ਨਵੀ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਥਾਪਿਤ ਪਰੰਪਰਾ ਅਨੁਸਾਰ ਚੜ੍ਹਦੀਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਤਿਉਹਾਰ ‘ਹੋਲਾ ਮਹੱਲਾ’ ਨੂੰ ਮਨਾਉਣ ਲਈ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀਰਵਾਰ 1 ਮਾਰਚ (18 ਫੱਗਣ) ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਦਸਿਆ ਕਿ ਇਸ ਸਮਾਗਮ ਦੀ ਅਰੰਭਤਾ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ।ਉਪਰੰਤ ਪੰਥ ਪ੍ਰਵਾਨਿਤ ਪ੍ਰਸਿੱਧ ਕੀਰਤਨੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਵਿਦਵਾਨ ਕਥਾ ਵਾਚਕ ਤੇ ਬੁਲਾਰੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਇਤਿਹਾਸਕ ਮਹਤੱਤਾ ਸੰਬੰਧੀ ਜਾਣਕਾਰੀ ਦੇਣਗੇ।
ਇਸ ਮੋਕੇ ਤੇ ਹੋ ਰਹੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਬੀਰ ਰਸ ਨਾਲ ਓਤ-ਪੋਤ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ ਅਤੇ ਸੇਵਾ ਪੰਥੀ ਬਾਬਾ ਬਚਨ ਸਿੰਘ ਜੀ ਸੰਗਤਾਂ ਨੂੰ ਨਾਮ ਸਿਮਰਨ ਕਰਵਾਣਗੇ।ਉਨ੍ਹਾਂ ਹੋਰ ਦੱਸਿਆ ਕਿ ਦੁਪਹਿਰ ਬਾਅਦ ਪ੍ਰਮੁੱਖ ਪੰਥਕ ਆਗੂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ, ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਆਪਣੇ ਵਿਚਾਰ ਉਨ੍ਹਾਂ ਨਾਲ ਸਾਂਝੇ ਕਰਨਗੇ।ਇਸ ਤਿਉਹਾਰ ਨਾਲ ਸੰਬੰਧਤ ਬੀਰ ਰਸੀ ਪਰੰਪਰਾ ਤੇ ਮਾਨਤਾ ਦਾ ਪਾਲਣ ਕਰਦਿਆਂ ਪ੍ਰਮੁੱਖ ਗਤਕਈ ਅਖਾੜਿਆਂ ਦੇ ਨੌਜਵਾਨ ਸ਼ਸਤਰ ਵਿਦਿਆ ਦੇ ਅਦੁੱਤੀ ਕਰਤਬਾਂ ਦਾ ਪ੍ਰਦਰਸ਼ਨ ਕਰਨਗੇ।ਰਾਣਾ ਪਰਮਜੀਤ ਸਿੰਘ ਨੇ ਹੋਰ ਦਸਿਆ ਕਿ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਹੋਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …