ਵੱਖ-ਵੱਖ ਆਗੂਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਟ
ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਅਜ਼ਾਦੀ ਵੱਡੀ ਕੀਮਤ ਨਾਲ ਮਿਲੀ ਹੈ ਅਤੇ ਸਾਡੀ ਕੌਮ ਦਾ ਸਰਮਾਇਆ ਸਾਡੇ ਸ਼ਹੀਦ ਹਨ। ਜਲ੍ਹਿਆਂ ਵਾਲਾ ਬਾਗ ਸਾਡੇ ਅਜ਼ਾਦੀ ਸੰਘਰਸ਼ ਦਾ ਜਿੳੂਂਦਾ ਜਾਗਦਾ ਗਵਾਹ ਹੈ ਅਤੇ ਇਹ ਸਾਨੂੰ ਦੇਸ਼-ਕੌਮ ਲਈ ਕੁੱਝ ਕਰ ਗੁਜ਼ਰਨ ਦੀ ਪ੍ਰੇਰਨਾ ਸਦਾ ਦਿੰਦਾ ਰਹੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਜਲਿਆਂ ਵਾਲਾ ਬਾਗ ਵਿਖੇ ਦੇਸ਼ ਦੇ ਅਜ਼ਾਦੀ ਸੰਘਰਸ਼ ਵਿਚ ਜਾਨਾਂ ਵਾਰਨ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਉਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ, ਜਿੰਨਾਂ ਨੇ ਆਪਣਾ ਖੂਨ ਡੋਲ ਕੇ ਸਾਨੂੰ ਅਜ਼ਾਦੀ ਦਾ ਨਿੱਘ ਦਿੱਤਾ।ਔਜਲਾ ਨੇ ਇਸ ਸਥਾਨ ਨੂੰ ਪ੍ਰਮਾਣ ਕਰਦੇ ਕਿਹਾ ਕਿ ਜਲਿਆਂ ਵਾਲਾ ਬਾਗ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਵੀ ਇਕ ਮਿਸਾਲ ਹੈ, ਕਿ ਕਿਸ ਤਰਾਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਲਈ ਸਾਰਿਆਂ ਨੇ ਇਕ ਹੋ ਕੇ ਸੰਘਰਸ਼ ਲੜਿਆ।ਆਪਣੇ ਸੰਬੋਧਨ ਵਿਚ ਡਾ. ਰਾਜ ਕੁਮਾਰ ਵੇਰਕਾ ਵਿਧਾਇਕ ਨੇ ਕਿਹਾ ਕਿ ਜਲਿਆਂ ਵਾਲਾ ਬਾਗ ਦਾ ਇਹ ਸਥਾਨ ਪੀੜ੍ਹੀ ਦਰ ਪੀੜ੍ਹੀ ਸਾਡੇ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ ਅਤੇ ਇਹ ਸੰਸਥਾ ਸਾਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਲਿਬਰੇਜ ਕਰਦੀ ਰਹੇਗੀ।ਉਨਾਂ ਕਿਹਾ ਕਿ ਜਲਿਆਂ ਵਾਲਾ ਬਾਗ ਵਿਚ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਆਉਣਾ ਮੇਰੇ ਲਈ ਸਭ ਤੋਂ ਵੱਡਾ ਸੁਭਾਗ ਹੈ। ਇਸ ਮੌਕੇ ਸੰਬੋਧਨ ਕਰਦੇ ਸੁਨੀਲ ਦੱਤੀ ਨੇ ਕਿਹਾ ਕਿ ਇੰਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਇਸ ਸਾਕੇ ਨੇ ਅਜ਼ਾਦੀ ਸੰਗਰਾਮ ਨੂੰ ਬਹੁਤ ਤਾਕਤ ਦਿੱਤੀ ਅਤੇ ਸਾਰੇ ਭਾਰਤ ਵਿਚ ਇਸ ਖੂਨੀ ਸਾਕੇ ਨੂੰ ਲੈ ਕੇ ਅੰਗਰੇਜ਼ ਹਕੂਮਤ ਦਾ ਵਿਰੋਧ ਹੋਇਆ, ਜੋ ਕਿ ਅਜ਼ਾਦੀ ਮਿਲਣ ਤੱਕ ਜਾਰੀ ਰਿਹਾ। ਇਸ ਮੌਕੇ ਆਪਣੇ ਸੰਬੋਧਨ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਨ, ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਸ ਸਾਕੇ ਬਾਰੇ ਬਾਰੀਕੀ ਨਾਲ ਦੱਸਣਾ ਚਾਹੀਦਾ ਹੈ, ਤਾਂ ਕਿ ਉਹ ਆਪਣੇ ਵੱਡੇ-ਵਡੇਰਿਆਂ ਦੀਆਂ ਕੁਰਬਾਨੀਆਂ ਦੀ ਕਦਰ ਕਰਦੇ ਹੋਏ ਲੱਖਾਂ ਕੁਰਬਾਨੀਆਂ ਨਾਲ ਮਿਲੀ ਅਜ਼ਾਦੀ ਦੀ ਮਹੱਤਤਾ ਸਮਝਦੇ ਹੋਏ ਦੇਸ਼ ਦੇ ਵਿਕਾਸ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।ਹੋਰਨਾ ਤੋਂ ਇਲਾਵਾ ਭਾਜਪਾ ਆਗੂ ਬੀਬੀ ਲਕਸ਼ਮੀ ਕਾਂਤਾ ਚਾਵਲਾ, ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਸ਼ਹਿਰੀ ਅਤੇ ਹੋਰ ਆਗੂਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।