Friday, April 19, 2024

ਫੁੱਲ ਸਟਾਪ

             ਕੋਰੋਨਾ ਮਹਾਂਮਾਰੀ ਨੇ ਜਿਥੇ ਸਾਰੇ ਵਿਸ਼ਵ ਨੂੰ ਚਿੰਤਾ `ਚ ਪਾਈ ਰੱਖਿਆ ਹੈ, ਉਥੇ ਸਾਕ-ਸਨੇਹੀਆਂ `ਚ ਵੀ ਦੂਰੀ ਪੈਦਾ ਕਰ ਦਿੱਤੀ।ਲੋਕ ਇੱਕ ਦੂਜੇ ਨੂੰ ਮਿਲਣ ਤੋਂ ਕੰਨੀ ਕਤਰਾਉਣ ਲੱਗੇ।ਨਿਮਾਣਾ ਸਿਹੁੰ ਦੇ ਗੁਆਂਢ `ਚ ਅੱਸੀਆਂ ਨੂੰ ਢੁੱਕਿਆ ਬਜ਼਼ੁਰਗ ਦੋ-ਚਾਰ ਦਿਨ ਹਸਪਤਾਲ `ਚ ਦਾਖ਼ਲ ਰਹਿਣ ਬਾਅਦ ਪੂਰਾ ਹੋ ਗਿਆ।ਕਿਸੇ ਨੇ ਅਫ਼ਵਾਹ ਉਡਾ ਦਿੱਤੀ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ।ਫਿਰ ਕੀ ਸੀ ਆਉਣ ਵਾਲੇ ਇਸ ਤਰ੍ਹਾਂ ਡਰਨ ਲੱਗ ਪਏ ਜਿਵੇਂ ਬੱਚੇ ਡਾਕਟਰ ਦੇ ਹੱਥ ਸਰਿੰਜ਼ ਵੇਖ ਕੇ ਡਰਦੇ ਹਨ।ਸ਼ਮਸ਼ਾਨ ਘਾਟ `ਚ ਲੋਕ ਗੱਲਾਂ ਕਰਨ ਕਿ ਇਸਦੇ ਬੱਚਿਆਂ ਨੇ ਇਸ ਦੀ ਰਾਤ-ਦਿਨ ਬਹੁਤ ਸੇਵਾ ਕੀਤੀ।ਇਸ ਦੇ ਪਰਿਵਾਰਕ ਮੈਂਬਰਾਂ ਬਜ਼ੁਰਗ ਨੂੰ ਬਚਾਉਣ ਲਈ ਬੜੀ ਵਾਹ ਲਾਈ।ਥੋੜੀ ਤਲਖ਼ੀ ਤੇ ਦੱਬਵੀਂ ਆਵਾਜ਼ ‘ਚ ਇੱਕ ਰਿਸ਼ਤੇਦਾਰ ਬੋਲਿਆ “ਸੇਵਾ ਬਜ਼਼ੁਰਗ ਦੀ ਨਹੀਂ ਹੋਈ ਆਪਣੀ ਲੋੜ ਦੀ ਹੋਈ ਆ, ਬਜ਼਼ੁਰਗ ਦੇ ਨਾਂ ‘ਤੇ ਬੈਂਕ ਅਕਾਊਂਟ ਅਤੇ ਹੋਰ ਜਾਇਦਾਦ ਹੋਣ ਕਰਕੇ ਘਰ ਵਾਲੇ ਸੋਚਦੇ ਸੀ ਕਿ ਰੱਬ ਇਨ੍ਹਾਂ ਨੂੰ ਇੱਕ ਵਾਰ ਠੀਕ ਕਰ ਦੇਵੇ——-। ਬਾਅਦ `ਚ ਕਾਨੂੰਨੀ ਕਾਰਵਾਈ ਦੇ ਚੱਕਰਾਂ `ਚ ਪੈਣ ਨਾਲੋਂ।ਇਸੇ ਕਰਕੇ ਹੀ ਇਹਨਾਂ ਕਈ ਡਾਕਟਰ ਤੇ ਦੋ ਚਾਰ ਹਸਪਤਾਲ ਵੀ ਬਦਲੇ, ਪਰ ਘਟੀ ਨੂੰ ਕੋਈ ਥਾਂ ਨਾ ਵਾਲੀ ਕਹਾਵਤ ਸੱਚ ਹੋਈ।”
                  ਸਰਦਾਰ ਸਾਹਿਬ ਜਿੰਨੇ ਮਰਜ਼ੀ ਹਸਪਤਾਲ ਬਦਲ ਲਓ, ਡਾ. ਬਦਲ ਲਓ, ਪਰ ਆਹ ਥਾਂ ਨਹੀਂ ਜੇ ਬਦਲੀ ਜਾ ਸਕਦੀ! ਜ਼ਿੰਦਗੀ ਦਾ ਫੁੱਲ-ਸਟਾਪ ਇਥੇ ਹੀ ਆ ਕੇ ਲੱਗਦਾ ਜੇ।ਸ਼ਮਸ਼ਾਨਘਾਟ `ਚ ਸਾਈਕਲ ਸਟੈਂਡ ‘ਤੇ ਸਾਈਕਲ ਜਮ੍ਹਾਂ ਕਰ ਰਿਹਾ ਬਜ਼਼ੁਰਗ ਵੈਰਾਗ `ਚ ਬੋਲ ਗਿਆ।
               ਨਿਮਾਣਾ ਆਪਣੇ ਸਾਈਕਲ ਦੀ ਪਰਚੀ ਜਮ੍ਹਾਂ ਕਰਾਉਂਦਾ, ਬਜ਼਼ੁਰਗ ਦੇ ਕਹੇ ਬਹੁਤ ਗਹਿਰੇ ਸ਼ਬਦਾਂ ਨੂੰ ਸਮਝਦਾ ਸੋਚਦਾ ਰਿਹਾ, ਕਿਉਂਕਿ ਬਜ਼ੁਰਗ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਜ਼ਿੰਦਗੀ ਦੀ ਮਹਾਨ ਸਚਾਈ ਬਿਆਨ ਕਰਦਾ ਬਹੁਤ ਵੱਡੀ ਗੱਲ ਕਹਿ ਗਿਆ —। 27062021

ਸੁਖਬੀਰ ਸਿੰਘ ਖੁਰਮਣੀਆਂ
53, ਗੁਰੂ ਹਰਿਗੋਬਿੰਦ ਐਵਨਿਊ
ਛੇਹਰਟਾ (ਅੰਮ੍ਰਿਤਸਰ)

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …