱਖੀਏ ਹਰੀ-ਭਰੀ ਤੇ, ਨਸ਼ਿਆਂ ਤੋਂ ਬੱਸ ਦੂਰ ਰਹੀਏ।
ਮੰਦਾ ਬੋਲ ਨਾ ਮੂੰਹੋਂ ਕੱਢੀਏ, ਨਾਲ ਮੁਹੱਬਤ ਮਿਲ ਬਹੀਏ।
ਨਾਲ `ਰੂਹੀ` ਦੇ `ਕੱਠੇ ਹੋ ਕੇ, ਗੀਤ ਆਜ਼ਾਦੀ ਗਾਉਣਾ ਹੈ। ਭਾਰਤ ਦੇਸ਼ ਨੂੰ…

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ।
ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ।

Nav Sangeet S Talwandi Sabo

 

 

 

 

ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ, ਬਠਿੰਡਾ।
ਮੋ – 94176 92015

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply