Friday, March 29, 2024

ਪੰਜਾਬ ਦੇ 87 ਫੀਸਦੀ ਘਰਾਂ ਦੇ ਬਿਜਲੀ ਬਿਲ ਜ਼ੀਰੋ ਆਏ – ਈ.ਟੀ.ਓ

ਬਿਜਲੀ ਵਿਭਾਗ ਵਿੱਚ 2100 ਮੁਲਾਜ਼ਮਾਂ ਦੀ ਛੇਤੀ ਕੀਤੀ ਜਾਵੇਗੀ ਹੋਰ ਭਰਤੀ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਘਰੇਲੂ ਖੱਪਤਕਾਰਾਂ ਨੂੰ ਕੀਤੀ ਗਈ 600 ਯੂਨਿਟ ਬਿਜਲੀ ਮੁਆਫ਼ੀ ਦੇ ਅੰਕੜੇ ਦਿੰਦਿਆਂ ਕਿਹਾ ਕਿ ਇਹ ਵਾਅਦਾ ਪੂਰਾ ਕਰਨ ਨਾਲ ਪੰਜਾਬ ਦੇ 87 ਫੀਸਦੀ ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਦੀ ਦੇ ਵਾਧੇ ਨਾਲ ਜਦੋਂ ਬਿਜ਼ਲੀ ਦੀ ਖਪਤ ਹੋਰ ਘਟ ਜਾਵੇਗੀ ਤਾਂ 95 ਫੀਸਦੀ ਘਰਾਂ ਨੂੰ ਬਿਜਲੀ ਦਾ ਬਿਲ ਨਹੀਂ ਦੇਣਾ ਪਵੇਗਾ।ਹਰਭਜਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹਨਾਂ ਚੋਣਾਂ ਤੋਂ ਪਹਿਲਾਂ ਬਿਜਲੀ ਮੁਆਫ਼ੀ ਦਾ ਵਾਅਦਾ ਕੀਤਾ ਸੀ ਅਤੇ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਅੰਦਰ ਇਸ ਵਾਅਦੇ ਨੂੰ ਪੂਰਾ ਕਰ ਦਿੱਤਾ ਸੀ।ਪਹਿਲੀ ਜੁਲਾਈ ਤੋਂ ਕੀਤੀ ਗਈ 600 ਯੂਨਿਟ ਮੁਆਫ਼ੀ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਹੋਇਆ ਅਤੇ ਗਰਮੀ ਦੇ ਸੀਜ਼ਨ ਵਿੱਚ ਵੀ ਵੱਡੀ ਗਿਣਤੀ ਲੋਕਾਂ ਨੂੰ ਬਿਜਲੀ ਬਿਲ ਨਹੀਂ ਸੀ ਦੇਣਾ ਪਿਆ, ਜੋ ਗਿਣਤੀ ਹੁਣ 87 ਫੀਸਦੀ ਤੱਕ ਪਹੁੰਚ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਦਾ ਸੀਜ਼ਨ ਸਾਡੇ ਲਈ ਵੱਡਾ ਘੋਲ ਹੁੰਦਾ ਹੈ ਅਤੇ ਅਸੀਂ ਉਨ੍ਹਾਂ ਦਿਨਾਂ ਵਿੱਚ ਵੀ 8 ਤੋਂ 10 ਘੰਟੇ ਬਿਜਲੀ ਖੇਤੀ ਸੈਕਟਰ ਨੂੰ ਦਿੱਤੀ, ਜੋ ਕਿ ਹੁਣ ਤੱਕ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੇ ਟਰਾਂਸਮਿਸ਼ਨ ਦੀ ਸਮਰੱਥਾ 7100 ਮੈਗਾਵਾਟ ਤੋਂ ਵਧਾ ਕੇ 8500 ਮੈਗਾਵਾਟ ਕਰ ਲਈ ਹੈ ਅਤੇ ਇਸ ਵਿੱਚ ਨਿਰੰਤਰ ਸੁਧਾਰ ਜਾਰੀ ਹੈ।ਉਨ੍ਹਾਂ ਦੱਸਿਆ 66 ਕੇਵੀ ਦੇ ਨਵੇਂ ਸਟੇਸ਼ਨ ਬਣਾਏ ਜਾ ਰਹੇ ਹਨ ਅਤੇ ਲੋਡ ਘੱਟ ਕਰਨ ਲਈ ਨਵੇਂ ਟਰਾਂਸਫਾਰਮਰ ਵੀ ਲਗਾਉਣ ਦਾ ਕੰਮ ਜਾਰੀ ਹੈ।ਉਨ੍ਹਾਂ ਦੱਸਿਆ ਕਿ ਝਾਰਖੰਡ ਵਿਖੇ ਪੰਜਾਬ ਸਰਕਾਰ ਦੀ ਕੋਲਾ ਖਾਣ ਜਿਸ ਨੂੰ ਉਨਾਂ ਦੀ ਸਰਕਾਰ ਨੇ ਚਾਲੂ ਕਰ ਲਿਆ ਹੈ, ਤੋਂ ਦਸੰਬਰ ਮਹੀਨੇ 60 ਹਜ਼ਾਰ ਟਨ ਕੋਲੇ ਦੀ ਸਪਲਾਈ ਮਿਲ ਜਾਵੇਗੀ।ਵਿਭਾਗ ਵਿੱਚ ਕੀਤੀ ਭਰਤੀ ਬਾਰੇ ਉਨ੍ਹਾਂ ਦੱਸਿਆ ਕਿ 8 ਮਹੀਨਿਆਂ ਬਿਜਲੀ ਵਿਭਾਗ ਵਿੱਚ 2590 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ, ਜਦਕਿ ਕਾਂਗਰਸ ਨੇ ਇੰਨੇ ਸਮੇਂ ਵਿੱਚ 543 ਲੋਕਾਂ ਨੂੰ ਹੀ ਨੌਕਰੀ ਦਿੱਤੀ ਸੀ, ਜੋ ਕਿ ਸਾਡੇ ਨਾਲੋਂ ਪੰਜ ਗੁਣਾ ਘੱਟ ਹੈ।ਉਨ੍ਹਾਂ ਦੱਸਿਆ ਕਿ ਛੇਤੀ ਹੀ ਬਿਜਲੀ ਵਿਭਾਗ ਵਿੱਚ 2100 ਹੋਰ ਲੋਕਾਂ ਨੂੰ ਨੌਕਰੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਸਮੁੱਚੀ ਸਰਕਾਰ ਦੀ ਗੱਲ ਕਰੀਏ ਤਾਂ ਅਸੀਂ ਇਸ ਸਮੇਂ ਦੌਰਾਨ 22000 ਲੋਕਾਂ ਨੂੰ ਸਰਕਾਰੀ ਨੌਕਰੀ ਦੇ ਚੁੱਕੀ ਹੈ ਅਤੇ 10000 ਨੂੰ ਜੋ ਪਹਿਲਾਂ ਕੱਚੇ ਜਾਂ ਠੇਕੇ ;ਤੇ ਕੰਮ ਕਰ ਰਹੇ ਸਨ ਨੂੰ ਪੱਕੇ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਡੀ ਜੋ ਸਪੀਡ ਹੁਣ 8 ਮਹੀਨਿਆਂ ਵਿੱਚ ਰਹੀ ਹੈ, ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਰਕਰਾਰ ਰਹੇਗੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …