Friday, July 4, 2025
Breaking News

ਖ਼ਾਲਸਾ ਕਾਲਜ ਵਿਖੇ ਰਚਾਇਆ ਗਿਆ ‘ਕਹਾਣੀ-ਸੰਵਾਦ’

ਸਾਹਿਤ ਦੀ ਹਰ ਵਿਧਾ ’ਤੇ ਰਚਾਇਆ ਜਾਵੇਗਾ ਸਲਾਨਾ ਸੰਵਾਦ – ਡਾ. ਮਹਿਲ ਸਿੰਘ

PPN3106201816 ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ)- ਖ਼ਾਲਸਾ ਕਾਲਜ ਵਿਖੇ ‘ਕਹਾਣੀ-ਸੰਵਾਦ’ ਪ੍ਰੋਗਰਾਮ ਕਰਵਾਇਆ ਗਿਆ ਜਿਸ ’ਚ ਪੰਜਾਬੀ ਕਹਾਣੀ ਦੇ ਵੱਖ-ਵੱਖ ਪਹਿਲੂਆਂ ’ਤੇ ਕਹਾਣੀਕਾਰਾਂ ਅਤੇ ਗਲਪ ਆਲੋਚਕਾਂ ਵੱਲੋਂ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਪ੍ਰੋਗਰਾਮ ’ਚ ਕਹਾਣੀ ਰਚਨਾਕਾਰ ਵਜੋਂ ਬਲਬੀਰ ਪਰਵਾਨਾ, ਜਿੰਦਰ, ਦੀ ਪਦਵਿੰਦਰ ਅਤੇ ਸਿਮਰਨ ਧਾਲੀਵਾਲ ਨੇ ਹਿੱਸਾ ਲਿਆ।ਕਹਾਣੀ ਆਲੋਚਕਾਂ ਵਜੋਂ ਪੰਜਾਬੀ ਦੇ ਪ੍ਰਸਿੱਧ ਗਲਪ-ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਕੁਲਵੰਤ ਸਿੰਘ, ਜਸ ਮੰਡ ਅਤੇ ਡਾ. ਪਰਮਿੰਦਰ ਸਿੰਘ ਨੇ ਹਿੱਸਾ ਲਿਆ।
ਇਸ ਕਹਾਣੀ ਸੰਵਾਦ ’ਚ ਹਿੱਸਾ ਲੈਣ ਆਏ ਕਹਾਣੀਕਾਰਾਂ ਅਤੇ ਵਿਦਵਾਨਾਂ ਨੂੰ ਜੀ ਆਇਆ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਵਿਦਿਅਕ ਸੰਸਥਾ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ’ਤੇ ਗੰਭੀਰ ਵਿਚਾਰ ਚਰਚਾ ਕਰਵਾਉਣਾ ਚਾਹੁੰਦੀ ਸੀ ਤਾਂ ਜੋ ਚਰਚਿਤ ਮਸਲਿਆਂ ਬਾਰੇ ਕੁਝ ਸਿੱਟਿਆਂ ’ਤੇ ਪਹੁੰਚਿਆ ਜਾਵੇ। ਇਸ ਦੀ ਸ਼ੁਰੂਆਤ ਇਸ ‘ਕਹਾਣੀ-ਸੰਵਾਦ’ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਪੰਜਾਬੀ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਲਈ ਉਸਾਰੂ ਵਿਚਾਰ-ਚਰਚਾ ਵਾਸਤੇ ਹਮੇਸ਼ਾਂ ਇਕ ਕੇਂਦਰ ਬਣਿਆ ਰਿਹਾ ਹੈ ਤੇ ਭਵਿੱਖ ’ਚ ਵੀ ਬਣਿਆ ਰਹੇਗਾ।
ਇਸ ਸੰਵਾਦ ’ਚ ਸੂਤਰਧਾਰ ਦੀ ਭੂਮਿਕਾ ਨਿਭਾਉਣ ਵਾਲੇ ਉੱਘੇ ਗਲਪ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ ਨੇ ਕਿਹਾ ਕਿ ਪੰਜਾਬੀ ਵਿੱਦਿਅਕ ਜਗਤ ’ਚ ਸੈਮੀਨਾਰ ਇਕ ਤਰਫਾ ਗਿਆਨ ਗੋਸ਼ਟੀ ਬਣ ਕੇ ਰਹਿ ਜਾਂਦਾ ਹੈ। ਪੇਪਰਾਂ ਦੇ ਬਾਅਦ ਅਕਸਰ ਬਹਿਸ ਲਈ ਸਮਾਂ ਨਹੀਂ ਬਚਦਾ ਇਸ ਲਈ ਵਿਚਾਰ ਚਰਚਾ ਨੂੰ ਕਿਸੇ ਨੁਕਤੇ ਤੱਕ ਲੈ ਜਾਣ ਲਈ ਅਜਿਹੀਆਂ ਗੋਸ਼ਟੀਆਂ ਦੀ ਵੱਡੀ ਲੋੜ ਹੈ।PPN3106201815
ਪ੍ਰੰਪਰਾਗਤ ਪੰਜਾਬੀ ਕਹਾਣੀ ਨਾਲੋਂ ਆਧੁਨਿਕ ਕਹਾਣੀ ’ਚ ਆਏ ਪਰਵਰਤਨਾਂ ਪਿੱਛੇ ਕੰਮ ਕਰਦੇ ਕਾਰਨਾਂ ਬਾਰੇ ਵਿਚਾਰ-ਚਰਚਾ ਕਰਦਿਆਂ ਬਲਬੀਰ ਪਰਵਾਨਾ ਨੇ ਕਿਹਾ ਕਿ ਇਹ ਵਿਅਕਤੀਗਤ ਨਾਲੋਂ ਸਮਾਜਿਕ ਵਧੇਰੇ ਹਨ। ਸਿਮਰਨ ਧਾਲੀਵਾਲ ਨੇ ਕਿਹਾ ਕਿ ਆਧੁਨਿਕ ਸੋਸ਼ਲ ਮੀਡੀਆ ਜਿੱਥੇ ਮਨੁੱਖ ਨੂੰ ਆਪਣੇ ਨੇੜੇ ਦੇ ਮਨੁੱਖਾਂ ਤੋਂ ਤੋੜਦਾ ਹੈ, ਉਥੇ ਦੂਰ ਬੈਠੇ ਮਨੁੱਖਾਂ ਨਾਲ ਜੋੜਦਾ ਵੀ ਹੈ ਜਿਸ ਦਾ ਭਾਵ ਮਨੁੱਖ ਇਕੱਲਤਾ ਵਿਚ ਨਹੀਂ ਰਹਿ ਸਕਦਾ, ਪਰ ਇਸ ਨਾਲ ਉਹ ਯਥਾਰਥਕ ਜੀਵਨ ਨਾਲੋਂ ਟੁੱਟ ਕੇ ਇਕ ਤਲਿਸਮੀ ਤੇ ਨਕਲੀ ਸੰਸਾਰ ਨਾਲ ਜੁੜਦਾ ਹੈ, ਜਿਸ ਸਦਕਾ ਉਸਦੀਆਂ ਸਮੱਸਿਆਵਾਂ ਹੱਲ ਹੋਣ ਦੀ ਥਾਂ ਹੋਰ ਵਧਦੀਆਂ ਹਨ।ਕਹਾਣੀਕਾਰ ਜਿੰਦਰ ਨੇ ਕਿਹਾ ਕਿ ਆਧੁਨਿਕ ਵਿਵਸਥਾ ’ਚ ਮਨੁੱਖ ਅੰਦਰਵਰਤੀ ਹੋਈ ਜਾ ਰਿਹਾ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਆਲੋਚਨਾ ਸਹਿਜ ਅਤੇ ਸਾਂਵੀ ਨਹੀਂ ਹੈ, ਇਸ ਨੇ ਪੰਜਾਬੀ ਕਹਾਣੀ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ। ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਬਿਨਾਸ਼ੱਕ ਆਧੁਨਿਕ ਸਾਹਿਤ ਅਨੁਭਵ ਅਧਾਰਿਤ ਹੈ, ਪਰ ਇਹ ਅਨੁਭਵ ਸੀਮਤ ਕਿਸਮ ਦਾ ਹੁੰਦਾ ਹੈ।
ਕਹਾਣੀ ਸੰਵਾਦ ਨੂੰ ਸਮੇਟਦਿਆਂ ਡਾ. ਰਜਨੀਸ਼ ਬਹਾਦਰ ਸਿੰਘ ਨੇ ਕਿਹਾ ਕਿ ਕੋਈ ਵੀ ਵਿਚਾਰ ਚਰਚਾ ਕਿਸੇ ਅੰਤਿਮ ਸਿੱਟਿਆਂ ’ਤੇ ਨਹੀਂ ਪਹੁੰਚਦੀ ਹੁੰਦੀ, ਪਰ ਇਸ ਸੰਵਾਦ ’ਚੋਂ ਪੰਜਾਬੀ ਕਹਾਣੀ ਬਾਰੇ ਬਹੁਤ ਸਾਰੇ ਨੁਕਤੇ ਨਿੱਤਰ ਨਿਖ਼ਰ ਕੇ ਸਾਹਮਣੇ ਆਏ ਹਨ। ਸਾਹਿਤ ਦੀ ਇਕ ਵਿਸ਼ੇਸ਼ ਵਿਧਾ ਤੇ ਸੰਜੀਦਾ ਸੰਵਾਦ ਰਚਾਉਣ ਲਈ ਉਨ੍ਹਾਂ ਨੇ ਪ੍ਰਿੰ: ਡਾ. ਮਹਿਲ ਸਿੰਘ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਦਵਿੰਦਰ ਕੌਰ, ਡਾ. ਦਵਿੰਦਰ ਸਿੰਘ, ਡਾ. ਆਤਮ ਰੰਧਾਵਾ, ਦਵਿੰਦਰਪਾਲ ਕੌਰ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ ਵੀ ਹਾਜ਼ਰ ਸਨ।

Check Also

350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ 8 ਜੁਲਾਈ ਨੂੰ

ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ …

Leave a Reply