ਗੁ. ਫਤਹਿਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਮਾਸਟਰ ਜੌਹਰ ਸਿੰਘ ਦੇ ਕੇਸ ਵੀ ਵਿਚਾਰੇ
ਅੰਮ੍ਰਿਤਸਰ, 23 (ਪੰਜਾਬ ਪੋਸਟ ਬਿਊਰੋ) – ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਦੀ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਿਤੀ 10 ਮਾਘ ਸੰਮਤ ਨਾਨਕਸ਼ਾਹੀ 549 ਮੁਤਾਬਿਕ 23 ਜਨਵਰੀ 2018 ਨੂੰ ਇਕੱਤਰਤਾ ਹੋਈ।ਜਿਸ ਵਿਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਫੈਸਲੇ ਲਏ ਗਏ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੱਢਾ ਦਾ ਕੇਸ ਵਿਚਾਰਿਆ ਗਿਆ।ਇਸ ਕੇਸ ਵਿੱਚ ਸ਼੍ਰੋ.ਗੁ.ਪ੍ਰ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਲੋਂ ਵੀ ਮਤਾ ਪਾ ਕੇ ਭੇਜਿਆ ਗਿਆ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਅਤੇ ਹੋਰ ਵੀ ਧਾਰਮਿਕ ਜਥੇਬੰਦੀਆਂ ਵਲੋਂ ਪੁੱਜੀਆਂ ਸ਼ਿਕਾਇਤਾਂ ਦੇ ਅਧਾਰ `ਤੇ ਵਿਚਾਰ ਕੀਤੀ ਗਈ।ਚਰਨਜੀਤ ਸਿੰਘ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ।ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਿੰਘ ਸਾਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਚਰਨਜੀਤ ਸਿੰਘ ਦਾ ਅਸਤੀਫਾ ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਨੂੰ ਭੇਜਿਆ ਜਾਂਦਾ ਹੈ।ਉਹ ਇਸ ਨੂੰ ਪ੍ਰਵਾਨ ਕਰਕੇ, ਚਰਨਜੀਤ ਸਿੰਘ ਦੀ ਮੁੱਢਲੀ ਮੈਂਬਰਸ਼ਿਪ ਨੂੰ ਖਾਰਿਜ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਇਸ ਦੀ ਇਤਲਾਹ ਭੇਜੇ।ਫੈਸਲੇ ਅਨੁਸਾਰ ਚਰਨਜੀਤ ਸਿੰਘ ਉਪਰ ਲਗਾਈ ਗਈ ਰੋਕ ਜਾਰੀ ਰਹੇਗੀ ਅਤੇ ਦੋ ਸਾਲ ਤੱਕ ਇਸ ਦੇ ਚਾਲ ਚੱਲਣ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।ਉਨਾਂ ਚਿਰ ਇਸ `ਤੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਵਿਦਿਅਕ ਸਮਾਗਮਾਂ ਵਿੱਚ ਬੋਲਣ `ਤੇ ਪਾਬੰਧੀ ਹੈ।ਉਸ ਤੋਂ ਬਾਅਦ ਇਹ ਆਪਣਾ ਬੇਨਤੀ ਪੱਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗਾ ਤਾਂ ਉਸ `ਤੇ ਵਿਚਾਰ ਹੋਵੇਗੀ।ਕਿਉਂਕਿ ਚੀਫ ਖਾਲਸਾ ਦੀਵਾਨ ਇਕ ਧਾਰਮਿਕ ਅਤੇ ਵਿਦਿਅਕ ਸੰਸਥਾ ਹੈ ਜੋ ਸ਼ੁਰੂ ਤੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲਦੀ ਆ ਰਹੀ ਹੈ।ਇਸ ਕਰਕੇ ਜੋ ਵੀ ਇਸ ਸੰਸਥਾ ਦਾ ਮੈਂਬਰ ਸੰਸਥਾ ਨੂੰ ਨੁਕਸਾਨ ਪਹੁੰਚਾਵੇ ਸ੍ਰੀ ਅਕਾਲ ਤਖ਼ਤ ਸਾਹਿਬ ਸੰਸਥਾ ਵਿੱਚੋਂ ਉਸ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰਕੇ ਨਵਾਂ ਮੈਂਬਰ ਵੀ ਨਿਯੁੱਕਤ ਕਰ ਸਕਦਾ ਹੈ।ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਸਕੂਲਾਂ ਜਾਂ ਕਾਲਜਾਂ ਦੀਆਂ ਟੀਚਰਾਂ ਨੂੰ ਅਗਰ ਕੋਈ ਪ੍ਰੇਸ਼ਾਨੀ ਹੈ ਜਾਂ ਉਨਾਂ ਨਾਲ ਮਾੜੀ ਹਰਕਤ ਹੋਈ ਹੈ ਤਾਂ ਉਹ ਦੱਸਣ ਤਾਂ ਉਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਹਾਇਤਾ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਇਸ ਉਪਰੰਤ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ `ਤੇ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਤੇ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼ੋ:ਗੁ:ਪ੍ਰ:ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਕਿ ਇਹ ਹੈ ਤਾਂ ਗਲਤੀ, ਪਰ ਇਹ ਜਾਣੇ-ਅਨਜਾਣੇ ਸੁੱਤੇ ਸਿੱਧ ਹੋਈ ਹੈ।ਜਿਸ ਦੀ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕਿ ਸਮੁੱਚੇ ਪੰਥ ਕੋਲੋ ਮੁਆਫੀ ਮੰਗੀ ਹੈ।ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਗੋਂ ਤੋਂ ਮਰਿਯਾਦਾ ਦਾ ਧਿਆਨ ਰੱਖਿਆ ਜਾਵੇ ਅਤੇ ਸ਼੍ਰੋ.ਗੁ.ਪ੍ਰ ਕਮੇਟੀ ਦੇ ਪ੍ਰਬੰਧ ਵਿੱਚ ਜਿਸ ਵੀ ਅਸਥਾਨ ਤੇ ਸਲਾਨਾ ਸਮਾਗਮ ਹੋਣ ਉਸ ਦਾ ਸ੍ਰੀ ਅਖੰਡ ਪਾਠ ਸਾਹਿਬ ਸਮੁੱਚੇ ਖਾਲਸਾ ਪੰਥ ਵਲੋਂ ਸਬੰਧਤ ਪ੍ਰਬੰਧਕ ਕਰਵਾਉਣ ਉਸ ਅਸਥਾਨ `ਤੇ ਜੇ ਸੰਗਤਾਂ ਸ੍ਰੀ ਅਖੰਡ ਪਾਠ ਕਰਵਾਉਣਾ ਚਾਹੁੰਦੀਆਂ ਹਨ ਤਾਂ ਉਸ ਦਾ ਵੱਖਰਾ ਪ੍ਰਬੰਧ ਕੀਤਾ ਜਾਵੇ।
ਮਾਸਟਰ ਜੌਹਰ ਸਿੰਘ ਦਾ ਕੇਸ ਜਿਸ ਵਿੱਚ ਪਿਛਲੇ ਦਿਨੀ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਜਿਸ ਵਿੱਚ ਬੂਟਾ ਸਿੰਘ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ।ਉਸ ਕੇਸ ਵਿੱਚ ਮਾਸਟਰ ਜੌਹਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ।ਅੱਜ ਜੌਹਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕਰਦਿਆਂ ਪੇਸ਼ ਹੋਇਆ ਹੈ।ਇਸ ਲਈ ਪੰਜ ਸਿੰਘ ਸਾਹਿਬਾਨ ਵਲੋਂ ਧਾਰਮਿਕ ਮਰਿਯਾਦਾ ਅਨੁਸਾਰ ਜੌਹਰ ਸਿੰਘ ਨੂੰ ਤਨਖਾਹ ਲਗਾਈ ਕਿ ਉਹ ਇੱਕ ਸਹਿਜ ਪਾਠ ਆਪ ਕਰੇ ਜਾਂ ਸੁਣੇ ਤੇ ਇਹ ਇਕ ਹਫਤਾ ਰੋਜ਼ਾਨਾ ਇੱਕ-ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜੇ ਝਾੜਨ, ਬਰਤਨ ਮਾਂਜਣ ਅਤੇ ਇਕ ਘੰਟਾ ਕੀਰਤਨ ਸੁਨਣ।
ਇਸੇ ਦੌਰਾਨ ਚਰਨਜੀਤ ਸਿੰਘ ਚੱਢਾ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਦੁਸ਼ਮਣਾਂ ਨੇ ਸਾਜ਼ਿਸ਼ ਰਚ ਕੇ ਉਨਾਂ `ਤੇ ਇਲਜ਼ਾਮ ਲਗਾਏ ਹਨ ਅਤੇ ਉਨਾਂ ਦੇ ਬੇਟੇ ਦੀ ਜਾਨ ਗਈ ਹੈ, ਜੋ ਉਨਾਂ ਨੂੰ ਬਹੁਤ ਪਿਆਰਾ ਸੀ।ਉਨਾਂ ਕਿਹਾ ਕਿ ਹੁਣ ਪ੍ਰਧਾਨਗੀ ਰਹੇ ਨਾ ਰਹੇ, ਉਨਾਂ ਲਈ ਕੋਈ ਗੱਲ ਨਹੀਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …