Sunday, May 25, 2025
Breaking News

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਹਰ ਖੇਤਰ ‘ਚ ਮੋਹਰੀ- ਸੁਖਮਿੰਦਰ ਸਿੰਘ

ਮੌਜ਼ੂਦਾ ਵਿਦਿਅਕ ਸਾਲ ਦੌਰਾਨ ਵਿਦਿਆਰਥੀਆਂ ਦੀ ਗਿਣਤੀ 11 ਹਜ਼ਾਰ ਵਧੀ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸਿੱਖਿਆ ਦਾ ਚਾਨਣ ਵੰਡਣ ਦੇ ਨਾਲ-ਨਾਲ ਖੇਡਾਂ, ਸਮਾਜਿਕ ਗਤੀਵਿਧੀਆਂ ਅਤੇ ਨੈਤਿਕ ਸਿੱਖਿਆ ਦੇ ਪ੍ਰਸਾਰ ਵਿਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ ਅਤੇ ਇਨ੍ਹਾਂ ਅੰਦਰ ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ।ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਇਹ ਪ੍ਰਗਟਾਵਾ ਵਿਦਿਅਕ ਤਰਜ਼ੀਹਾਂ ਸਬੰਧੀ ਕੀਤੀ ਗਈ ਇਕ ਉਚ ਪੱਧਰੀ ਇਕੱਤਰਤਾ ਤੋਂ ਬਾਅਦ ਕੀਤਾ ਹੈ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਵਿਦਿਅਕ ਨੀਤੀ ਬਹੁਪੱਖੀ ਹੈ, ਜਿਸ ਤਹਿਤ ਅਕੈਡਮਿਕ ਤਰਜੀਹਾਂ ਤੋਂ ਇਲਾਵਾ ਵਿਦਿਆਰਥੀਆਂ ਅੰਦਰ ਸਮਾਜ ਦੇ ਚੰਗੇ ਨਾਗਰਿਕ ਬਣਨ ਪ੍ਰਤੀ ਰੁਚੀਆਂ ਪੈਦਾ ਕੀਤੀਆਂ ਜਾਂਦੀਆਂ ਹਨ।ਨੈਤਿਕ ਗੁਣਾਂ ਦੀ ਦ੍ਰਿੜ੍ਹਤਾ ਲਈ ਵੱਡੇ ਯਤਨ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਅੰਦਰ ਮਾਨਵਤਾ ਅਤੇ ਸਮਾਜਿਕਤਾ ਦੇ ਗੁਣ ਪ੍ਰਬਲ ਹੋ ਸਕਣ।ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਤਹਿਤ ਬੈਠਕਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ, ਜਿਸ ਵਿਚ ਆਏ ਸੁਝਾਵਾਂ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।
ਸੁਖਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ‘ਚ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦਾ ਅਹਿਮ ਯੋਗਦਾਨ ਹੈ।ਹਜ਼ਾਰਾਂ ਨੌਜੁਆਨ ਰੁਜ਼ਗਾਰ ਪ੍ਰਾਪਤ ਕਰਕੇ ਆਪਣਾ ਨਿਰਬਾਹ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਨੇ ਕਿਹਾ ਕਿ ਇਸ ਸਾਲ ਸ਼੍ਰੋਮਣੀ ਕਮੇਟੀ ਸਕੂਲਾਂ ਅੰਦਰ 8 ਹਜ਼ਾਰ ਅਤੇ ਕਾਲਜਾਂ ਵਿਚ 3400 ਵਿਦਿਆਰਥੀਆਂ ਦਾ ਵਾਧਾ ਹੋਣਾ ਤਸੱਲੀ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਿੱਖਿਆ ਸੰਸਥਾਵਾਂ ਦੀ ਬੇਹਤਰ ਕਾਰਗੁਜ਼ਾਰੀ ਲਈ ਨਿਰੰਤਰ ਕਾਰਜਸ਼ੀਲ ਹਨ।
ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਇਕੱਤਰਤਾ ਵਿਚ ਡਾਇਰੈਕਟਰ ਵਿਦਿਆ ਪ੍ਰਿੰਸੀਪਲ ਸਤਵੰਤ ਕੌਰ, ਇੰਚਾਰਜ਼ ਵਿਦਿਆ ਕਾਰਜ ਸਿੰਘ, ਮਨਿੰਦਰਮੋਹਨ ਸਿੰਘ, ਪ੍ਰਿੰਸੀਪਲ ਡਾ. ਗਗਨਦੀਪ ਸਿੰਘ, ਪ੍ਰਿੰਸੀਪਲ ਡਾ. ਫੁਲਵਿੰਦਰਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਹਰਮਨਦੀਪ ਸਿੰਘ, ਪ੍ਰੋ. ਧਿਆਨ ਸਿੰਘ, ਡਾ. ਜਸਪਾਲ ਸਿੰਘ, ਡਾ. ਜਤਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਡਾ. ਪ੍ਰਭਦੀਪ ਕੌਰ, ਪ੍ਰਿੰਸੀਪਲ ਜਗਰੂਪ ਸ਼ਾਮਲ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …