ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਟੀ.ਐਸ ਬੇਨੀਪਾਲ ਨੇ ਕਿਹਾ ਕਿਹਾ ਹੈ, ਕਿ ਪੰਜਾਬੀ ਭਾਸ਼ਾ ਅਤੇ ਹੋਰ ਸਥਾਨਿਕ ਭਾਸ਼ਾਵਾਂ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਇਸ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਮਹੱਤਵ ਦਾ ਪ੍ਰਸਾਰ ਕਰਨ ਲਈ ਅਧਿਆਪਕਾਂ ਨੂੰ ਅੱਗੇ ਆਉਣ ਦੀ ਲੋੜ ਹੈ।ਉਹ ਯੂ.ਜੀ.ਸੀ ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਤਿੰਨ ਹਫਤਿਆਂ ਦੇ ਰਿਫਰੈਸਰ ਕੋਰਸ ਦੇ ਉਦਘਾਟਨੀ ਸੈਸਨ ਵਿਚ ਬੋਲ ਰਹੇ ਸਨ।ਇਸ ਵਿੱਚ ਪੰਜਾਬ ਭਰ ਤੋਂ ਉੱਚ ਸਿੱਖਿਆ ਦੀਆਂ ਸੰਸਥਾਵਾਂ ਤੋਂ ਪੰਜਾਬੀ ਦੇ 30 ਅਧਿਆਪਕ ਹਿੱਸਾ ਲੈ ਰਹੇ ਹਨ।
ਪ੍ਰੋ. ਬੇਨੀਪਾਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਪਛਮੀ ਸਭਿਅਤਾ ਦੀ ਚਕਾਚੌਂਦ ਵਿੱਚ ਖੇਤਰੀ ਭਾਸ਼ਾਵਾਂ ਆਪਣੀ ਹੋਂਦ ਗਵਾ ਰਹਿਆਂ ਹਨ ਅਤੇ ਉਹਨਾਂ ਦੀ ਹੋਂਦ ਉੱਤੇ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ।ੳਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਆਪਕਾਂ ਨੂੰ ਇਸ ਸਮੱਸਿਆ ਨਾਲ ਨਿਪਟਣ ਲਈ ਅਤੇ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਇਸ ਦੇ ਮਹੱਤਵ ਦਾ ਪ੍ਰਸਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਮਹੱਤਵ ਸਾਡੇ ਸਭਿਆਚਾਰ, ਰਵਾਇਤਾਂ, ਰੀਤੀ ਰਿਵਾਜਾਂ, ਮਾਨਸਿਕਤਾ, ਸਭਿਅਤਾ ਆਦਿ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਪੰਜਾਬੀ ਬੋਲਣ ਪ੍ਰਤੀ ਲੋਕਾਂ ਦੀ ਅੰਦਰਲੀ ਝਿਜਕ ਨੂੰ ਦੂਰ ਕਰਨ ਲਈ ਕਿਹਾ ਅਤੇ ਅਖਿਆ ਕਿ ਪੰਜਾਬੀ ਪ੍ਰਤੀ ਹੀਣ ਭਾਵਨਾ ਤੋਂ ਛੁਟਕਾਰਾ ਪਾਉਣ ਲਈ ਅਧਿਆਪਕਾਂ ਨੂੰ ਵੱਧ ਤੋਂ ਵੱਧ ਇਸ ਦਾ ਪ੍ਰਚਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਅਜਿਹੇ ਕੋਰਸਾਂ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਭਾਗ ਲੈਣ ਵਾਲਿਆ ਨੂੰ ਇਕ ਦੂਜੇ ਨਾਲ ਮਿਲਣ ਦੇ ਨਾਲ ਨਾਲ ਵਿਦਿਅਕ ਮਾਹਰਾਂ ਨਾਲ ਵੀ ਰੂ ਬ ਰੂ ਹੋਣ ਦਾ ਮੌਕਾ ਮਿਲ ਜਾਂਦਾ ਹੈ, ਜੋ ਕਿ ਉਹਨਾਂ ਦੀ ਮਹਾਰਤ, ਗਿਆਨ ਅਤੇ ਯੋਗਤਾ ਵਿਚ ਵਾਧਾ ਕਰਦਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਅਤੇ ਕੋਰਸ ਕੋਆਰਡੀਨੇਟਰ ਪ੍ਰੋ. ਰਮਿੰਦਰ ਕੌਰ ਨੇ ਇਸ ਕੋਰਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ।ਯੂ.ਜੀ.ਸੀ ਹਿਊਮਨ ਰਿਸੋਰਸ ਡਿਵਲਪਮੈਂਟ ਸੈਂਟਰ ਦੇ ਡਾਇਰੈਕਟਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਹਿੱਸਾ ਲੈਣ ਵਾਲਿਆਂ ਨੂੰ ਪਿਛਲੇ ਕੁੱਝ ਦਹਾਕਿਆਂ ਦੌਰਾਨ ਯੂਨੀਵਰਸਿਟੀ ਦੀ ਅਤੇ ਖਾਸ ਕਰਕੇ ਕੇਂਦਰ ਦੀ ਉਪਲਬਧੀਆਂ ਬਾਰੇ ਜਾਣੂ ਕਰਵਾਇਆ।ਉਨ੍ਹਾਂ ਨੇ ਭਾਗੀਦਾਰਾਂ ਨੂੰ ਇਸ ਕੋਰਸ ਤੋਂ ਵੱਧ ਤੋਂ ਵੱਧ ਫਾਇਦਾ ਲੈਣ ਲਈ ਪ੍ਰੇਰਿਆ।ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਪ੍ਰੋ. ਜਤਿੰਦਰ ਸਿੰਘ, ਪ੍ਰੋ. ਰਮਿੰਦਰ ਕੌਰ ਅਤੇ ਡਾ. ਮੋਹਨ ਕੁਮਾਰ ਵਲੋਂ ਇੱਕ ਪੌਦਾ ਦੇ ਕੇ ਸਵਾਗਤ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …