Friday, April 19, 2024

ਤੱਪਦੀਆਂ ਰੁੱਤਾਂ ਦੇ ਜਾਏ (ਮਿੰਨੀ ਕਹਾਣੀ)

“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ।ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ।“ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, ਫਿਰ ਆਪੇ ਹੀ ਦਾਲ ਰਿੱਝਦੀ ਰਹੂ”, ਸਿਆਮੋ ਨੇ ਥਾਲ ‘ਚ ਮੂੰਗੀ ਪਾ ਕੇ ਲਿਫ਼ਾਫਾ ਹਾਰੇ ਦੇ ਗੋਹਿਆਂ ‘ਤੇ ਸੁੱਟਦਿਆਂ ਕਿਹਾ। “ਨੀ ਆ ਨਾਲੇ ਕਹਿੰਦੇ ਨਵੀਂ ਸਰਕਾਰ … ਇਨਕਲਾਬ ਲੈ ਕੇ ਆਈ, ਜੂਨ ਬਦਲੂ ਲੋਕਾਂ ਦੀ”, ਰਤਨੋ ਨੇ ਪੀੜ੍ਹੀ ‘ਤੇ ਬੈਠਦਿਆਂ ਕਿਹਾ।
                    “ਨੀ ਕਿਹੜੀਆਂ ਆਪਣੀਆਂ ਜੂਨਾਂ ਬਦਲਣੀਆਂ ਨੇ, ਮੈਂ ਦਾਦੇ ਪੜਦਾਦੇ ਵਾਲਿਆਂ ਤੋਂ ਇਹੀ ਹਾਲ ਹੀਲੇ ਦੇਖਦੀ-ਸੁਣਦੀ ਆਈਂ ਆਂ।ਜੋ ਕਬੀਲਦਾਰੀ ਦੇ ਹੂਲੇ ੳਹ ਫੱਕਦੇ ਰਹੇ……ਆਪਾਂ ਫੱਕੀ ਜਾਨੇਂ ਆਂ।ਦੱਸ ਕੀ ਇਨਕਲਾਬ…ਨੋਟ ਅਸਮਾਨੋ ਸਿੱਟੂ ਜਾਂ……ਭੜੋਲੇ ਭਰੇ ਜਾਣੇ ਬੈਠੇ-ਬੈਠਾਇਆਂ ਦੇ।ਅੇਵੈਂ ਨਾ ਇਹਨਾਂ ਲੀਡਰਾਂ ਦੀਆਂ ਫੂਕਾਂ ‘ਚ ਆ ਕੇ ਭੁੱਖੇ ਮਰਜਿਓ।ਆਪਾਂ ਤਾਂ ਤੱਪਦੀਆਂ ਰੁੱਤਾਂ ਦੇ ਜਾਏ ਆਂ…ਆਪਣੇ ਨਸੀਬੀ ਸੁੱਖਾਂ ਦੀਆਂ ਹਵਾਵਾਂ ਕਿੱਥੇ।ਕੀ ਬਦਲ ਗਿਆ, ਦੁਕਾਨ ‘ਤੇ ਸੌਦਾ ਪੱਤਾ ਲੈਣ ਜਾਹ…ਰੁਪਈਆ ਧੇਲੀ ਮਖਾਂ ਮਹਿੰਗੀ ਭਵਾਂ ਹੋ ਜੇ।ਦੁਕਾਨਦਾਰ ਅੱਧ ਮੁੱਲ ਦੇਵੇ ਤਾਂ ਇਨਕਲਾਬ ਆਪਣੇ ਭੜੋਲੇ ਪਿਆ ਜਾਣੀ। ਜੇਕਰ ਦਿਹਾੜੀ ਦੀ ਅੱਧ ਤੋਂ ਵੱਧ ਕਮਾਈ ਬਚੇ…ਰੱਜ ਕੇ ਖਾ, ਹੰਢਾ ਵੀ ਲਈਏ ਤਾਂ ਇਨਕਲਾਬ ਜਾਣੀਏ।ਧੀਆਂ ‘ਕੱਲੀਆਂ ਪੜ੍ਹਨ ਤੋਰ, ਮਾਪੇ ਬੇਫਿਕਰ ਹੋਣ ਤਾਂ ਇਨਕਲਾਬ ਹੋਊਗਾ।ਆਪਾਂ ਨੂੰ ਲੱਪ ਦਾਣਿਆਂ ਖਾਤਿਰ ਬੱਲੀਆਂ ਚੁੱਗਦੀਆਂ ਨੂੰ ਉਹੀ ਵੱਟਾਂ ਤੋਂ ਹੋਕਰੇ ਵੱਜਣੇ, ਉਹੀ ਆਪਣੇ ਕੌਲ਼ੇ ਤਾਂ…ਜੱਟਾਂ ਦੀਆਂ ਖੁਰਲੀਆਂ ‘ਤੇ ਹੀ ਟਿਕਾਣੇ।ਕਾਹਦਾ ਇਨਕਲਾਬ, ਜ਼ਮੀਨਾਂ ਵੇਚ ਲੋਕ ਬਾਹਰ ਫਿਰਦੇ ਗੋਰਿਆਂ ਦਾ ਗੋਲਾ ਧੰਦਾ ਕਰਦੇ।ਕਿੱਥੇ ਐ ਇਨਕਲਾਬ…ਕਿਤੇ ਦੀਂਹਦਾ ਤਾਂ ਹੈਨੀ।ਚਾਰੇ ਪਾਸੇ ਉਹੀ ਕਬੀਲਦਾਰੀਆਂ ‘ਚ ਜੂਲਦੇ, ਭੁੱਖ ਨੰਗ ਨਾਲ ਘੁਲਦੇ ਲੋਕ।ਬੇਬਸੀ ‘ਤੇ ਮਜ਼ਬੂਰੀਆਂ ਦਿਸਦੀਆਂ……ਆ ਸਟੇਜ਼ਾਂ ‘ਤੇ ਢਿੱਡਾਂ ਖਾਤਿਰ ਅਧ-ਨੰਗੀਆਂ ਹੁੰਦੀਆਂ ਧੀਆਂ, ਨਸ਼ੇ ‘ਚ ਰੁਲਦੇ ਪੁੱਤ ਨੂੰ ਤੜਫਦੀਆਂ ਮਾਵਾਂ ਦਿਸਦੀਆਂ…ਦਿਸਦਾ ਕਿਉਂ ਨਹੀਂ ਇਨਕਲਾਬ।ਆ ਮੇਰਾ ਪੁੱਤ ਸੀਰਾ, ਬਥੇਰਾ ਲਾਈਕ ਤੀ, ਬਥੇਰਾ ਪੜ੍ਹਿਆ…ਚੰਦਰੀ ਨੌਕਰੀ ਨ੍ਹੀਂ ਮਿਲੀ।ਹਾਰ ਕੇ ਦਿਹਾੜੀ ਜਾਂਦਾ।ਹੁਣ ਐਨੀ ਖੁਰਾਕ ਘਰੇ ਨ੍ਹੀਂ, ਦੁੱਧ-ਘਿਓ ਤਾਕਤ ਬਿਨਾਂ ਹੱਢ ਭੰਨਵੀਂ ਦਿਹਾੜੀ ਵੀ ਨਹੀਂ ਹੁੰਦੀ।ਦੋ ਚਮਚੇ ਭੁੱਕੀ ਖਾਣ ਲੱਗ ਗਿਆ, ਹੁਣ ਨਸ਼ਾ ਵਧਦਾ ਜਾਂਦਾ।ਦਿਹਾੜੀ ਦੇ ਪੈਸਿਆਂ ਨਾਲ ਨਸ਼ਾ ਖਰੀਦੇ ਜਾਂ……ਘਰ ਤੋਰੇ।ਮਾਵਾਂ ਦੇ ਹੀਰੇ ਪੁੱਤ ਮਿੱਟੀ ‘ਚ ਰੋਲਤੇ ਮਜ਼ਬੂਰੀਆਂ ਨੇ”, ਸਿਆਮੋ ਦਾ ਬੋਲਦਿਆਂ ਦਾ ਗਲਾ ਭਰ ਆਇਆ।
                    ਰਤਨੋ ਨੇ ਸਿਆਮੋ ਦੇ ਮੋਢੇ ‘ਤੇ ਧਰਵਾਸ ਦਾ ਹੱਥ ਰੱਖਿਆ ਤੇ ਅੱਖਾਂ ਭਰ ਲਈਆਂ।ਸਿਆਮੋ ਜਿਵੇਂ ਨੀਂਦ ‘ਚੋਂ ਜਾਗੀ, “ਮੈਂ ਵੀ ਰੋਣੇ-ਧੋਣੇ ਲੈ ਕੇ ਬਹਿਗੀ…ਚੱਲ ਮੂੰਗੀ ਆਪੀਂ ਰਿੱਝੀ ਜਾਊ, ਕੇਰਾਂ ਧਰੀ……ਚਲ.ਲ.ਲ. ਬੱਲੀਆਂ ਨੂੰ ਚੱਲੀਏ”, ਸਿਆਮੋ ਨੇ ਪਤੀਲਾ ਹਾਰੇ ‘ਤੇ ਧਰ ਕੇ ਖਾਲੀ ਗੱਟਾ ਚੁੱਕਦਿਆਂ ਕਿਹਾ।1204202201

ਸੁਖਵਿੰਦਰ ਕੌਰ ‘ਹਰਿਆਓ’
ਉਭਾਵਾਲ, ਸੰਗਰੂਰ-148001
ਮੋ – 8427405492

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …