ਗਠੀਆ, ਜਿਸ ਨੂੰ ਆਰ.ਏ ਵੀ ਕਿਹਾ ਜਾਂਦਾ ਹੈ, ਇਹ ਸਾਡੀ ਰੋਗਾਂ ਨਾਲ ਲੜਣ ਦੀ ਤਾਕਤ ਵਿੱਚ ਕੋਈ ਨੁਕਸ ਹੋਣ ਅਤੇ ਸੋਜ਼ ਪੈਣ ਦਾ ਰੋਗ ਹੈ, ਜਿਸ ਦਾ ਮਤਲਬ ਇਹ ਹੈ ਕਿ ਤੁਹਾਡੀ ਰੋਗਾਂ ਨਾਲ ਲੜਣ ਦੀ ਤਾਕਤ ਗਲਤੀ ਨਾਲ ਸ਼ਰੀਰ ਦੇ ਸਿਹਤਮੰਦ ਸੈਲਾਂ ਉੱਪਰ ਹੀ ਹਮਲਾ ਕਰ ਦੇਂਦੀ ਹੈ ।ਜਿਸ ਨਾਲ ਸ਼ਰੀਰ ਦੇ ਪ੍ਰਭਾਵਿਤ ਅੰਗਾਂ ਵਿੱਚ ਬਹੁਤ ਤੇਜ਼ ਪੀੜ ਦੇਣ ਵਾਲੀ ਸੋਜ਼ ਪੈ ਜਾਂਦੀ ਹੈ।ਗਠੀਏ ਦਾ ਅਸਰ ਆਮ ਤੌਰ `ਤੇ ਗੁੱਟ, ਹੱਥਾਂ ਅਤੇ ਗੋਡਿਆਂ ਦੇ ਜੋੜਾਂ `ਤੇ ਹੁੰਦਾ ਹੈ । ਗਠੀਏ ਕਾਰਣ ਜੋੜਾਂ `ਚ ਸੋਜ਼ ਪੈ ਜਾਂਦੀ ਹੈ ਅਤੇ ਟਿਸ਼ੂ ਖਰਾਬ ਹੋ ਜਾਂਦੇ ਹਨ। ਟਿਸ਼ੂ `ਚ ਆਈ ਖ਼ਰਾਬੀ ਦੇ ਕਾਰਣ ਲੰਮੇ ਸਮੇਂ ਤੱਕ ਅਤੇ ਤੇਜ਼ ਦਰਦ, ਅਸਥਿਰਤਾ (ਸੰਤੁਲਨ ਨਹੀਂ ਬਣਦਾ) ਅਤੇ ਜੋੜ ਵਿੰਗੇ-ਟੇਢੇ ਵਰਗੇ ਲਛਣ ਪੈਦਾ ਹੋ ਜਾਂਦੇ ਹਨ।
ਇਹ ਇੱਕ ਪ੍ਰਣਾਲੀ ਵਾਲਾ ਰੋਗ ਹੈ, ਮਤਲਬ ਇਹ ਕਿ ਸ਼ਰੀਰ ਦੇ ਅੰਦਰੂਨੀ ਅੰਗਾਂ ਜਿਵੇਂ ਦਿਲ, ਅੱਖਾਂ ਅਤੇ ਫੇਫੜਿਆਂ `ਤੇ ਵੀ ਅਸਰ ਕਰ ਸਕਦੀ ਹੈ । ਗਠੀਆ `ਚ ਜਦੋਂ ਰੋਗ ਵਧਦਾ ਹੈ ਤਾਂ ਇਸ ਨੂੰ ਫਲੇਅਰਸ ਕਹਿੰਦੇ ਹਨ ਅਤੇ ਜਦੋਂ ਇਸ `ਚ ਕੁੱਝ ਰਾਹਤ ਮਿਲਦੀ ਹੈ ਤਾਂ ਇਸ ਨੂੰ ਰਿਮਿਸ਼ਿਨ ਕਹਿੰਦੇ ਹਨ ੀ
ਗਠੀਆ ਦੇ ਲਛਣ:
– ਇੱਕ ਤੋਂ ਵਧੇਰੇ ਜੋੜਾਂ `ਚ ਦਰਦ ਅਤੇ ਸੋਜ਼
– ਇੱਕ ਤੋਂ ਵਧੇਰੇ ਅੰਗਾਂ `ਚ ਸਖ਼ਤੀ
– ਇੱਕ ਤੋਂ ਵਧੇਰੇ ਅੰਗਾਂ `ਚ ਜ਼ਿਆਦਾ ਕੋਮਲਤਾ
– ਸ਼ਰੀਰਦੇ ਦੋਵੇਂ ਪਾਸੇ ਇੱਕੋ ਜਿਹੇ ਲਛਣ (ਜਿਵੇਂ ਕਿ ਦੋਵਾਂ ਹੱਥਾਂ `ਚ ਜਾਂ ਦੋਵਾਂ ਗੋਡਿਆਂ `ਚ )
– ਭਾਰ ਘਟਣਾ
– ਬੁਖ਼ਾਰ
– ਕਮਜ਼ੋਰੀ
– ਥਕਾਵਟ ਅਤੇ ਥਕਾਨ
ਗਠੀਆ ਦੇ ਮਰੀਜਾਂ ਦੇ ਅਕਸਰ ਘੱਟ-ਤੋਂ-ਘੱਟ ਦੋ ਜੋੜਾਂ `ਚ ਸੋਜ਼ ਹੁੰਦੀ ਹੈ ਜਿਸ ਨਾਲ ਆਮ ਤੌਰ `ਤੇ ਹੱਥ ਦੇ ਛੋਟੇ ਜੋੜਾਂ, ਪੈਰਾਂ ਅਤੇ ਗੁੱਟਾਂ ਦੇ ਜੋੜਾਂ `ਤੇ ਸੋਜ਼ ਰਹਿੰਦੀ ਹੈ। ਜੋੜਾਂ `ਚ ਵੀ ਸਖਤੀ ਰਹਿੰਦੀ ਹੈ ਜੋ ਸਵੇਰੇ ਹੁੰਦੀ ਹੈ ਜਾਂ ਫਿਰ ਕੁੱਝ ਸਮਾਂ ਬੈਠਾਂ ਤੋਂ ਬਾਅਦ ਹੁੰਦੀ ਹੈ ।ਗਠੀਏ ਦੇ ਕਾਰਣ ਹੋਣ ਵਾਲੀ ਜੋੜਾਂ ਦੀ ਸਖ਼ਤੀ ਬਾਕੀ ਤਰਾਂ ਦੀਆਂ ਸਖਤੀਆਂ ਨਾਲੋਂ ਅਲਗ ਇਸ ਲਈ ਹੁੰਦੀ ਹੈ ਕਿ ਇਹ ਘੱਟ ਤੋਂ ਘੱਟ 30 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਰਹਿੰਦੀ ਹੈ ।ਗਠੀਆ ਦੇ ਮਰੀਜਾਂ ਦੇ ਜੋੜਾਂ `ਚ ਦਰਦ ਅਤੇ ਸਖਤੀ ਨਾਲ ਕਦੀ ਕਦੀ ਅੱਧੀ ਰਾਤ ਨੂੰ ਵੀ ਨੀਂਦ ਖੁੱਲ ਜਾਂਦੀ ਹੈ।ਕੁੱਝ ਲੋਕਾਂ `ਚ ਇਹ ਦਰਦ ਬਹੁਤ ਹਲਕਾ ਹੁੰਦਾ ਹੈ ਅਤੇ ਰੋਗ ਕਾਬੂ `ਚ ਰਹਿੰਦਾ ਹੈ, ਪਰ ਵਧੇਰੇ ਲੋਕਾਂ `ਚ ਇਸ ਦੇ ਕਾਰਣ ਬਹੁਤ ਤੇਜ਼ ਦਰਦ, ਬਹੁਤ ਜ਼ਿਆਦਾ ਸੋਜ਼, ਜੋੜਾਂ ਦੀ ਅਕੜਨ, ਬਹੁਤ ਜ਼ਿਆਦਾ ਥਕਾਵਟ, ਜੋੜਾਂ ਨੂੰ ਮੋੜਨ `ਚ ਮੁਸ਼ਕਿਲ ਅਤੇ ਹਿਲਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਮਰੀਜਾਂ `ਚ ਰੋਗ ਦੇ ਲਛਣਾਂ ਦਾ ਜਲਦੀ ਪਤਾ ਲੱਗਣ `ਤੇ ਇਸ ਦਾ ਪਹਿਲੇ ਪੜਾਓ `ਤੇ ਹੀ ਇਲੱਜ਼ ਹੋ ਸਕਦਾ ਹੈ, ਜਿਸ ਨਾਲ ਰੋਗ ਦੇ ਲੰਮੇ ਸਮੇ ਦੇ ਮਾੜੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ।
ਗਠੀਏ ਦੇ ਬਹੁਤ ਸਾਰੇ ਕਾਰਣ ਹਨ ਜਿਸ `ਚ ਉਮਰ, ਲਿੰਗ, ਜਨਮ-ਜਾਤ, ਖਾਨਦਾਨੀ, ਬੀੜੀ-ਸਿਗਰਟ ਪੀਣ, ਬਾਂਝਪਨ, ਬਚਪਨ ਦਾ ਮਾਹੌਲ, ਮੋਟਾਪਾ ਆਦਿ ਮੁੱਖ ਕਾਰਣ ਹਨ।ਹਾਲੇ ਤੱਕ ਇਸ ਰੋਗ ਦੀ ਜਾਂਚ ਕਰਨ ਲਈ ਕੋਈ ਠੋਸ ਜਾਂਚ ਉਪਲਬਧ ਨਹੀਂ ਹੈ।ਡਾਕਟਰ ਇਸ ਦਾ ਪਤਾ ਸਰੀਰਿਕ ਜਾਂਚ ਕਰਕੇ, ਖੂਨ ਦੀ ਜਾਂਚ ਕਰਕੇ ਅਤੇ ਮਰੀਜ਼ ਵੱਲੋਂ ਖੁੱਦ ਦੱਸੀ ਹਾਲਤ ਤੋਂ ਅੰਦਾਜ਼ਾ ਲਾ ਕੇ ਕਰਦਾ ਹੈ।
ਗਠੀਏ ਦਾ ਇਲਾਜ਼ ਦਵਾਈਆਂ ਅਤੇ ਖੁੱਦ ਦਾ ਧਿਆਨ ਰੱਖ ਕੇ ਸੰਭਵ ਹੈ।ਇਲਾਜ਼ `ਚ ਦਵਾਈ ਦਿੱਤੀ ਜਾਂਦੀ ਹੈ, ਜਿਸ ਨਾਲ ਰੋਗ ਵਧਣ ਦੀ ਗਤੀ ਹੌਲੀ ਹੋ ਜਾਂਦੀ ਹੈ ਅਤੇ ਜੋੜ ਵਿੰਗੇ-ਟੇਢੇ ਨਹੀਂ ਹੁੰਦੇ ।
ਗਠੀਆ ਤੋਂ` ਬਚਾਅ ਦੇ ਉਪਾਅ:
– ਜਿਸਮਾਨੀ ਕਸਰਤ ਕਰੋ
– ਚੁਸਤ ਰਹੋ
– ਸੈਲਫ ਮੈਨੇਜਮੈਂਟ ਸਿਖਿਆ ਦੀ ਕਲਾਸ ਲਗਾਓ
– ਤੰਬਾਕੂਨੋਸ਼ੀ ਬੰਦ ਕਰੋ
– ਪੌਸ਼ਟਿਕ ਭੋਜਨ ਕਰੋ
ਡਾ. ਕੇ.ਕੇ ਸਿੰਘ
ਕੰਸਲਟੈਂਟ, ਆਰਥੋਪੇਡਿਕ ਸਰਜਨ
ਅਮਨਦੀਪ ਹਸਪਤਾਲ, ਅੰਮ੍ਰਿਤਸਰ