Friday, April 19, 2024

ਕਿਵੇਂ ਬਣਿਆ ਭਾਰਤੀ ਸੰਵਿਧਾਨ

ਭਾਰਤ ਵਿੱਚ 26 ਜਨਵਰੀ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।ਇਹ ਦਿਨ ਬਹੁਤ ਮਹੱਤਵਪੂਰਨ ਹੈ।ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ।ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ।ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਘੜਨੀ ਸਭਾ ਦਾ ਮੈਂਬਰ ਅਤੇ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਨਾ, ਇਸ ਦਾ ਵੀ ਇੱਕ ਰੌਚਕ ਇਤਿਹਾਸ ਹੈ।ਡਾਕਟਰ ਅੰਬੇਡਕਰ ਅਤੇ ਕਾਂਗਰਸ ਖਾਸਕਰ ਗਾਂਧੀ ਜੀ ਨਾਲ ਉਹਨਾਂ ਦੇ ਹਮੇਸ਼ਾਂ ਮੱਤ-ਭੇਦ ਰਹੇ।ਇਸ ਲਈ ਸੀਨੀਅਰ ਕਾਂਗਰਸ ਲੀਡਰ ਡਾਕਟਰ ਅੰਬੇਡਕਰ ਨੂੰ ਦਿਲੋਂ ਨਹੀਂ ਸਨ ਚਾਹੁੰਦੇ ਕਿ ਉਹ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਵੀ ਬਣਨ।ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਘੇ ਕਾਂਗਰਸੀ ਲੀਡਰ ਪਟੇਲ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਸੰਵਿਧਾਨ ਘੜਨੀ ਸਭਾ ਦੇ ਸਾਰੇ ਦਰਵਾਜ਼ੇ, ਤਾਕੀਆਂ ਅਤੇ ਰੌਸ਼ਨਦਾਨ ਬੰਦ ਕਰ ਦਿੱਤੇ ਹਨ, ਦੇਖਦਾ ਹਾਂ ਕਿ ਅੰਬੇਡਕਰ ਕਿਵੇਂ ਦਾਖਲ ਹੁੰਦਾ ਹੈ।ਇਹ ਇੱਕ ਵੱਖਰਾ ਵਿਸ਼ਾ ਹੈ ਕਿ ਡਾਕਟਰ ਅੰਬੇਡਕਰ ਪਹਿਲਾ ਕਾਨੂੰਨ ਮੰਤਰੀ ਵੀ ਬਣਿਆ ਅਤੇ ਦੇਸ਼ ਦਾ ਸੰਵਿਧਾਨ ਲਿਖਣ ਦਾ ਸੁਭਾਗ ਵੀ ਉਹਨਾਂ ਨੂੰ ਹੀ ਪ੍ਰਾਪਤ ਹੋਇਆ।
1885 ਤੋਂ ਕਾਂਗਰਸ ਨੇ ਅਜ਼ਾਦੀ ਦੀ ਲੜਾਈ ਆਰੰਭੀ ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਨੇ 1890 ਤੋਂ ਬਾਅਦ ਇੱਕ ਜ਼ਿੰਮੇਵਾਰ ਸਰਕਾਰ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਅੰਗਰੇਜ਼ ਸਰਕਾਰ ਵਲੋਂ 1909, 1919 ਅਤੇ 1935 ਦੇ ਐਕਟਾਂ ਰਾਹੀਂ ਹੌਲੀ-ਹੌਲੀ ਭਾਰਤੀਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਰਿਆਇਤਾਂ ਦਿੱਤੀਆਂ।1916 ਤੋਂ ਸ਼ੁਰੂ ਹੋ ਕੇ ਅਜ਼ਾਦੀ ਘੁਲਾਟੀਆਂ ਨੇ ‘ਦੇਸ਼ ਦਾ ਆਪਣਾ ਸੰਵਿਧਾਨ’ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ।ਇਸ ਲਈ ਸਵੈ-ਨਿਰਣੇ ਦੇ ਆਧਾਰ ’ਤੇ ਭਾਰਤੀ ਸੰਵਿਧਾਨ ਦੀ ਇੱਛਾ ਦਾ ਜਨਮ 1916 ਵਿੱਚ ਹੋ ਚੁੱਕਾ ਸੀ।ਸੰਵਿਧਾਨਿਕ ਅਧਿਕਾਰ ਦੇਣ ਲਈ ਅੰਗਰੇਜ਼ ਸਰਕਾਰ ਨੇ 1927 ਵਿੱਚ ਸਾਇਮਨ ਕਮਿਸ਼ਨ ਦੀ ਸਥਾਪਨਾ ਕੀਤੀ।ਲਾਰਡ ਬੋਰਕਨਹੈੱਡ ਜੋ ਕਿ ਭਾਰਤ ਦਾ ਇੰਚਾਰਜ ਸੀ ਨੇ 1925 ਵਿੱਚ ਭਾਰਤੀਆਂ ਨੂੰ ਵੰਗਾਰਦੇ ਹੋਏ ਕਿਹਾ, “ਭਾਰਤੀਆਂ ਨੂੰ ਆਪਣਾ ਅਜਿਹਾ ਸੰਵਿਧਾਨ ਲਿਖ ਕੇ ਪੇਸ਼ ਕਰਨ ਦਿਓ ਜੋ ਭਾਰਤ ਦੇ ਵੱਖ-ਵੱਖ ਵਰਗਾਂ ਦੇ ਮਹਾਨ ਲੋਕਾਂ ਦੀ ਤਰਜ਼ਮਾਨੀ ਕਰੇ।” 1927 ਵਿੱਚ ਉਹਨਾਂ ਨੇ ਆਪਣੀ ਇਸ ਵੰਗਾਰ ਨੂੰ ਫਿਰ ਦੁਹਰਾਇਆ ਅਤੇ ਸਾਇਮਨ ਕਮਿਸ਼ਨ ਦੀ ਨਿਯੁੱਕਤੀ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਅਤੇ ਖਾਸ ਕਰ ਕਾਂਗਰਸ ਨੇ ਸਾਇਮਨ ਕਮਿਸ਼ਨ ਦਾ ਬਾਈਕਾਟ ਕੀਤਾ ਅਤੇ ਮੋਤੀ ਲਾਲ ਨਹਿਰੂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਸੌਂਪੀ।1928 ਵਿੱਚ ਮੋਤੀ ਲਾਲ ਨਹਿਰੂ ਵਲੋਂ ਲਿਖੇ ਗਏ ਸੰਵਿਧਾਨ ਨੂੰ ਬਾਅਦ ਵਿੱਚ ਨਹਿਰੂ ਰਿਪੋਰਟ ਕਿਹਾ ਗਿਆ।1936-37 ਦੌਰਾਨ ਭਾਰਤ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ।ਇਹਨਾਂ ਚੋਣਾਂ ਦੌਰਾਨ ਕਾਂਗਰਸ ਮੈਨੀਫੈਸਟੋ ਦਾ ਇੱਕ ਅਹਿਮ ਹਿੱਸਾ ਸੰਵਿਧਾਨ ਘੜਨੀ ਸਭਾ ਦੀ ਸਿਰਜਣਾ ਬਾਰੇ ਸੀ।1939 ਵਿੱਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਅਤੇ ਅੰਗਰੇਜ਼ ਸਰਕਾਰ ਨੇ ਭਾਰਤੀ ਲੋਕਾਂ ਦਾ ਸਹਿਯੋਗ ਲੈਣ ਲਈ ਪਹਿਲੀ ਵਾਰ ਅਗਸਤ 1940 ਵਿੱਚ ਇਹ ਐਲਾਨ ਕੀਤਾ ਕਿ ਭਾਰਤ ਦਾ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਨਿਰੋਲ ਭਾਰਤੀਆਂ ਦੀ ਹੋਵੇਗੀ।ਅੰਗਰੇਜ਼ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਕਿ ਵਿਸ਼ਵ ਯੁੱਧ ਤੋਂ ਬਾਅਦ ਨਵਾਂ ਸੰਵਿਧਾਨ ਬਣਾਉਣ ਲਈ ਭਾਰਤ ਦੇ ਮੁੱਖ ਵਰਗਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ।ਇਸ ਕਮੇਟੀ ਦੀ ਰੂਪ ਰੇਖਾ ਕੀ ਹੋਵੇਗੀ, ਇਹ ਕੰਮ ਕਿਵੇਂ ਕਰੇਗੀ, ਇਸ ਬਾਰੇ ਕੁੱਝ ਵੀ ਸਪੱਸ਼ਟ ਨਾ ਕੀਤਾ ਗਿਆ।ਇਸ ਲਈ ਅੰਗਰੇਜ਼ ਸਰਕਾਰ ਦੀ ਇਹ ਪੇਸ਼ਕਸ਼ ਅੰਦੋਲਨਕਾਰੀਆਂ ਵਲੋਂ ਠੁਕਰਾ ਦਿੱਤੀ ਗਈ।1942 ਵਿੱਚ ਕਰਿਪਸ ਮਿਸ਼ਨ ਹੋਂਦ ਵਿੱਚ ਆਇਆ ਜਿਸ ਨੇ ਭਾਰਤੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤ ਦਾ ਸੰਵਿਧਾਨ ਲਿਖਣਾ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਵੇਗੀ। ਸੰਵਿਧਾਨ ਘੜਨੀ ਸਭਾ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ, ਪਰ ਗੱਲ ਕਿਸੇ ਸਿਰੇ ਨਾ ਲੱਗੀ। ਅੰਗਰੇਜ਼ ਸਰਕਾਰ ਅਤੇ ਕਾਂਗਰਸ ਵਿਚਕਾਰ ਮਤਭੇਦ ਜਾਰੀ ਰਹੇ ਅਤੇ ਇਸ ਦਾ ਨਤੀਜਾ “ਭਾਰਤ ਛੱਡੋ ਅੰਦੋਲਨ” ਵਿੱਚ ਨਿਕਲਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੰਗਲੈਂਡ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਅਤੇ ਨਵੀਂ ਬਣੀ ਸਰਕਾਰ ਨੇ 1946 ਵਿੱਚ ਕੈਬਨਿਟ ਮਿਸ਼ਨ ਦੀ ਸਥਾਪਨਾ ਕੀਤੀ।ਕੈਬਨਿਟ ਮਿਸ਼ਨ 24 ਮਾਰਚ 1946 ਨੂੰ ਭਾਰਤ ਆਇਆ ਜਿਸ ਨੇ ਕਾਂਗਰਸ ਅਤੇ ਮੁਸਲਿਮ ਲੀਗ ਨਾਲ ਗੱਲਬਾਤ ਕਰ ਕੇ ਸੰਵਿਧਾਨ ਘੜਨੀ ਸਭਾ ਦੀ ਨੀਂਹ ਰੱਖੀ।ਸੰਵਿਧਾਨ ਘੜਨੀ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ।ਇਸ ਸਭਾ ਦੇ ਕੁੱਲ 389 ਮੈਂਬਰ ਸਨ।11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਸੰਵਿਧਾਨ ਘੜਨੀ ਸਭਾ ਦਾ ਪੱਕਾ ਚੇਅਰਮੈਨ ਨਿਯੁੱਕਤ ਕੀਤਾ ਗਿਆ।15 ਅਗਸਤ 1947 ਨੂੰ ਦੇਸ਼ ਜਿਥੇ ਅਜ਼ਾਦ ਹੋਇਆ, ਉਥੇ ਦੋ ਭਾਗਾਂ ਵਿੱਚ ਵੰਡਿਆ ਗਿਆ।ਨਵੇਂ ਭਾਰਤ ਵਾਸਤੇ ਸੰਵਿਧਾਨ ਘੜਨੀ ਸਭਾ ਦਾ ਰੋਲ ਵੀ ਦੁੱਗਣਾ ਹੋ ਗਿਆ।ਜਿਥੇ ਇਸ ਸਭਾ ਨੇ ਨਵੇਂ ਸੰਵਿਧਾਨ ਦੀ ਸਿਰਜਨਾ ਕਰਨੀ ਸੀ, ਉਥੇ ਨਵੇਂ ਦੇਸ਼ ਵਾਸਤੇ ਨਵੇਂ ਕਾਨੂੰਨ ਬਣਾਉਣਾ ਵੀ ਇਸੇ ਦੀ ਜ਼ਿੰਮੇਵਾਰੀ ਸੀ।ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ।ਇੱਕ ਕਮੇਟੀ, ਜਿਸ ਦੀ ਜ਼ਿੰਮੇਵਾਰੀ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸੀ; ਉਸ ਦਾ ਚੇਅਰਮੈਨ ਡਾਕਟਰ ਬੀ.ਆਰ ਅੰਬੇਡਕਰ ਨੂੰ ਲਗਾਇਆ ਗਿਆ।ਇਸ ਤੋਂ ਪਹਿਲਾਂ 1946 ਵਿੱਚ ਸੰਵਿਧਾਨ ਲਿਖਣ ਲਈ ਇੱਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਜਵਾਹਰ ਲਾਲ ਨਹਿਰੂ ਇਸ ਕਮੇਟੀ ਦੇ ਚੇਅਰਮੈਨ ਸਨ, ਆਸਿਫ ਅਲੀ, ਕੇ.ਟੀ ਸਿੰਘ, ਡਾਕਟਰ ਗਡਗਿੱਲ, ਕੇ.ਐਮ ਮੁਨਸ਼ੀ, ਹੁਮਾਯੂੰ ਕਬੀਰ, ਆਰ ਸੰਥਾਨਮ ਅਤੇ ਐਨ ਗੋਪਾਲਾਸਵਾਮੀ ਆਇੰਗਰ ਇਸ ਕਮੇਟੀ ਦੇ ਮੈਂਬਰ ਸਨ।ਭਾਰਤ ਦੇ ਸੰਵਿਧਾਨ ਨੂੰ ਬਣਾਉਣਾ ਅਤੇ ਪਾਰਲੀਮੈਂਟ ਤੋਂ ਪ੍ਰਵਾਨ ਕਰਵਾਉਣਾ, ਇਸ ਦਾ ਸਿਹਰਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ।ਭਾਰਤ ਵਿੱਚ ਇੰਗਲੈਂਡ ਅਤੇ ਅਮਰੀਕਾ ਤੋਂ ਵੱਖਰੀ ਕਿਸਮ ਦਾ ਜਮਹੂਰੀਅਤ ਦਾ ਢਾਂਚਾ ਬਣਾਉਣਾ ਅਤੇ ਲਾਗੂ ਕਰਨਾ ਡਾਕਟਰ ਅੰਬੇਡਕਰ ਦੀ ਦੇਣ ਹੈ।ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਵੋਟ ਦਾ ਅਧਿਕਾਰ, ਛੂਆ-ਛੂਤ ਦਾ ਖਾਤਮਾ, ਧਰਮ ਦੀ ਅਜ਼ਾਦੀ, ਕਾਨੂੰਨੀ ਬਰਾਬਰਤਾ (ਵਰਣ ਵਿਵਸਥਾ ਅਧਾਰਤ ਭੇਦ-ਭਾਵ ਦਾ ਖਾਤਮਾ), ਔਰਤਾਂ ਨੂੰ ਬਰਾਬਰ ਹੱਕ, ਅਛੂਤਾਂ ਨੂੰ ਨੌਕਰੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਰਾਖਵਾਂਕਰਣ ਅਜਿਹੀਆਂ ਵਿਵਸਥਾਵਾਂ ਸਨ, ਜੋ ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਪਰੀ ਦੇਸ਼ ਦੀਆਂ ਗੱਲਾਂ ਸਨ।ਡਾਕਟਰ ਅੰਬੇਡਕਰ ਨੇ ਸੰਵਿਧਾਨ ਨੂੰ ਇੰਨਾ ਲਚਕੀਲਾ ਵੀ ਰੱਖਿਆ ਕਿ ਲੋੜ ਅਨੁਸਾਰ ਜਦੋਂ ਵੀ ਜ਼ਰੂਰਤ ਹੋਵੇ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ।ਸੰਵਿਧਾਨ ਦਾ ਮੁੱਖ ਮਕਸਦ ਭਾਰਤ ਦੇ ਹਰ ਨਾਗਰਿਕ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਬਰਾਬਰਤਾ ਅਤੇ ਭਾਈਚਾਰੇ ਨੂੰ ਸੁਦ੍ਰਿੜ੍ਹ ਕਰਨਾ ਹੈ।ਸੰਵਿਧਾਨ ਵਿੱਚ ਨਾਗਰਿਕ ਦੇ ਮੌਲਿਕ ਅਧਿਕਾਰਾਂ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।ਘੱਟਗਿਣਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਗਿਆ ਹੈ।ਹਰ ਨਾਗਰਿਕ ਨੂੰ ਕੋਈ ਵੀ ਧਰਮ ਮੰਨਣ ਦੀ ਅਜ਼ਾਦੀ ਹੈ।ਕਿਸੇ ਨਾਲ ਵੀ ਧਰਮ ਅਧਾਰਤ, ਜਾਤ-ਪਾਤ ਅਧਾਰਤ ਜਾਂ ਲਿੰਗ ਅਧਾਰਿਤ ਵਿਤਕਰੇ ਦੀ ਕਾਨੂੰਨਨ ਮਨਾਹੀ ਹੈ।ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕੋਈ ਵੀ ਨਾਗਰਿਕ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ।ਡਾਕਟਰ ਅੰਬੇਡਕਰ ਨੇ ਰਾਜਾਂ ਦੀ ਖ਼ੁਦਮੁਖ਼ਤਿਆਰੀ ਅਤੇ ਤਾਕਤਵਰ ਕੇਂਦਰ ਸਰਕਾਰ ਦੀ ਵਕਾਲਤ ਕੀਤੀ।ਭਾਰਤ ਦੇਸ਼ ਦੀ ਇੱਕਜੁੱਟਤਾ ਅਤੇ ਤਾਕਤ ਨੂੰ ਮਜ਼ਬੂਤ ਕਰਨ ਲਈ ਪੂਰੇ ਦੇਸ਼ ਦਾ ਜੁਡੀਸ਼ੀਅਲ ਢਾਂਚਾ ਅਤੇ ਸਰਵ ਭਾਰਤੀ ਸੇਵਾਵਾਂ ਦੀ ਨੀਂਹ ਰੱਖੀ। ਡਾਕਟਰ ਅੰਬੇਡਕਰ ਦੇ ਹੇਠ ਲਿਖੇ ਮਾਅਰਕੇ ਦੇ ਕੰਮ ਉਹਨਾਂ ਇਕੱਲਿਆਂ ਦੀ ਲਿਆਕਤ ਦਾ ਸਿੱਟਾ ਹਨ:
ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਅਜ਼ਾਦੀ ਦੀ ਗਰੰਟੀ।
ਹਰ ਤਰ੍ਹਾਂ ਦੇ ਧਰਮ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਨਸ਼ਟ ਕਰਨਾ, ਧਰਮ ਦੀ ਅਜ਼ਾਦੀ ਅਤੇ ਛੂਆ-ਛੂਤ ਦਾ ਖਾਤਮਾ।
ਭਾਰਤੀ ਔਰਤਾਂ ਲਈ ਸਮਾਜਿਕ ਅਤੇ ਆਰਥਿਕ ਅਜ਼ਾਦੀ ਦੇ ਪੂਰੇ ਅਧਿਕਾਰ।
ਅਨੁਸੂਚਿਤ ਜਾਤੀ/ਜਨ-ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਣ ਅਤੇ ਉਹਨਾਂ ਦਾ ਪਛੜਿਆਪਣ ਦੂਰ ਕਰਨ ਲਈ ਸੰਵਿਧਾਨ ਵਿੱਚ ਪ੍ਰਬੰਧ।
ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਸਨ ਅਤੇ ਇਹਨਾਂ ਨੂੰ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਪਾਸ ਕਰਾਉਣ ਦਾ ਸਿਹਰਾ ਵੀ ਡਾਕਟਰ ਅੰਬੇਡਕਰ ਨੂੰ ਜਾਂਦਾ ਹੈ।ਭਾਰਤੀ ਸੰਵਿਧਾਨ ਦੁਨੀਆਂ ਦੇ ਬਿਹਤਰੀਨ ਸੰਵਿਧਾਨਾਂ ਵਿਚੋਂ ਲਈਆਂ ਗਈਆਂ ਵਿਸ਼ੇਸ਼ਤਾਵਾਂ ਦਾ ਸਮੂਹ ਹੈ।ਇਸ ਵਿੱਚ ਅਮਰੀਕਾ ਦੇ ਸੰਵਿਧਾਨ ਦੀ ਸਿਆਣਪ, ਆਇਰਿਸ਼ ਸੰਵਿਧਾਨ ਦਾ ਨਵਾਂਪਣ, ਇੰਗਲੈਂਡ ਦੇ ਸੰਵਿਧਾਨ ਦੀਆਂ ਸਮੇਂ ਦੀ ਕਸੌਟੀ ’ਤੇ ਖਰੀਆਂ ਉਤਰੀਆਂ ਵਿਸ਼ੇਸ਼ਤਾਈਆਂ ਅਤੇ ਭਾਰਤ ਦੇ 1935 ਦੇ ਐਕਟ ਵਿੱਚੋਂ ਲਈਆਂ ਗਈਆਂ ਖਾਸ-ਖਾਸ ਗੱਲਾਂ ਦੀ ਝਲਕ ਸਾਫ਼ ਅਤੇ ਸਪੱਸ਼ਟ ਮਿਲਦੀ ਹੈ।ਸਭ ਤੋਂ ਜ਼ਿਆਦਾ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦਾ ਅਜ਼ਾਦੀ ਦੇ ਘੋਲ ਦਾ ਅਤੇ ਉਹਨਾਂ ਦੀਆਂ ਖੁਆਹਿਸ਼ਾਂ ਅਤੇ ਉਮੀਦਾਂ ਦਾ ਪ੍ਰਤੀਬਿੰਬ ਹੈ।ਡਾਕਟਰ ਅੰਬੇਡਕਰ ਦੀ ਮੋਹਰ ਹੇਠ ਲਿਖੇ ਸ਼ਬਦਾਂ ਤੋਂ ਸਾਫ਼-ਸਾਫ਼ ਝਲਕਦੀ ਹੈ।ਇਸ ਤਰ੍ਹਾਂ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੇ ਹੋਏ ਭਾਰਤ ਨੂੰ ਜੋ ਕਾਨੂੰਨਨ ਸੰਵਿਧਾਨ ਮਿਲਿਆ ਅਤੇ ਜਿਸ ਨੂੰ ਲਾਗੂ ਕਰ ਕੇ ਭਾਰਤ ਦੇਸ਼ ਅੱਜ ਦੁਨੀਆਂ ਵਿੱਚ ਇੱਕ ਮਾਣ ਵਾਲਾ ਮੁਕਾਮ ਹਾਸਲ ਕਰਦਾ ਜਾ ਰਿਹਾ ਹੈ, ਉਸ ਦਾ ਸਿਹਰਾ ਯੁੱਗ ਪੁਰਸ਼ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ।ਸੰਵਿਧਾਨ ਨੂੰ ਅੰਤਿਮ ਰੂਪ ਦੇਣ ਲਈ ਦੋ ਸਾਲ ਗਿਆਰਾਂ ਮਹੀਨੇ ਅਤੇ ਸੱਤ ਦਿਨ ਦਾ ਸਮਾਂ ਲੱਗਿਆ।ਇਸ ਸੰਵਿਧਾਨ ਵਿੱਚ 7600 ਸੋਧਾਂ ਵਿਚਾਰਨ ਲਈ ਪੇਸ਼ ਹੋਈਆਂ ਜਿਸ ਵਿਚੋਂ 2473 ਮਤਿਆਂ ਅਤੇ ਬਹਿਸ ਹੋਣ ਉਪਰੰਤ ਨਿਪਟਾਰਾ ਹੋਇਆ।ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਡਾਕਟਰ ਅੰਬੇਡਕਰ ਦੀ ਤਾਰੀਫ਼ ਕਰਦਿਆਂ ਕਿਹਾ ਸੀ, “ਮੈਂ ਸੰਵਿਧਾਨ ਬਣਦਿਆਂ ਦੇਖਿਆ ਹੈ, ਜਿਸ ਲਗਨ ਅਤੇ ਮਿਹਨਤ ਨਾਲ ਸੰਵਿਧਾਨ ਖਰੜਾ ਕਮੇਟੀ ਦੇ ਮੈਂਬਰਾਂ ਨੇ ਅਤੇ ਖਾਸ ਕਰ ਡਾਕਟਰ ਅੰਬੇਡਕਰ ਨੇ ਆਪਣੀ ਮਾੜੀ ਸਿਹਤ ਦੇ ਬਾਵਜ਼ੂਦ ਕੰਮ ਕੀਤਾ, ਮੈਂ ਸਮਝਦਾ ਹਾਂ ਕਿ ਡਾਕਟਰ ਅੰਬੇਡਕਰ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਹੋਰ ਕੋਈ ਚੰਗਾ ਕੰਮ ਅਸੀਂ ਨਹੀਂ ਕੀਤਾ।ਉਸ ਨੇ ਨਾ ਸਿਰਫ਼ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ ਹੈ, ਬਲਕਿ ਆਪਣੇ ਕੀਤੇ ਕੰਮ ਨੂੰ ਵੀ ਚਾਰ ਚੰਨ ਲਾਏੇ ਹਨ।” 0502202301

ਇੰਜ. ਕੁਲਦੀਪ ਸਿੰਘ ਰਾਮਨਗਰ
ਮੋ – 9417990040

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …