ਅੱਜ ਤੋਂ ਲਗਭਗ ਤਿੰਨ-ਚਾਰ ਦਹਾਕੇ ਪਹਿਲਾਂ ਜਦ ਕਿਤੇ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਤਾਂ ਘਰਵਾਲਿਆਂ ਨੂੰ ਅਥਾਹ ਚਾਅ ਚੜ੍ਹ ਜਾਂਦਾ।ਨਿੱਕੇ ਜੀਆ ਤੋਂ ਲੈ ਕੇ ਵੱਡੇ ਜੀਅ ਤੱਕ ਸਾਰਾ ਪਰਿਵਾਰ ਘਰ ਆਏ ਮਹਿਮਾਨਾਂ ਦੇ ਆਲੇ-ਦੁਆਲੇ ਬੈਠ ਜਾਂਦਾ ਤੇ ਸਭ ਦੀ ਸੁੱਖ ਸਾਂਦ ਪੁੱਛਦਾ।ਗੱਲਾਂ-ਬਾਤਾਂ ਦਾ ਸਿਲਸਿਲਾ ਚੱਲਦਿਆਂ ਪਤਾ ਹੀ ਨਾ ਚੱਲਦਾ ਕਿਹੜੇ ਵੇਲੇ ਦਿਨ ਢਲ ਜਾਂਦਾ।ਘਰ ਆਏ ਮਹਿਮਾਨਾਂ ਦੀ ਸੇਵਾ ਕਰਨੀ ਲੋਕ ਆਪਣਾ ਸੁਭਾਗ ਸਮਝਦੇ ਸਨ।ਛੋਟੇ ਵੱਡਿਆਂ ਨੂੰ ਮੱਥਾ ਟੇਕਦੇ ਤੇ ਢੇਰ ਸਾਰੀਆਂ ਵੱਡਿਆਂ ਕੋਲੋਂ ਜਿਊਂਦਾ ਰਹੋ ਪੁੱਤ, ਜਵਾਨੀਆਂ ਮਾਣ, ਰੱਬ ਵੱਡੀ ਉਮਰ ਕਰੇ ਆਦਿ ਪਿਆਰ ਭਰੀਆਂ ਸੀਨਾ ਠਾਰਨ ਵਾਲੀਆਂ ਅਸੀਸਾਂ ਲੈਂਦੇ।ਹੁਣ ਤਾਂ ਆਧੁਨਿਕ ਯੁੱਗ ਨੇ ਜਿਥੇ ਮਨੁੱਖ ਨੂੰ ਸੁੱਖਮਈ ਜੀਵਨ ਪ੍ਰਦਾਨ ਕੀਤਾ ਹੈ, ਉਥੇ ਵਿਰਸੇ ਵਿੱਚ ਮਿਲਦੇ ਸੱਭਿਆਚਾਰ ਤੋਂ ਨਵੀਂ ਪੀੜ੍ਹੀ ਨੂੰ ਕੋਹਾਂ ਮੀਲ ਦੂਰ ਕਰ ਦਿੱਤਾ।ਅਜੋਕੇ ਸਮੇਂ ਦੌਰਾਨ ਛੋਟੀ ਉਮਰ ਤੋਂ ਵੱਡੀ ਉਮਰ ਦਾ ਮਹਿਮਾਨ ਘਰ ਆਉਂਦਾ ਹੈ ਤਾਂ ਕਮਰਿਆਂ ਵਿਚ ਆਸੇ-ਪਾਸੇ ਇਸ ਤਰ੍ਹਾਂ ਝਾਕਦਾ ਹੈ ਜਿਵੇਂ ਉਹ ਆਪਣੀ ਕਿਸੇ ਗਵਾਚੀ ਹੋਈ ਚੀਜ਼ ਨੂੰ ਲੱਭ ਰਿਹਾ ਹੋਵੇ।ਘਰ ਵਾਲਿਆਂ ਦੇ ਪੁੱਛਣ ਤੇ ਅੱਗੋਂ ਜਵਾਬ ਮਿਲਦਾ ਹੈ, ਮੋਬਾਇਲ ਫੂਨ ਦਾ ਚਾਰਜ਼ਰ ਵੇਖ ਰਿਹਾ ਸੀ।ਮੈਂ ਆਪਣਾ ਫੂਨ ਚਾਰਜ਼ਰ `ਤੇ ਲਾਉਣਾ ਹੈ।ਘਰ ਵਿੱਚ ਚਾਰਜ਼ਰ ਦੀ ਹਾਂ ਹੋਣ ‘ਤੇ ਪ੍ਰਾਹੁਣਿਆਂ ਦੇ ਚਿਹਰਿਆਂ ‘ਤੇ ਇਸ ਤਰ੍ਹਾਂ ਖੁਸ਼ੀ ਝਲਕਣ ਲੱਗ ਜਾਂਦੀ ਹੈ, ਜਿਵੇਂ ਉਨ੍ਹਾਂ ਨੂੰ ਕੋਈ ਦੁਰਲੱਭ ਚੀਜ਼ ਲੱਭ ਗਈ ਹੋਵੇ।ਘਰ ਵਾਲਿਆਂ ਵਲੋਂ ਆਓ ਭਗਤ ਲਈ ਬਣਾ ਕੇ ਰੱਖੇ ਚਾਹ ਪਾਣੀ ਦਾ ਸਵਾਦ ਉਦੋਂ ਸਾਰਾ ਕਿਰਕਰਾ ਹੋ ਜਾਂਦਾ ਹੈ, ਜਦੋਂ ਚਾਹ ਪਾਣੀ ਪੀਂਦਿਆਂ ਪ੍ਰਹਾਉਣਿਆਂ ਦੇ ਫੋਨ ਦੀ ਰਿੰਗਟੋਨ ਵੱਜਣੀ ਸ਼ੁਰੂ ਹੋ ਜਾਂਦੀ ਹੈ।ਕਈ ਵਾਰ ਤਾਂ ਅਸੱਭਿਅਕ ਬੋਲਾਂ ਵਾਲੀ ਵੱਜ਼ਦੀ ਰਿੰਗ ਟੋਨ ਦੇ ਬੋਲ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਸਿਰ ਵੀ ਝੁੱਕ ਜਾਂਦੇ ਹਨ।ਹੋਰ ਹੱਦ ਹੋ ਜਾਂਦੀ ਹੈ, ਜਦੋਂ ਫੂਨ ‘ਤੇ ਉੱਚੀ ਆਵਾਜ਼ ਵਿੱਚ ਗੱਲਾਂ ਕਰਦਿਆਂ ਆਪ ਮੁਹਾਰੇ ਮੂੰਹੋਂ ਰਵਾਇਤੀ ਮੰਦੇ ਬੋਲ ਵੀ ਨਿਕਲ ਜਾਂਦੇ ਹਨ।ਫੂਨ `ਤੇ ਗੱਲ ਕਰਨ ਵਾਲਾ ਭੁੱਲ ਜਾਂਦਾ ਹੈ ਕਿ ਉਹ ਕਿਥੇ ਬੈਠ ਕੇ ਗੱਲ ਕਰ ਰਿਹਾ ਹੈ।ਲੜਕੀਆਂ ਵਾਲੇ ਪਰਿਵਾਰਾਂ ਵਿੱਚ ਅਜਿਹੇ ਮਨੁੱਖ ਬੜੀ ਘਿਰਣਾ ਦੇ ਪਾਤਰ ਬਣਦੇ ਹਨ।ਹੋਰ ਤਾਂ ਹੋਰ ਨਾਲ ਆਏ ਬੱਚੇ ਮੋਬਾਇਲ ਨੂੰ ਇਸ ਤਰ੍ਹਾਂ ਚੰਬੜ ਜਾਂਦੇ ਹਨ ਜਿਵੇਂ ਖਾ ਕੇ ਸੁੱਟੀ ਹੋਈ ਬਬਲਗਮ ਕੱਪੜਿਆਂ ਨੂੰ ਚਿੰਬੜਦੀ ਹੈ।
ਆਓ ਪ੍ਰਣ ਕਰੀਏ ਕਿ ਜਦ ਵੀ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਈਏ ਤਾਂ ਕੁੱਝ ਸਮੇਂ ਲਈ ਇਸ ਖਿਡੌਣੇ ਦਾ ਖਹਿੜਾ ਛੱਡ ਕੇ ਇਕ ਦੂਜੇ ਦੇ ਮਨ ਦੇ ਹਾਵ ਭਾਵ ਸੁਣ-ਸੁਣਾ ਕੇ ਪਰਿਵਾਰਕ ਅਤੇ ਰਿਸ਼ਤੇਦਾਰੀ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੀਏ।ਵੱਧ ਤੋਂ ਵੱਧ ਸਮਾਂ ਉਸ ਪਰਿਵਾਰ ਨਾਲ਼ ਖੁਸ਼ੀ ਭਰੀਆਂ ਗੱਲਾਂ ਕਰਕੇ ਉਹਨਾਂ ਨੂੰ ਅਪਣੱਤ ਦਾ ਅਹਿਸਾਸ ਕਰਵਾਈਏ।2912202203
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
sskhurmania@gmail.com