Friday, March 29, 2024

ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦਾ ਮੇਲਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2017 ਤੋਂ ਲਗਾਤਾਰ ਸਾਲ ਵਿੱਚ ਦੋ ਵਾਰ ਫੁੱਲਾਂ ਦੇ ਮੇਲੇ ਕਰਵਾਏ ਜਾਂਦੇ ਹਨ। ਇਹ ਮੇਲੇ ਮਹਿਜ਼ ਤੁਰਨ ਫਿਰਨ ਦੀ ਥਾਂ ਕੁਦਰਤ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦਾ ਸਬੱਬ ਬਣ ਗਏ ਹਨ।ਮੇਲੇ ਤੋਂ ਪ੍ਰੇਰਨਾ ਲੈ ਕੇ ਇੱਕ ਤੋਂ ਬਾਅਦ ਇੱਕ ਕੀਤੇ ਗਏ ਕੰਮਾਂ ਦੇ ਕਾਰਨ ਯੂਨੀਵਰਸਿਟੀ ਵਿੱਚ ਕਈ ਕੰਮਾਂ ਦੇ ਮੀਲ ਪੱਥਰ ਖੜ੍ਹੇ ਕਰ ਦਿੱਤੇ ਜੋ ਲੰਮਾ ਸਮਾਂ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ।ਯੂਨੀਵਰਸਿਟੀ ਦੀ ਸ਼ੁੱਧ ਹਵਾ `ਚ ਹਰ ਸਾਲ ਕਰਵਾਏ ਜਾਂਦਾ ਇਹ ਮੇਲਾ ਆਪਣੀਆਂ ਮਹਿਕਾਂ ਬਿਖੇਰਦਾ ਹੈ।ਇਨ੍ਹਾਂ ਫੁੱਲਾਂ ਦੇ ਮੇਲਿਆਂ ਦਾ ਹੀ ਕਮਾਲ ਕਿਹਾ ਜਾ ਸਕਦਾ ਕਿ ਕੁਦਰਤ ਤੇ ਕੁਦਰਤੀ ਸੁੰਦਰਤਾ ਨੂੰ ਪਿਆਰ ਕਰਨ ਵਾਲਿਆਂ ਤੋਂ ਇਲਾਵਾ ਆਮ ਲੋਕ ਵੀ ਇਸ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਭਾਈ ਵੀਰ ਸਿੰਘ ਜੀ ਦੇ ਨਾਮ ਦੇ ਇਸ ਮੇਲੇ ਦਾ ਨਾਮਕਰਨ ਕੀਤਾ ਜਾਣਾ ਆਪਣੀ ਇਕ ਵਿਲੱਖਣਤਾ ਰੱਖਦਾ ਹੈ।ਭਾਈ ਵੀਰ ਸਿੰਘ ਜੀ ਨੇ ਜਿਸ ਨਜ਼ਰੀਏ ਤੋਂ ਕੁਦਰਤ ਨੂੰ ਆਪਣੇ ਅਹਿਸਾਸਾਂ ਅਤੇ ਅਨੁਭਵ ਵਿੱਚ ਲਿਆ ਹੈ, ਉਸ ਦਾ ਕੋਈ ਸਾਨ੍ਹੀ ਨਹੀਂ ਮਿਲਦਾ।ਫੁੱਲਾਂ, ਦਰੱਖਤਾਂ, ਪੌਦਿਆਂ, ਘਾਹ ਦੀਆਂ ਪੱਤੀਆਂ, ਝਾੜੀਆਂ, ਦਰਿਆਵਾਂ ਨਦੀਆਂ ਦੇ ਪਾਣੀਆਂ, ਤ੍ਰੇਲ ਦੇ ਤੁਪਿਕਆਂ, ਧਰਤੀ ਦੀ ਗੋਦ ਵਿੱਚ ਉਗਣ ਵਾਲੇ ਨਿੱਕੇ ਫੁੱਲਾਂ, ਧਰਤੀ ਦੇ ਅੰਦਰ ਚਲਦੇ ਅਹਿਸਾਸਾਂ ਅਤੇ ਹੋਰ ਅਨੇਕਾਂ ਹੀ ਕੁਦਰਤੀ ਵਰਤਾਰਿਆਂ ਦੇ ਵੇਰਵਿਆਂ ਅਤੇ ਅਨੁਭਵਾਂ ਨੂੰ ਸਹਿਜ਼ੇ ਹੀ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਰਾਹੀਂ ਆਪਣੇ ਅੰਦਰ ਸਮੋਇਆ ਜਾ ਸਕਦਾ ਹੈ।ਇਸ ਵਰੇ੍ਹ ਇਹ ਮੇਲਾ 5 ਦਸੰਬਰ ਨੂੰ ਸਮਰਪਿਤ ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਵੱਖ-ਵੱਖ ਖੋਜ਼, ਸਾਹਿਤਕ, ਸਮਾਜਿਕ, ਅਧਿਆਤਮਕ ਅਤੇ ਬਾਗਬਾਨੀ ਆਦਿ ਨਾਲ ਜੁੜੀਆਂ ਸੰਸਥਾਵਾਂ ਮਨਾ ਰਹੀਆਂ ਹਨ ਅਤੇ ਇਹ ਮੇਲਾ ਵੀ ਉਨ੍ਹਾਂ ਦੀ ਇਸ ਜਨਮ ਸ਼ਤਾਬਦੀ ਨੂੰ ਸਮਰਪਿਤ ਰਿਹਾ।
ਇਨ੍ਹਾਂ ਦੋ ਮੇਲਿਆਂ ਦੇ ਕਾਰਨ ਕੁੱਝ ਕੁਦਰਤ ਪ੍ਰੇਮੀਆਂ ਅਤੇ ਸੰਸਥਾਵਾਂ ਨਾਲ ਸੰਪਰਕ ਬਣੇ, ਜਿਨ੍ਹਾਂ ਯੂਨੀਵਰਸਿਟੀ ਪ੍ਰਸਾਸ਼ਨ ਨਾਲ ਰਲ ਕੇ ਯੂਨੀਵਰਸਿਟੀ ਵਿੱਚ ਜੰਗਲ ਲਗਾਉਣ ਦਾ ਬੀੜਾ ਚੁੱਕ ਲਿਆ ਅਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਅਤੇ ਦਰਖਤ ਲਗਾਏ।ਖੇਤੀਬਾੜੀ ਦੇ ਮਹਿਰ ਇਸ ਮੇਲੇ ਵਿਚੋਂ ਵਪਾਰ ਦੇ ਕਈ ਰਸਤੇ ਵੀ ਖੋਲਦੇ ਹਨ।ਯੂਨੀਵਰਸਿਟੀ ਕੈੰਪਸ ਵਿੱਚ ਇਹ ਉਪਰਾਲਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਬਦੌਲਤ ਸੰਭਵ ਹੋਇਆ ਹੈ।ਉਹ ਖੁਦ ਕੁਦਰਤ ਨਾਲ ਪ੍ਰੇਮ ਰੱਖਣ ਵਾਲੇ ਇਨਸਾਨ ਹਨ।ਕੈਂਪਸ ਵਿਚ ਉਨ੍ਹਾਂ ਦੀ ਪੈਦਲ ਫੇਰੀ ਹਮੇਸ਼ਾਂ ਹੀ ਫੁੱਲਾਂ ਅਤੇ ਬੂਟਿਆਂ ਨੂੰ ਨਿਹਾਰਦੀ ਰਹਿੰਦੀ ਹੈ।ਉਨ੍ਹਾਂ ਨੂੰ ਬਾਗਬਾਨੀ ਦੀ ਖੁਦ ਵੀ ਕਾਫ਼ੀ ਜਾਣਕਾਰੀ ਹੈ ਅਤੇ ਅਕਸਰ ਹੀ ਉਹ ਮਾਲੀਆਂ ਨਾਲ ਫੁੱਲਾਂ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਚਰਚਾ ਕਰਦੇ ਦਿਖ ਪੈਂਦੇ ਹਨ।ਪ੍ਰੋ. ਸੰਧੂ ਦੀ ਯੋਗ ਅਗਵਾਈ ਵਿੱਚ ਯੂਨੀਵਰਸਿਟੀ ਦਾ ਮਾਤਾ ਕੌਲਾਂ ਬੋਟੈਨੀਕਲ ਗਾਰਡਨ, ਖੇਤੀਬਾੜੀ ਵਿਭਾਗ ਅਤੇ ਲੈੰਡਸਕੇਪ ਵਿਭਾਗ ਆਪਣੀਆਂ ਜ਼ਿਕਰਯੋਗ ਪ੍ਰਾਪਤੀਆਂ ਸਦਕਾ ਯੂਨੀਵਰਸਿਟੀ ਦਾ ਮਾਹੌਲ ਹੋਰ ਕੁਦਰਤ ਦੇ ਨੇੜੇ ਰਹਿਣ ਦੇ ਅਹਿਸਾਸ ਦੇ ਹਾਣ ਦਾ ਬਣਾ ਰਿਹਾ ਹੈ।ਯੂਨੀਵਰਸਿਟੀ ਵਲੋਂ ਯੂਨੀਵਰਸਿਟੀ ਕੈੰਪਸ ਵਿੱਚ ਬਹੁਤ ਸਾਰੇ ਰੁੱਖਾਂ ਅਤੇ ਬੂਟਿਆਂ ਦਾ ਕੋਡ ਬਣਾ ਦਿੱਤਾ ਗਿਆ ਹੈ।ਸਕੈਨ ਕਰਦਿਆਂ ਹੀ ਸਾਰੀ ਜਾਣਕਾਰੀ ਮੋਬਾਇਲ ਵਿੱਚ ਆ ਜਾਂਦੀ ਹੈ ਕਿ ਇਸ ਦੀ ਇਸ ਦੇ ਕੀ ਲਾਭ ਹਨ।ਯੂਨੀਵਰਸਿਟੀ ਵਿਚ ਖੇਤੀਬਾੜੀ ਅਤੇ ਪੌਦਾ ਵਿਗਿਆਨ ਨਾਲ ਸਬੰਧ ਅਨੇਕਾਂ ਖੋਜ਼ਾਂ ਦੇ ਦੌਰ ਵੀ ਸ਼ੁਰੂ ਹੋਏ ਹਨ ਜਿਨ੍ਹਾਂ ਵਿਚ ਕੇਲਾ, ਸੇਬ, ਕੇਸਰ ਅਤੇ ਹੋਰ ਕਈ ਫਸਲਾਂ ਦੀ ਕਾਸ਼ਤਕਾਰੀ ਪੰਜਾਬ ਵਿੱਚ ਸੰਭਵ ਕਰਵਾਉਣ ਲਈ ਯੂਨੀਵਰਸਿਟੀ ਦੇ ਵਿਦਵਾਨਾਂ ਵਲੋਂ ਸਫਲ ਤਜ਼ੱਰਬੇ ਕੀਤੇ ਜਾ ਚੁਕੇ ਹਨ ਅਤੇ ਇਸੇ ਆਸ `ਤੇ ਜਲਦੀ ਪੰਜਾਬ ਵਿੱਚ ਕੇਸਰ ਅਤੇ ਸੇਬ ਦੀ ਫਸਲ ਦੀ ਕਾਸ਼ਤ ਸ਼ੁਰੂ ਹੋ ਸਕਦੀ ਹੈ।
ਯੂਨੀਵਰਸਿਟੀ ਕੁਦਰਤੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਮੁਕਤ ਪ੍ਰਵਾਹ ਲਈ ਹਮੇਸ਼ਾਂ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਯੂਨੀਵਰਸਿਟੀ ਦੇ ਅਨੇਕਾਂ ਯਤਨ ਜਾਰੀ ਰਹਿੰਦੇ ਹਨ ਜਿਨ੍ਹਾਂ ਵਿੱਚ ਯੂਨੀਵਰਸਿਟੀ ਵਿੱਚ ਰੁੱਖਾਂ ਅਤੇ ਪੱਤਿਆਂ ਅਤੇ ਰਹਿਦ ਖੂਹੰਦ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਕੂੜਾ ਕਰਕਟ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ।ਵਰਤੋਂ ਵਿੱਚ ਲਿਆਂਦੇ ਪਾਣੀ ਨੂੰ ਵੀ ਟਰੀਟ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਯੂਨੀਵਰਸਿਟੀ ਦੇ ਕੈੰਂਪਸ ਦਾ ਹਰਾ-ਭਰਾ ਮਨਮੋਹਨਾ ਵਾਤਾਵਰਣ ਕਿਸੇ ਪਹਾੜੀ ਇਲਾਕੇ ਦਾ ਪ੍ਰਭਾਵ ਪਾਉਂਦਾ ਹੈ।ਯੂਨੀਵਰਸਿਟੀ ਦੀ ਸ਼ੁੱਧ ਹਵਾ ਕਈ ਜ਼ਿੰਦਗੀ ਦੀ ਉਮਰ ਦਰਾਜ਼ ਕਰਦੀ ਹੈ।ਇਸ ਕਰਕੇ ਫੁੱਲਾਂ ਦਾ ਮੇਲਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ ਕਿ ਕੁਦਰਤੀ ਵਾਤਾਵਰਣ ਪੈਦਾ ਕਰਨ ਲਈ ਕਿਸੇ ‘ਤੇ ਜਿੰਮੇਵਾਰੀ ਲਾਉਣ ਤੋਂ ਚੰਗਾ ਹੈ ਕਿ ਖੁਦ ਇਸ ਜਿੰਮੇਵਾਰੀ ਨੂੰ ਸਾਂਭਣ ਦਾ ਹੰਭਲਾ ਮਾਰਿਆ ਜਾਵੇ। ਯੂਨੀਵਰਸਿਟੀ ਪਿਛਲੇ ਪੰਜ ਸਾਲ ਤੋਂ ਇਨ੍ਹਾਂ ਮੇਲਿਆਂ ਦੇ ਆਯੋਜਨ ਕਰਵਾ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਜਾਰੀ ਰੱਖਣ ਦੀ ਵਚਨਬੱਧਤਾ ਦਹੁਰਾਉਂਦੀ ਹੈ।
ਦਸੰਬਰ ‘ਚ ਸ਼ੁਰੂ ਹੋਣ ਵਾਲੇ ਇਸ ਮੇਲੇ ਵਿਚ ਵੱਖ-ਵੱਖ ਗੁਲਦਾਉਦੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀਆਂ ਹਨ, ਕਿਉਂਕਿ ਠੰਡ ਕਾਰਨ ਜਿਥੇ ਕਈ ਬੂਟੇ ਅਤੇ ਫੁੱਲ ਆਪਣੇ ਖੇੜੇ ਲਈ ਬਸੰਤ ਦੀ ਉਡੀਕ ਕਰਦੇ ਹਨ ਉਥੇ ਇਸ ਭਰੀ ਠੰਢ ਵਿਚ ਗੁਲਦਾਉਂਦੀਆਂ ਅਤੇ ਬੂਟੇ ਆਪਣਾ ਖੇੜਾ ਦਿੰਦੇ ਹਨ।ਲਾਡਾਂ ਪਿਆਰਾਂ ਨਾਲ ਪਾਲੀਆਂ ਗੁਲਦਾਉਦੀਆਂ ਨੂੰ ਹਰ ਕੋਈ ਆਪਣੀ ਗੱਲਵਕੜੀ ਵਿੱਚ ਲੈਣ ਲਈ ਉਤਾਵਲਾ ਹੁੰਦਾ ਹੈ, ਉਤੋਂ ਭਾਈ ਵੀਰ ਸਿੰਘ ਦੀ ਕਵਿਤਾ ਗੁਲਦਾਉਦੀਆਂ ਆਈਆਂ ਇਸ ਵਿੱਚ ਹੋਰ ਕੁਦਰਤੀ੍ ਰਹੱਸ ਭਰਨ ਦਾ ਕੰਮ ਕਰ ਜਾਂਦੀ ਹੈ।
ਸਕੂਲ, ਕਾਲਜ, ਯੂਨੀਵਰਸਿਟੀਆਂ, ਨਰਸਰੀਆਂ ਅਤੇ ਨਿੱਜੀ ਤੌਰ ਤੇ ਕੁਦਰਤ ਪ੍ਰੇਮੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।ਚੰਗੇ ਬਾਗਬਾਨੀ ਕਰਨ ਵਾਲਿਆਂ ਨੂੰ ਯੂਨੀਵਰਸਿਟੀ ਵਲੋਂ ਇਨਾਮ ਵੀ ਪ੍ਰਦਾਨ ਕੀਤੇ ਜਾਂਦੇ ਹਨ।ਇਸ ਦੌਰਾਨ ਲਗੀਆਂ ਸਟਾਲਾਂ ਤੋਂ ਖੁਲ੍ਹੇ ਦਿਲ ਨਾਲ ਕੀਤੀ ਜਾਂਦੀ ਹੈ, ਖਰੀਦੋ ਫਰੋਖਤ ਹੁੰਦੀ ਹੈ ਅਤੇ ਫੁੱਲਾਂ ਦੀ ਖੇਤੀ ਤੋ ਇਲਾਵਾ ਘਰਾਂ ਦੇ ਅੰਦਰ ਤੇ ਬਾਹਰ ਲੱਗਣ ਵਾਲੇ ਫੁੱਲਾਂ ਦੀ ਸਾਂਭ ਸਾਂਭਲ ਦੇ ਗੁਰੂ ਲੋਕ ਇੱਥੋਂ ਸਿੱਖ ਕੇ ਜਾਂਦੇ ਹਨ। ਯੂਨੀਵਰਸਿਟੀ ਕੈੰਂਪਸ ਦਾ ਵਿਹੜਾ ਫੁੱਲਾਂ ਦੀ ਆਮਦ ਨਾਲ ਬਾਗੋਬਾਗ ਹੋ ਜਾਂਦਾ ਅਤੇ ਸਾਰਾ ਵਾਤਾਵਰਣ ਮਹਿਕ ਨਾਲ ਭਰ ਜਾਂਦਾ ਜਿਥੋਂ ਹਰ ਕੋਈ ਜੀਅ ਭਰ ਕੇ ਸਾਰੀ ਉਮਰ ਲਈ ਸਦੀਵੀ ਯਾਦ ਬਣਾ ਲੈਂਦਾ ਹੈ।ਤੁਹਾਨੂੰ ਵੀ ਸੱਦਾ ਹੈ ਕਿ ਤੁਸੀਂ 14 ਤੋਂ 16 ਦਸੰਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਭਵਨ ਦੇ ਸਾਹਮਣੇ ਆਯੋਜਿਤ ਹੋਏ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਭਾਈ ਵੀਰ ਸਿੰਘ ਫੁੱਲਾਂ ਅਤੇ ਫਲਾਵਰ ਫੈਸਟੀਵਲ ਵਿਚ ਸ਼ੀਹਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।2912202204

ਪ੍ਰਵੀਨ ਪੁਰੀ
ਡਾਇਰੈਕਟਰ ਲੋਕ ਸੰਪਰਕ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਮੋ – 9878277423

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …