Friday, March 29, 2024

ਖਾ ਗਏ ਮੋਬਾਇਲ – ਬਚਪਨ ਤੇ ਜਵਾਨੀ

          ਜੇਕਰ ਕੁੱਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਕਿਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-2 ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚੱਲਦਾ।ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੋਲੀ-2 ਕੰਮਾਂ ਵਿੱਚ ਲਗਾ ਲੈਦੇ।ਪਰ ਉਸ ਸਮੇ ਜੋ ਬਚਪਨ ਅਤੇ ਜਵਾਨੀ ਦਾ ਆਨੰਦ ਸੀ, ਉਹ ਵੱਖਰਾ ਹੀ ਹੁੰਦਾ ਸੀ। ਇਕ ਦੂਸਰੇ ਪ੍ਰਤੀ ਪਿਆਰ ਅਤੇ ਵਫਾਦਾਰੀ ਅਤੇ ਆਗਿਆਕਾਰੀ ਹੁੰਦਾ ਸੀ।
                 ਪਰ ਇਸ ਦੇ ਮੁਕਾਬਲੇ ਅੱਜ ਦੇ ਬਚਪਨ ਅਤੇ ਜਵਾਨੀ ਦੀ ਗੱਲ ਕਰੀਏ ਤਾਂ ਬਹੁਤ ਵੱਖਰਾ ਹੀ ਅਨੁਭਵ ਹੁੰਦਾ ਹੈ।ਅੱਜ ਦੇ ਬੱਚਿਆ ਨੇ ਤਾਂ ਬਚਪਨ ਦੀਆਂ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ ਆਦਿ ਸਾਇਦ ਦੇਖੀਆਂ ਹੀ ਨਾ ਹੋਣ।ਪਰ ਹੁਣ ਇਨ੍ਹਾਂ ਖੇਡਾਂ ਦੀ ਜਗਾਂ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲਾਂ ਨੇ ਲੈ ਲਈ ਹੈ।ਇਸ ਦੇ ਨਾਲ-ਨਾਲ ਮਾਪੇ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਦੁਨਿਕ ਯੁੱਗ ਕਹਿ ਕੇ ਖੇਡਣ ਲਈ ਇਲੈਕਟ੍ਰੋਨਿਕ ਗੇਮਾਂ ਅਤੇ ਮੋਬਾਇਲ ਲੈ ਕੇ ਦੇਣ ਵਿੱਚ ਮਾਣ ਮਹਿਸੂਸ ਕਰਦੇ ਹੋਏ ਇਕ ਦੂਸਰੇ ਨੂੰ ਦਸਦੇ ਹਨ ਸਾਡਾ ਛੋਟਾ ਜਿਹਾ ਬੱਚਾ ਹੀ ਸਮਾਟ ਫੋਨ ਮਿੰਟੋ ਮਿੰਟੀ (ਬੜੀ ਤੇਜ਼ੀ) ਨਾਲ ਚਲਾ ਲੈਂਦਾ ਹੈ।ਇਸ ਤਰ੍ਹਾਂ ਦੇ ਬਚਪਨ ਵਿੱਚ ਪਲਿਆ ਹੋਇਆ ਬੱਚਾ ਹਮੇਸ਼ਾਂ ਹੀ ਸਾਡੇ ਪੰਜਾਬੀ ਸਭਿਆਚਾਰ ਨੂੰ ਗ੍ਰਹਿਣ ਨਹੀ ਕਰ ਪਾਵੇਗਾ ਅਤੇ ਉਹ ਆਧੁਨਿਕ ਯੁੱਗ ਦੇ ਸਮੇਂ ਅਨੁਸਾਰ ਹੀ ਚੀਜ਼ਾਂ ਦੀ ਮੰਗ ਰੱਖੇਗਾ ।
                  ਇਸੇ ਤਰ੍ਹਾਂ ਨਵੀਂ ਜਨਰੇਸ਼ਨ ਦੇ ਬੱਚੇ ਹੀ ਬਚਪਨ ਤੋਂ ਬਾਅਦ ਜਦ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦੇ ਹਨ ਤਾਂ ਉਹੀ ਬੱਚੇ ਮਹਿੰਗੇ ਮਹਿੰਗੇ ਸਮਾਟ ਫੋਨਾਂ ਦੀ ਮੰਗ ਕਰਦੇ ਆਮ ਦੇਖੇ ਜਾ ਸਕਦੇ ਹਨ।ਪਰ ਸਧਾਰਨ ਘਰਾਂ ਦੇ ਮਾਤਾ ਪਿਤਾ ਬੱਚੇ ਦੀ ਅਜਿਹੀ ਮੰਗ ਨੂੂੰ ਪੂਰਾ ਕਰਨ ਦੇ ਅਸਮਰਥ ਹੋਣ ਦੇ ਬਾਵਜ਼ੂਦ ਵੀ ਕਰਜ਼ਾ ਚੁੱਕ ਕੇ ਵੀ ਬੱਚੇ ਦੀ ਜ਼ਿਦ ‘ਤੇ ਫੁੱਲ ਚੜਾਉਣ ਨੂੰ ਵੀ ਵਡਿਆਈ ਸਮਝਦੇ ਹਨ।ਗੱਲ ਇਥੇ ਹੀ ਖਤਮ ਨਹੀ ਹੋ ਜਾਂਦੀ ਫਿਰ ਹੀ ਸਮਾਟ ਬੱਚੇ ਆਪਣੇ ਸਮਾਰਟ ਫੋਨਾਂ ‘ਤੇ ਸੋਸ਼ਲ ਨੈਟਵਰਕ ਉਪਰ ਜਿਵੇ ਫੇਸਬੁੱਕ, ਵੱਟਸਐਪ, ਇੰਸਟਾਗ੍ਰਾਮ, ਜਾਂ ਪਬਜੀ ਗੇਮ ਆਦਿ ਵਿੱਚ ਇੰਨੇ ਲੀਨ ਹੋ ਜਾਂਦੇ ਹਨ ਕਿ ਉਨਾਂ ਨੂੰ ਸਮੇ ਸਿਰ ਖਾਣਾ ਪੀਣਾ, ਰਿਸਤੇ-ਨਾਤੇ ਅਤੇ ਪਰਿਵਾਰ ਦੇ ਮੈਬਰ ਆਦਿ ਤੱਕ ਭੁੱਲ ਜਾਂਦੇ ਹਨ। ਕਈ ਵਾਰ ਤਾਂ ਇਥੋ ਤੱਕ ਨੋਬਿਤ ਆ ਜਾਂਦੀ ਹੈ ਕਿ ਹੈਡਫੋਨ ਜਿਆਦਾ ਸਮਾਂ ਲੱਗੇ ਰਹਿਣ ਨਾਲ ਪਰਦੇ ਖਰਾਬ ਹੋ ਜਾਂਦੇ ਹਨ।ਇਸ ਤਰ੍ਹਾਂ ਫੋਨਾਂ ਵਿੱਚ ਰੁੱਝੇ ਹੋਏ ਬੱਚੇ ਪੜ੍ਹਾਈ ਨੂੰ ਅੱਧ ਵਿਚਕਾਰ ਹੀ ਛੱਡਦੇ ਹੋਏ ਸਕੂਲਾਂ ਜਾਂ ਕਾਲਜਾਂ ਵਿਚੋਂ ਹਟਣ ਨੂੰ ਹੀ ਤਰਜ਼ੀਹ ਦਿੰਦੇ ਵੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦਾ ਭਵਿੱਖ ਬਹੁਤ ਘਾਤਕ ਸਿੱਧ ਹੁੰਦਾ ਹੈ ।
               ਜੇਕਰ ਆਪਾਂ ਪਿਛਲੇ ਦਹਾਕੇ ਬਿਨ੍ਹਾਂ ਮੋਬਾਇਲ ਵਾਲੇ ਯੁੱਗ ਅਤੇ ਅੱਜ ਦੇ ਆਧੁਨਿਕ ਯੁੱਗ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਮੋਬਾਇਲ ਜਿਥੇ ਸਾਡੇ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ ਤਾਂ ਉਥੇ ਸਾਨੂੰ ਸਾਡੇ ਪੰਜਾਬੀ ਸੱਭਿਆਚਾਰ ਨਾਲੋ ਤੋੜ ਕੇ ਸਾਡੇ ਬੱਚਿਆ ਦੇ ਬਚਪਨ ਅਤੇ ਜਵਾਨੀ ਨੂੰ ਘੁੰਣ ਵਾਂਗ ਖਾ ਰਹੇ ਹਨ ਜਿਵੇਂ ਬੱਚਿਆਂ ਦੀ ਯਾਦਾਸ਼ਤ ਨੂੰ ਕਮਜ਼ੋਰ ਕਰਨਾ, ਅੱਖਾਂ ਦੀ ਰੌਸ਼ਨੀ ਦਾ ਘਟਣਾ, ਅਮੁੱਲੇ ਸਮੇਂ ਅਤੇ ਪੈਸੇ ਦੀ ਬਰਬਾਦੀ ਆਦਿ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾਂ ਕਿ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਯੁੱਗ ਦੇ ਨਾਲ-ਨਾਲ ਆਪਣੇ ਪੁਰਾਤਨ ਪੰਜਾਬੀ ਸਭਿਆਚਾਰ ਬਾਰੇ ਜਾਣੂ ਕਰਵਾਉਂਦੇ ਹੋਏ ਸਭਿਆਚਰਕ ਖੇਡਾਂ ਮੁਤਾਬਿਕ ਖੇਡਣ ਲਈ ਵੀ ਪ੍ਰੇਰਿਤ ਕਰੋ, ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਵੀ ਅਸੀਂ ਆਪਣੀ ਸਭਿਆਚਰਕ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ ਆਦਿ ਨੂੰ ਜਿਊਂਦੇੇ ਰੱਖਣ ਦੇ ਨਾਲ-ਨਾਲ ਇਲੈਕਟ੍ਰਾਨਿਕ ਗੇਮਾਂ ਅਤੇ ਮੋਬਾਇਲਾਂ ਨਾਲ ਬੱਚਿਆਂ ਦੇ ਬਚਪਨ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਾਅ ਸਕੀਏ।25072021

ਇਕਬਾਲ ਸਿੰਘ ਬਰਾੜ
ਪਿੰਡ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
ਮੋ – 98145-00156

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …