Monday, December 23, 2024

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਗਿਆ ਸਲਾਨਾ ਖੇਡ ਦਿਵਸ

PPN0704201803ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਦਿਆਰਥੀ ਜੀਵਨ ’ਚ ਖੇਡਾਂ ਦਾ ਖਾਸ ਮਹੱਤਵ ਹੈ।ਖੇਡਾਂ ਜਿੱਥੇ ਸਾਡੇ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਬਣਾਉਂਦੀਆਂ ਹਨ ਉੱਥੇ ਸਾਡੇ ਮਾਨਸਿਕ ਵਿਕਾਸ ’ਚ ਵੀ ਸਹਾਇਕ ਹੁੰਦੀਆਂ ਹਨ। ਖੇਡਾਂ ਦੀ ਮਹੱਤਤਾ ਨੂੰ ਪਛਾਣਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸਲਾਨਾ ਖੇਡ ਦਿਵਸ ਮਨਾਇਆ ਗਿਆ, ਜਿਸ ’ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ ਰਾਣਾ ਵੰਝ ਨੇ ਮੁੱਖ ਮਹਿਮਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।ਖੇਡ ਦਿਵਸ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰਕੇ ਕੀਤੀ ਗਈ ਜਿਸ ਉਪਰੰਤ ਮੁੱਖ ਮਹਿਮਾਨ ਵਲੋਂ ਕਾਲਜ ਦਾ ਝੰਡਾ ਲਹਿਰਾ ਕੇ ਅਤੇ ਹਵਾ ’ਚ ਗੁਬਾਰੇ ਉਡਾ ਕੇ ਖੇਡ ਦਿਵਸ ਦਾ ਆਰੰਭ ਕੀਤਾ ਗਿਆ।
     ਇਸ ਮੌਕੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਖੇਡਾਂ ਸਾਨੂੰ ਜਿੱਥੇ ਨਿਰੋਗੀ ਰਹਿਣ ’ਚ ਸਹਾਇਤਾ ਕਰਦੀਆਂ ਹਨ ਉੱਥੇ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੋਂ ਬਚਣ ਦੀ ਪ੍ਰੇਰਣਾ ਵੀ ਦੇਂਦੀਆਂ ਹਨ।ਉਨ੍ਹਾਂ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੇਡਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਨਾਲ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੀ ਸ਼ਖਸੀਅਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਵਾਂਗ ਹੀ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਕੱਥੂਨੰਗਲ ਵੱਲੋਂ ਸਮੇਂ-ਸਮੇਂ ’ਤੇ ਮਿਲਦੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਵਿਚਕਾਰ 100 ਮੀਟਰ, 200 ਮੀਟਰ ਅਤੇ 4*100 ਮੀਟਰ ਰਿਲੇਅ ਰੇਸਾਂ ਤੋਂ ਇਲਾਵਾ ਸ਼ੋਰਟ ਪੁੱਟ, ਲੋਂਗ ਜੰਪ, ਡਿਸਕਸ ਥ੍ਰੋ, ਸਪੂਨ ਲੈਮਨ ਰੇਸ, ਥ੍ਰੀ ਲੈਗਡ ਰੇਸ, ਸਕੀਪਿੰਗ ਰੇਸ ਵਰਗੇ ਦਿਲਚਸਪ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਪ੍ਰਿੰਸਪਿਲ ਸਾਹਿਬ ਵੱਲੋਂ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਆ ਗਿਆ।
    ਇਸ ਸਾਲ ਦੇ ਖੇਡ ਮੁਕਾਬਲਿਆਂ ਦੇ ਆਧਾਰ ’ਤੇ +2 ਸਾਇੰਸ ਦੇ ਸ਼ਹਜਾਦ ਸਿੰਘ ਅਤੇ ਬੀ.ਸੀ.ਏ ਸਮੈਸਟਰ ਛੇਵਾਂ ਦੀ ਕਵਲਪ੍ਰੀਤ ਕੌਰ ਨੂੰ ਕਾਲਜ ਦੇ ਬੈਸਟ ਐਥਲੀਟ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ।ਕਾਲਜ ਦੇ +2 ਸਾਇੰਸ ਦੇ ਵਿਦਿਆਰਥੀਆਂ ਨੇ ਕਾਲਜ ਦੀ ਓਵਰਆਲ ਟਰਾਫੀ ਆਪਣੇ ਨਾਮ ਕਰਵਾਈ।ਪ੍ਰਿੰਸੀਪਲ ਅਤੇ ਆਏ ਹੋਏ ਮਹਿਮਾਨਾਂ ਵਲੋਂ ਕਾਲਜ ਦੇ ਹਾਕੀ ਕੋਚ ਅਮਿਤ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਉਨ੍ਹਾਂ ਵੱਲੋਂ ਕਰਵਾਈ ਮਿਹਨਤ ਸਦਕਾ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਬੀ ਜ਼ੋਨ ਦੇ ਮੁਕਾਬਲਿਆਂ ’ਚ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ।ਇਸ ਮੌਕੇ ਬਲਦੇਵ ਸਿੰਘ (ਸਾਬਕਾ ਸਰਪੰਚ ਚਵਿੰਡਾ ਦੇਵੀ) ਅਤੇ ਸਮਾਜ ਸੇਵਕ ਪਪਲਪ੍ਰੀਤ ਸਿੰਘ ਮਰੜ੍ਹੀ, ਪ੍ਰੋ. ਅਨੁਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।  

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply