ਪਹਿਲੇ ਸਾਲ ਦੇ 58 ਵਿਦਿਆਰਥੀਆਂ ਨੂੰ ਸਮਰ ਇੰਟਰਨਸ਼ਿਪ ਵੀ ਪ੍ਰਦਾਨ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਬੀ.ਏ. ਵਿਦਿਆਰਥੀਆਂ ਦੀ ਮੰਗ ਵੱਧ ਰਹੀ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਅਮੇਜਨ, ਐਕਸਿਸ ਬੈਂਕ, ਐਚ.ਡੀ.ਐਫ.ਸੀ ਬੈਂਕ ਅਤੇ ਵਰਧਮਾਨ ਵਰਗੀਆਂ ਕੌਮਾਂਤਰੀ ਪ੍ਰਸਿੱਧ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਮਿਲ ਰਹੀਆਂ ਹਨ।
ਯੂਨੀਵਰਸਿਟੀ ਦੇ ਐਮ.ਬੀ.ਏ ਦੇ ਵਿਦਿਆਰਥੀਆਂ ਨੂੰ ਅਧਿਕਤਮ 15.20 ਲੱਖ ਰੁਪਏ ਦਾ ਸਾਲਾਨਾ ਤਨਖਾਹ ਪੈਕੇਜ ਅਤੇ ਔਸਤਨ ਪੈਕੇਜ 5.02 ਲੱਖ ਰੁਪਏ ਸਾਲਾਨਾ ਦਾ ਭੁਗਤਾਨ ਕੀਤਾ ਗਿਆ ਸੀ।ਐਮੇਜਨ ਦੁਆਰਾ 4 ਐਮ.ਬੀ.ਏ ਵਿਦਿਆਰਥੀਆਂ ਨੂੰ ਵੱਡਾ ਤਨਖ਼ਾਹ ਪੈਕੇਜ ਦਿੱਤਾ ਗਿਆ ਸੀ ਭਾਰਤੀ ਬਜ਼ਾਰ ਦੇ ਦੋ ਪ੍ਰਮੁੱਖ ਬੈਂਕ ਜਿਵੇਂ ਐਕਸਿਸ ਬੈਂਕ ਅਤੇ ਐਚ.ਡੀ.ਐਫ.ਸੀ ਬੈਂਕ ਨੇ ਕ੍ਰਮਵਾਰ 18 ਅਤੇ ਐਮ.ਬੀ.ਏ ਦੇ 11 ਵਿਦਿਆਰਥੀਆਂ ਦੀ ਚੋਣ ਕੀਤੀ।ਆਈ.ਸੀ.ਆਈ.ਸੀ.ਆਈ ਪਰੂਡੈਂਸ਼ੀਅਲ ਨੇ ਐਮ.ਬੀ.ਏ ਦੇ 15 ਵਿਦਿਆਰਥੀਆਂ ਨੂੰ ਚੁਣਿਆ।ਐਮ.ਬੀ.ਏ ਦੇ ਵਿਦਿਆਰਥੀਆਂ ਦੀ ਚੋਣ ਕਰਨ ਵਾਲੀਆਂ ਹੋਰ ਕੰਪਨੀਆਂ ਵਿਚ ਆਈ. ਓ.ਐਲ. ਕੈਮੀਕਲਜ਼, ਜਰੋ ਐਜੂਕੇਸ਼ਨ, ਵਰਧਮਾਨ, ਡਿਕੈਥਲੋਨ, ਡੀਲਜ਼ ਡਰੇਅ ਅਤੇ ਵੈਲਯੂ ਕੰਪਿਉਟਸ ਸ਼ਾਮਲ ਹਨ।
ਇਨ੍ਹਾਂ ਕੰਪਨੀਆਂ ਦੀ ਚੋਣ ਪ੍ਰਕਿਰਿਆ ਵਿੱਚ ਲਿਖਤੀ ਪ੍ਰੀਖਿਆ, ਗਰੁੱਪ ਚਰਚਾ ਅਤੇ ਐੱਚ.ਆਰ. ਇੰਟਰਵਿਊ ਸ਼ਾਮਲ ਸਨ।ਚੁਣੇ ਗਏ ਵਿਦਿਆਰਥੀ ਮੁੱਖ ਕੈਂਪਸ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਅਤੇ ਗੁਰਦਾਸਪੁਰ ਦੇ ਰਿਜ਼ਨਲ ਕੈਂਪਸ ਦੇ ਹਨ।ਡਾ. ਹਰਦੀਪ ਸਿੰਘ, ਪ੍ਰੋਫ਼ੈਸਰ-ਇੰਚਾਰਜ (ਪਲੇਸਮੈਂਟ) ਨੇ ਕਿਹਾ ਕਿ ਇਹ ਵਿਦਿਆਰਥੀ ਆਪਣੇ ਕੋਰਸ ਪੂਰੇ ਕਰਨ ਤੋਂ ਬਾਅਦ ਆਪੋ-ਆਪਣੀਆਂ ਕੰਪਨੀਆਂ `ਤੇ ਚਲੇ ਜਾਣਗੇ।
ਜਿਥੇ ਐਮ.ਬੀ.ਏ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮਿਲੀਆਂ, ਉਥੇ ਐਮ.ਬੀ.ਏ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਕਈ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੁਆਰਾ ਸਮਰ ਇੰਟਰਨਸਿ਼ਪ ਲਈ ਚੁਣਿਆ। ਐਚ.ਡੀ.ਐਫ.ਸੀ ਬੈਂਕ, ਏ.ਆਈ.ਐਮ ਇੰਡੀਆ, ਡੇਕਥਲੋਨ, ਐਨ.ਜੇ ਗਰੁੱਪ, ਡੀਲਜ਼ ਡਰੇ, ਮੈਟਰੋ ਹੋਲਸੇਲ ਅਤੇ ਡਾ. ਓਮ ਪ੍ਰਕਾਸ਼ ਆਈ ਇੰਸਟੀਚਿਊਟ ਨੇ ਐਮ.ਬੀ.ਏ 58 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਪ੍ਰਦਾਨ ਕੀਤੀ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਬਹੁ-ਕੌਮੀ ਕੰਪਨੀਆਂ ਤੋਂ ਨੌਕਰੀ ਦੀ ਪੇਸ਼ਕਸ਼ `ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।ਯੂਨੀਵਰਸਿਟੀ ਵਿਚ ਉਪਲਬਧ ਗੁਣਵਤਾ ਭਰਪੂਰ ਬੁਨਿਆਦੀ ਢਾਂਚਾ ਅਤੇ ਹੋਰ ਅਕਾਦਮਿਕ ਤੇ ਖੋਜ ਸਹੂਲਤਾਂ ਦੇ ਕਾਰਨ ਕਾਰਪੋਰੇਟ ਜਗਤ ਵਿੱਚ ਯੂਨੀਵਰਸਿਟੀ ਵਿਦਿਆਰਥੀਆਂ ਦੀ ਮੰਗ ਵਧ ਰਹੀ ਹੈ।ਡਾ. ਅਮਿਤ ਚੋਪੜਾ, ਅਸਿਸਟੈਂਟ ਪਲੇਸਮੈਂਟ ਅਫਸਰ ਨੇ ਦੱਸਿਆ ਕਿ 2019 ਦੇ ਬੈਚ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਕਈ ਕੰਪਨੀਆਂ ਨੇੜਲੇ ਭਵਿੱਖ ਵਿਚ ਕੈਂਪਸ ਦਾ ਦੌਰਾ ਕਰਨਗੀਆਂ।