Friday, August 1, 2025
Breaking News

ਸੰਸਾਰ ਭਰ ਦੇ ਸਿੱਖਾਂ ਨੂੰ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਨਾਨਕ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ

Gurdawara Dera Baba Nanakਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਨਿੱਜੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਦੀ 250 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਥਾਂ ’ਤੇ ਉਸ ਦੀ ਮੁਰੰਮਤ ਕਰਵਾਈ ਜਾਵੇ।ਮੌਜੂਦਾ ਇਮਾਰਤ ਦੀ ਉਸਾਰੀ ਹੈਦਰਾਬਾਦ ਦੇ ਮਹਾਰਾਜਾ ਚੰਦੂ ਲਾਲ ਦੇ ਚਾਚੇ ਸ੍ਰੀ ਨਾਨਕ ਚੰਦ ਨੇ ਕਰਵਾਈ ਸੀ ’ਤੇ ਉਸ ਉਪਰ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ।
     ਸਿੱਖ ਵਿਦਵਾਨ ਬਿਸ਼ਨ ਸਿੰਘ ਗੁਰਾਇਆ ਦਾ ਇੱਕ ਬਿਆਨ ਜੋ ਕਿ ਕੁੱਝ ਅਖ਼ਬਾਰਾਂ ਵਿਚ ਆਇਆ ਹੈ, ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੁਰਦੁਆਰੇ ਨੂੰ ਢਾਹ ਕੇ ਨਵਾਂ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕੀਤਾ ਹੈ।ਢਾਹੁਣ ਬਾਰੇ ਬੜੀ ਬੇਹੂਦਾ ਦਲੀਲ ਦਿੱਤੀ ਜਾ ਰਹੀ ਹੈ ਕਿ ਇਸ ਦੀ ਹਾਲਤ ਖ਼ਸਤਾ ਹੈ, ਜਦ ਕਿ ਗੁਰਾਇਆ ਦਾ ਕਹਿਣਾ ਹੈ ਕਿ ਇਮਾਰਤ ਬੇਹੱਦ ਮਜ਼ਬੂਤ ਹੈ।ਕੰਧਾਂ ਬਹੁਤ ਚੌੜੀਆਂ ਹਨ।ਕੰਧਾਂ ਵਿੱਚ ਕਿਤੇ ਵੀ ਕੋਈ ਤ੍ਰੇੜ ਨਹੀਂ।ਸਿਰਫ਼ ਛੱਤ ਚੋਂਦੀ ਹੈ, ਜਿਸ ਨੁੰ ਆਈਆਂ-ਨਵੀਆਂ ਤਕਨੀਕਾਂ ਤੇ ਰਸਾਇਣਕ ਪਦਾਰਥਾਂ ਨਾਲ ਠੀਕ ਕੀਤਾ ਜਾ ਸਕਦਾ ਹੈ।ਹੁਣ ਤਾਂ ਬਿਨਾਂ ਮਕਾਨ ਢਾਹੁਣ ਦੇ ਨੀਵੀਆਂ ਛੱਤਾਂ ਉਚੀਆਂ ਕੀਤੀਆਂ ਜਾ ਸਕਦੀਆਂ ਹਨ।ਇਸ ਲਈ ਇਨ੍ਹਾਂ ਤਕਨੀਕਾਂ ਦੀ ਸਹਾਇਤਾਂ ਨਾਲ ਇਸ ਦੀ ਮੁਰੰਮਤ ਹੋ ਸਕਦੀ ਹੈ।ਗੁਮਟਾਲਾ ਦੀ ਮੰਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਵਿਭਾਗ ਵਿੱਚ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦੇ ਮਾਹਿਰ ਹਨ, ਉਨ੍ਹਾਂ ਦੀ ਸਲਾਹ ਲੈ ਕੇ ਇਸ ਦੀ ਮੁਰੰਮਤ ਕਰਵਾਉਣ ਦੀ ਖੇਚਲ ਕੀਤੀ ਜਾਵੇ।
    ਵਿਦੇਸ਼ਾਂ ਵਿੱਚ 2-2 ਹਜ਼ਾਰ ਸਾਲ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ।ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖ ਆਗੂਆਂ ਨੂੰ ਇਤਿਹਾਸਕ ਇਮਾਰਤਾਂ ਦੀ ਮਹੱਤਤਾ ਦਾ ਪਤਾ ਨਾ ਹੋਣ ਕਰਕੇ ਕਾਰ ਸੇਵਾ ਦੇ ਨਾਂ ’ਤੇ  ਇਤਿਹਾਸਕ ਇਮਾਰਤਾਂ ਨੂੰ ਢਾਹੁਣ ਦਾ ਉਹ ਕੰਮ ਜੋ ਕਿ ਵਿਦੇਸ਼ੀ ਹਮਲਾਵਾਰ ਕਰਦੇ ਸਨ ਹੁਣ ਉਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ।ਇੰਝ ਸਿੱਖ ਇਤਿਹਾਸ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ, ਇਸ ਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ।         ਮਲੀਆਮੇਟ ਕੀਤੀਆਂ ਗਈਆਂ ਇਤਿਹਾਸਿਕ ਇਮਾਰਤਾਂ ਦੀਆਂ ਅਨੇਕਾਂ ਉਦਾਹਰਨਾਂ ਹਨ, ਜਿਵੇਂ ਕਿ  ਗੁਰੂ ਨਾਨਕ ਮਸੀਤ ਜਿੱਥੇ ਗੁਰੂ ਨਾਨਕ ਸਾਹਿਬ ਨੇ ਨਮਾਜ਼ ਪੜ੍ਹੀ ਸੀ ਨੂੰ ਮਲੀਆ ਮੇਟ ਕਰਕੇ ਮਸੀਤ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਹੈ।ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦਾ ਘਰ ਢਾਹ ਕੇ ਤਿੰਨ ਮੰਜ਼ਲੀ ਇਮਾਰਤ ਬਣਾ ਦਿੱਤੀ ਗਈ ਹੈ।ਇਤਿਹਾਸਕ ਕਿਲ੍ਹਾ ਲੋਹਗੜ੍ਹ ਸਾਹਿਬ ਅੰਮ੍ਰਿਤਸਰ ਜਿਸ ਦੀ ਉਸਾਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਰਵਾਈ ਸੀ ਦੀ ਇਤਿਹਾਸਕ ਚੌੜੀ ਦੀਵਾਰ ਨੂੰ 1994 ਵਿਚ ਢਾਹ ਦਿੱਤਾ ਗਿਆ।ਗੁਰੂ ਕੇ ਮਹਿਲ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਿਵਾਸ ਅਸਥਾਨ ਸੀ, ਜਿੱਥੇ ਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ ਕੁੱਝ ਸਾਲ ਪਹਿਲਾਂ ਨਿਕੀਆਂ ਇੱਟਾਂ ਦਾ ਬਹੁਤ ਹੀ ਖ਼ੂਬਸੂਰਤ ਗੁਰਦੁਆਰਾ ਸੀ, ਨੂੰ ਢਾਹ ਕੇ ਬਹੁਤ ਵੱਡਾ ਗੁਰਦੁਆਰਾ ਬਣਾ ਦਿੱਤਾ ਗਿਆ, ਜਿਸ ਦੀ ਉਹ ਖ਼ੂਬਸੂਰਤੀ ਨਹੀਂ, ਜੋ ਕਿ ਪਹਿਲਾਂ ਸੀ।ਇਨ੍ਹਾਂ ਇਤਿਹਾਸਿਕ ਇਮਾਰਤਾਂ ਦੇ ਦੋਖੀਆਂ ਨੇ ਸਰਹਿੰਦ ਦੇ ਠੰਡੇ ਬੁਰਜ, ਚਮਕੌਰ ਦੀ ਗੜ੍ਹੀ ਦੇ ਨਾਮੋ ਨਿਸ਼ਾਨ ਮਿਟਾਉਣ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਦੀਆਂ ਕਈਆਂ ਪੁਰਾਣੀਆਂ ਇਮਾਰਤਾਂ ਢਾਹ ਦਿੱਤੀਆਂ।ਇਸ ਲਈ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਅਪੀਲ ਹੈ ਕਿ ਉਹ ਸਿੱਖ ਵਿਰਸੇ ਨੂੰ ਬਚਾਉਣ ਲਈ ਅੱਗੇ ਆਉਣ ਤੇ ਸ਼੍ਰੋਮਣੀ ਕਮੇਟੀ ਉਪਰ ਦਬਾਅ ਪਾਉਣ ਕਿ ਉਹ ਵਿਸ਼ਵ ਭਰ ਦੇ ਚੋਟੀ ਦੇ ਮਾਹਿਰਾਂ ਦੀਆਂ ਸੇਵਾਵਾਂ ਲੈ ਕਿ ਇਨ੍ਹਾਂ ਇਤਿਹਾਸਿਕ ਇਮਾਰਤਾਂ ਨੂੰ ਆਧੁਨਿਕ ਤਕਨੀਕ ਨਾਲ ਸਾਂਭ ਸੰਭਾਲ ਕਰੇ ਨਾ ਕਿ ਕਾਰ ਸੇਵਾ ਰਾਹੀਂ ਇਨ੍ਹਾਂ ਦਾ ਖ਼ੁਰਾ ਖ਼ੋਜ ਮਿਟਾਏੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply