ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ’ਤੇ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।
ਛੀਨਾ ਨੇ ਸਮੂੰਹ ਜਗਤ ਤੇ ਹਾਜ਼ਰ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਗੁਰੂ ਜੀ ਨੇ ਜਗਤ ਨੂੰ ਸ਼ਾਂਤੀ ਅਤੇ ਸੇਵਾ ਦਾ ਉਪਦੇਸ਼ ਦਿੱਤਾ, ਜਿਸ ਨੂੰ ਧਾਰਨ ਕਰਕੇ ਅਸੀ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਬਤੀਤ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਗੁਰੂ ਸਾਹਿਬ ਵੱਲੋਂ ਵਿਖਾਏ ਮਾਰਗ ’ਤੇ ਚੱਲਦਿਆਂ ਸਰਬੱਤ ਦੇ ਭਲੇ ਦੇ ਲਈ ਕਾਰਜ ਕਰਨੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਿਆ।ਉਪਰੰਤ ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ ਦੇ ਮੁੱਖੀ ਡਾ. ਕੁਲਦੀਪ ਸਿੰਘ ਨੇ ਸਮੂੰਹ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅਤੇ ਕੌਮ ਖਾਤਿਰ ਦਿੱਤੀ ਲਾਸਾਨੀ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਜਾਣੂ ਕਰਵਾਇਆ ਅਤੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ’ਤੇ ਚਾਨਣਾ ਪਾਇਆ।ਇਸ ਮੌਕੇ ਛੀਨਾ ਨੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲਕੇ ਸ਼ਬਦ ਗਾਇਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਉਪਰੰਤ ਚਾਹ-ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸੁਖਦੇਵ ਸਿੰਘ ਅਬਦਾਲ, ਸਰਦੂਲ ਸਿੰਘ ਮੰਨਣ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰ: ਜਸਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰ: ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਲੜਕੇ ਪ੍ਰਿੰ: ਡਾ. ਇੰਦਰਜੀਤ ਸਿੰਘ ਗੋਗੋਆਣੀ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ’ਚ ਕਾਲਜ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …